“ਮੂੰਹ ਮੇਂ ਰਾਮ, ਬਗਲ ਮੇਂ ਛੁਰੀ”! ਅਮਨ ਅਰੋੜਾ ਬੋਲੇ- ਕਾਂਗਰਸ ਪੰਜਾਬੀਆਂ ਨੂੰ ਮੁੜ ਲੁੱਟ-ਘਸੁੱਟ ਵਾਲੇ ਦੌਰ ‘ਚ ਧੱਕਣਾ ਚਾਹੁੰਦੀ
ਰਾਜਾ ਵੜਿੰਗ ਦੇ ਬਿਆਨ ‘ਤੇ ਅਮਨ ਅਰੋੜਾ ਦਾ ਵੱਡਾ ਹਮਲਾ: “ਕਾਂਗਰਸ ਦੀ ਨੀਅਤ ਖ਼ਰਾਬ, ਸਰਕਾਰ ਆਈ ਤਾਂ ਬੰਦ ਕਰਨਗੇ ਬਿਜਲੀ ਸਬਸਿਡੀ ਤੇ ਮੁਫ਼ਤ ਸਹੂਲਤਾਂ”- ਕੈਪਟਨ ਸਰਕਾਰ ਦੀ ਯਾਦ ਦਿਵਾਉਂਦਿਆਂ ਬੋਲੇ ਅਮਨ ਅਰੋੜਾ: ਕਾਂਗਰਸ ਨੇ ਪਹਿਲਾਂ ਵੀ ਵਾਅਦਾ ਖ਼ਿਲਾਫ਼ੀ ਕਰਕੇ ਬੰਦ ਕੀਤੀ ਸੀ ਕਿਸਾਨਾਂ ਦੀ ਮੁਫ਼ਤ ਬਿਜਲੀ
Punjab Network
ਚੰਡੀਗੜ੍ਹ, 22 ਅਕਤੂਬਰ 2026: ਆਮ ਆਦਮੀ ਪਾਰਟੀ (AAP) ਪੰਜਾਬ ਦੇ ਨਵੇਂ ਬਣੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਚੰਡੀਗੜ੍ਹ ਵਿਖੇ ਇੱਕ ਅਹਿਮ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸ ਪਾਰਟੀ ‘ਤੇ ਤਿੱਖੇ ਨਿਸ਼ਾਨੇ ਸਾਧੇ। ਰਾਜਾ ਵੜਿੰਗ ਦੇ ਇੱਕ ਨਿੱਜੀ ਪ੍ਰੋਗਰਾਮ ਦੌਰਾਨ ਦਿੱਤੇ ਗਏ ਬਿਆਨ ‘ਤੇ ਜਵਾਬੀ ਹਮਲਾ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਅਸਲ ਚਿਹਰਾ ਅਤੇ ਵਿਰੋਧੀ ਨੀਤੀਆਂ ਹੁਣ ਪੰਜਾਬ ਦੇ ਲੋਕਾਂ ਸਾਹਮਣੇ ਪੂਰੀ ਤਰ੍ਹਾਂ ਨੰਗੀਆਂ ਹੋ ਚੁੱਕੀਆਂ ਹਨ।
ਅਮਨ ਅਰੋੜਾ ਨੇ ਕਿਹਾ ਕਿ ਇੱਕ ਪਾਸੇ ਤਾਂ ਕਾਂਗਰਸ ਦੇ ਵੱਡੇ-ਵੱਡੇ ਧਨਾਢ ਲੀਡਰ, ਸਾਬਕਾ ਮੰਤਰੀ, ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਖ਼ੁਦ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਬਿਜਲੀ ਅਤੇ ਹੋਰ ਸਹੂਲਤਾਂ ਦਾ ਲਾਭ ਲੈ ਰਹੇ ਹਨ, ਜਦਕਿ ਦੂਜੇ ਪਾਸੇ ਆਮ ਲੋਕਾਂ ਨੂੰ ਮਿਲ ਰਹੀ ਰਾਹਤ ਇਹਨਾਂ ਨੂੰ ਰੜਕ ਰਹੀ ਹੈ। ਉਹਨਾਂ ਸਵਾਲ ਕੀਤਾ ਕਿ ਜੇਕਰ ਕਾਂਗਰਸ ਪਾਰਟੀ ਦੇ ਆਗੂ ਸਬਸਿਡੀਆਂ ਦੇ ਖ਼ਿਲਾਫ਼ ਹਨ, ਤਾਂ ਉਹਨਾਂ ਦੇ ਆਪਣੇ ਨੇਤਾਵਾਂ ਜਾਂ ਉਹਨਾਂ ਦੇ ਪਰਿਵਾਰਾਂ ਨੇ ਅੱਜ ਤੱਕ ਇਹ ਸਬਸਿਡੀਆਂ ਛੱਡਣ ਦਾ ਐਲਾਨ ਕਿਉਂ ਨਹੀਂ ਕੀਤਾ?
