Rain Alert: ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ- ਅੱਜ 17 ਜ਼ਿਲ੍ਹਿਆਂ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਦਾ ‘ਅਲਰਟ’
ਚੰਡੀਗੜ੍ਹ, 16 ਜੂਨ 2026:
Rain Alert: ਪੰਜਾਬ ਵਿੱਚ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਜਾਗ ਗਈ ਹੈ ਕਿਉਂਕਿ ਮੌਸਮ ਵਿਭਾਗ ਨੇ ਅੱਜ (ਮੰਗਲਵਾਰ) ਸੂਬੇ ਵਿੱਚ ਤੇਜ਼ ਹਵਾਵਾਂ ਚੱਲਣ ਅਤੇ ਬਾਰਸ਼ ਹੋਣ ਦਾ ਅਲਰਟ ਜਾਰੀ ਕੀਤਾ ਹੈ। ਅੱਜ ਸਵੇਰੇ ਸੁਨਾਮ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਹੋਈ ਬਾਰਸ਼ ਤੋਂ ਬਾਅਦ ਮੌਸਮ ਬੇਹੱਦ ਸੁਹਾਵਣਾ ਹੋ ਗਿਆ ਹੈ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਸੂਬੇ ਵਿੱਚ ਮੌਸਮ ਮੁੱਖ ਤੌਰ ‘ਤੇ ਖ਼ੁਸ਼ਕ ਰਿਹਾ ਸੀ, ਹਾਲਾਂਕਿ ਕੁਝ ਥਾਵਾਂ ‘ਤੇ ਹਲਕਾ ਤੋਂ ਦਰਮਿਆਨਾ ਮੀਂਹ ਵੀ ਰਿਕਾਰਡ ਕੀਤਾ ਗਿਆ। ਬਾਰਸ਼ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ 0.4 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਪਾਰਾ ਹੁਣ ਆਮ ਦੇ ਨੇੜੇ ਪਹੁੰਚ ਗਿਆ ਹੈ। ਬੀਤੇ ਦਿਨ ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਵਿੱਚ 39.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ‘ਯੈਲੋ ਅਲਰਟ’ ਜਾਰੀ
ਮੌਸਮ ਵਿਭਾਗ ਨੇ ਮੰਗਲਵਾਰ ਲਈ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਾਲੰਧਰ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਲੁਧਿਆਣਾ, ਬਰਨਾਲਾ, ਸੰਗਰੂਰ, ਮਾਨਸਾ, ਐਸ.ਏ.ਐਸ. ਨਗਰ (ਮੋਹਾਲੀ), ਫ਼ਤਿਹਗੜ੍ਹ ਸਾਹਿਬ ਅਤੇ ਪਟਿਆਲਾ ਸ਼ਾਮਲ ਹਨ।
ਇਨ੍ਹਾਂ ਇਲਾਕਿਆਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਗਰਜ-ਚਮਕ ਦੇ ਨਾਲ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ।
18 ਜੂਨ ਤੋਂ ਹੋਰ ਵਧੇਗੀ ਮੌਸਮ ਦੀ ਸਰਗਰਮੀ
ਮੌਸਮ ਮਾਹਰਾਂ ਅਨੁਸਾਰ ਬੁੱਧਵਾਰ ਨੂੰ ਵੀ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਦੇਖਣ ਨੂੰ ਮਿਲ ਸਕਦੀ ਹੈ। ਇਸ ਦੇ ਨਾਲ ਹੀ 18 ਜੂਨ ਤੋਂ ਮੌਸਮ ਪ੍ਰਣਾਲੀ ਦੇ ਹੋਰ ਜ਼ਿਆਦਾ ਸਰਗਰਮ ਹੋਣ ਦੇ ਆਸਾਰ ਹਨ। ਵਿਭਾਗ ਵੱਲੋਂ 18 ਤੋਂ 20 ਜੂਨ ਤੱਕ ਤਿੰਨ ਦਿਨਾਂ ਲਈ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ।
ਇਸ ਦੌਰਾਨ ਚੱਲਣ ਵਾਲੀਆਂ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੇ ਸਬੱਬ ਵੱਧ ਤੋਂ ਵੱਧ ਤਾਪਮਾਨ ਵਿੱਚ 3 ਤੋਂ 4 ਡਿਗਰੀ ਸੈਲਸੀਅਸ ਤੱਕ ਦੀ ਵੱਡੀ ਗਿਰਾਵਟ ਆ ਸਕਦੀ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੇਗੀ।
ਵੱਖ-ਵੱਖ ਸ਼ਹਿਰਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਇਸ ਤਰ੍ਹਾਂ ਰਿਹਾ:
ਬੀਤੇ ਦਿਨੀਂ ਪੰਜਾਬ ਦੇ ਅੰਮ੍ਰਿਤਸਰ ਵਿੱਚ 36.0 ਡਿਗਰੀ ਸੈਲਸੀਅਸ, ਪਟਿਆਲਾ ਵਿੱਚ 37.8 ਡਿਗਰੀ ਸੈਲਸੀਅਸ , ਪਠਾਨਕੋਟ ਵਿੱਚ 37.6 ਡਿਗਰੀ ਸੈਲਸੀਅਸ, ਬਠਿੰਡਾ ਵਿੱਚ 37.5 ਡਿਗਰੀ ਸੈਲਸੀਅਸ, ਲੁਧਿਆਣਾ ਵਿੱਚ 35.6 ਡਿਗਰੀ ਸੈਲਸੀਅਸ ਤਾਪਮਾਨ ਰਿਹਾ ਹੈ। ਦੂਜੇ ਪਾਸੇ, ਸੂਬੇ ਦੇ ਘੱਟੋ-ਘੱਟ ਤਾਪਮਾਨ ਵਿੱਚ 2.8 ਡਿਗਰੀ ਦਾ ਵਾਧਾ ਦੇਖਿਆ ਗਿਆ ਹੈ। ਪੰਜਾਬ ਵਿੱਚ ਸਭ ਤੋਂ ਘੱਟ ਨਿਊਨਤਮ ਤਾਪਮਾਨ 22.5 ਡਿਗਰੀ ਸੈਲਸੀਅਸ ਐਸ.ਬੀ.ਐਸ. ਨਗਰ (ਨਵਾਂਸ਼ਹਿਰ) ਵਿਖੇ ਰਿਕਾਰਡ ਕੀਤਾ ਗਿਆ।

