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬੀਆਂ ਨੂੰ ਮੁਫ਼ਤ ਬਿਜਲੀ ਦਿੰਦਿਆਂ ਪੌਣੇ ਚਾਰ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਔਰਤਾਂ ਨੂੰ ਵਿੱਤੀ ਸਹਾਇਤਾ ਦਿੰਦਿਆਂ ਵੀ ਛੇ ਮਹੀਨੇ ਦੇ ਕਰੀਬ ਹੋ ਚੁੱਕੇ ਹਨ। ਪ੍ਰੰਤੂ ਕਿਸੇ ਵੀ ਕਾਂਗਰਸੀ ਲੀਡਰ ਨੇ ਆਪਣੀ ਮਰਜ਼ੀ ਨਾਲ ਇਹ ਲਾਭ ਛੱਡਣ ਦੀ ਪਹਿਲ ਨਹੀਂ ਕੀਤੀ। ਆਮ ਜਨਤਾ ਨੂੰ ਮਿਲ ਰਹੀ ਸੁਵਿਧਾ ਤੋਂ ਕਾਂਗਰਸੀ ਲੀਡਰਾਂ ਨੂੰ ਤਕਲੀਫ਼ ਹੋ ਰਹੀ ਹੈ।
ਕਾਂਗਰਸ ਦੇ ਇਤਿਹਾਸ ‘ਤੇ ਚਰਚਾ ਕਰਦਿਆਂ ਅਮਨ ਅਰੋੜਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਸਨਕਾਲ ਦਾ ਜ਼ਿਕਰ ਕੀਤਾ। ਉਹਨਾਂ ਯਾਦ ਕਰਵਾਇਆ ਕਿ 2002 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਕਾਂਗਰਸ ਨੇ ਬਿਜਲੀ ਮੁਫ਼ਤ ਜਾਰੀ ਰੱਖਣ ਦਾ ਵਾਅਦਾ ਕੀਤਾ ਸੀ, ਪਰ ਸਰਕਾਰ ਬਣਦਿਆਂ ਹੀ ਖੇਤੀਬਾੜੀ ਸੈਕਟਰ ਨੂੰ ਮਿਲਣ ਵਾਲੀ ਮੁਫ਼ਤ ਬਿਜਲੀ ਤੁਰੰਤ ਬੰਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਜਦੋਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਤਾਂ ਚੋਣਾਂ ਤੋਂ ਠੀਕ ਪਹਿਲਾਂ ਜਾ ਕੇ ਉਹਨਾਂ ਨੇ ਮੁੜ ਬਿਜਲੀ ਚਾਲੂ ਕੀਤੀ ਸੀ।
ਅਮਨ ਅਰੋੜਾ ਨੇ ਕਿਹਾ, “ਕਾਂਗਰਸ ਦਾ ਹਾਲ ਜੋ 20 ਸਾਲ ਪਹਿਲਾਂ ਸੀ, ਅੱਜ ਉਸ ਤੋਂ ਵੀ ਜ਼ਿਆਦਾ ਬਦਤਰ ਹੋ ਚੁੱਕਾ ਹੈ। ਇਹਨਾਂ ਦੀ ਨੀਤੀ ‘ਮੂੰਹ ਮੇਂ ਰਾਮ ਰਾਮ, ਬਗਲ ਮੇਂ ਛੁਰੀ’ ਵਾਲੀ ਹੈ। ਚੋਣਾਂ ਦੌਰਾਨ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵਾਅਦੇ ਕਰਨ ਵਾਲੇ ਲੀਡਰਾਂ ਦੀ ਅਸਲੀਅਤ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ।”
“ਜੇਕਰ ਕਾਂਗਰਸ ਆਈ ਤਾਂ ਬੰਦ ਹੋ ਜਾਣਗੀਆਂ ਸਾਰੀਆਂ ਜਨਤਕ ਯੋਜਨਾਵਾਂ”
ਆਪ ਆਗੂ ਨੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇਕਰ ਗਲਤੀ ਨਾਲ ਵੀ ਕਾਂਗਰਸ ਪਾਰਟੀ ਦੀ ਸਰਕਾਰ ਬਣਦੀ ਹੈ, ਤਾਂ ਸਿਰਫ਼ ਬਿਜਲੀ ਸਬਸਿਡੀ ਜਾਂ ਔਰਤਾਂ ਦੀ ਵਿੱਤੀ ਸਹਾਇਤਾ ਹੀ ਬੰਦ ਨਹੀਂ ਹੋਵੇਗੀ, ਬਲਕਿ ਹਸਪਤਾਲਾਂ ਵਿੱਚ ਮਿਲਣ ਵਾਲਾ 10 ਲੱਖ ਰੁਪਏ ਦਾ ਮੁਫ਼ਤ ਇਲਾਜ ਕਾਰਡ ਵੀ ਰੱਦ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਟੋਲ ਪਲਾਜ਼ੇ ਮੁੜ ਸ਼ੁਰੂ ਹੋ ਜਾਣਗੇ, ਖੇਤਾਂ ਲਈ ਨਹਿਰੀ ਪਾਣੀ ‘ਤੇ ਖ਼ਰਚੇ ਲਗਾਏ ਜਾਣਗੇ ਅਤੇ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਕਰਕੇ ਆਮ ਲੋਕਾਂ ਦੀ ਮੁੜ ਲੁੱਟ-ਘਸੁੱਟ ਸ਼ੁਰੂ ਕਰ ਦਿੱਤੀ ਜਾਵੇਗੀ।
ਮੀਡੀਆ ਵੱਲੋਂ ਪੁਲਿਸ ਅਫ਼ਸਰਾਂ ਅਤੇ ਵਿਧਾਇਕਾਂ ਨਾਲ ਜੁੜੇ ਨਸ਼ੇ ਦੇ ਮੁੱਦੇ ‘ਤੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਨੀਅਤ ਬਿਲਕੁਲ ਸਾਫ਼ ਹੈ। ਪੰਜਾਬ ਦੀ ਧਰਤੀ ‘ਤੇ ਕਿਸੇ ਵੀ ਨਸ਼ਾ ਤਸਕਰ, ਭ੍ਰਿਸ਼ਟ ਪੁਲਿਸ ਅਫ਼ਸਰ ਜਾਂ ਰਾਜਨੀਤਿਕ ਸਰਪ੍ਰਸਤੀ ਵਾਲੇ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਹਨਾਂ ਮੰਨਿਆ ਕਿ ਹਰ ਸਿਸਟਮ ਵਿੱਚ ਕੁਝ ‘ਕਾਲੀਆਂ ਭੇਡਾਂ’ ਹੁੰਦੀਆਂ ਹਨ, ਪਰ ਮੌਜੂਦਾ ਸਰਕਾਰ ਕਿਸੇ ਵੀ ਦੋਸ਼ੀ ਦੀ ਪੁਸ਼ਤਪਨਾਹੀ ਨਹੀਂ ਕਰਦੀ ਅਤੇ ਨਾ ਹੀ ਕਿਸੇ ਨੂੰ ਬਚਾਉਣ ਲਈ ਫ਼ੋਨ ਕਰਦੀ ਹੈ। ਗਲਤ ਕੰਮ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸਿਸਟਮ ਨੂੰ ਸੁਧਾਰਨ ਦਾ ਕੰਮ ਲਗਾਤਾਰ ਜਾਰੀ ਹੈ।
ਵਿਰੋਧੀ ਧਿਰਾਂ ‘ਤੇ ਵਰ੍ਹਦਿਆਂ ਅਮਨ ਅਰੋੜਾ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਇਕੱਲੇ ਚੋਣਾਂ ਲੜਨ ਦਾ ਦਾਅਵਾ ਕਰਦੇ ਸਨ, ਪਰ ਪੰਜਾਬ ਦੇ ਪਿੰਡਾਂ ਵਿੱਚੋਂ ਮਿਲੇ ਹੁੰਗਾਰੇ ਤੋਂ ਉਹਨਾਂ ਨੂੰ ਸਮਝ ਆ ਗਈ ਹੈ ਕਿ ਲੋਕ ਇਹਨਾਂ ਨੂੰ ਮੂੰਹ ਨਹੀਂ ਲਗਾਉਣਗੇ। ਉਹਨਾਂ ਯਾਦ ਦਿਵਾਇਆ ਕਿ ਅਕਾਲੀ-ਭਾਜਪਾ ਦੇ ਪਿਛਲੇ 10 ਸਾਲਾਂ ਦੇ ਸ਼ਾਸਨਕਾਲ ਦੌਰਾਨ ਹੀ ਪੰਜਾਬ ਵਿੱਚ ਚਿੱਟਾ ਨਸ਼ਾ ਅਤੇ ਗੈਂਗਸਟਰ ਕਲਚਰ ਹੋਂਦ ਵਿੱਚ ਆਇਆ ਸੀ। ਉਹਨਾਂ ਦਾਅਵਾ ਕੀਤਾ ਕਿ ਇਹ ਪਾਰਟੀਆਂ ਚਾਹੇ ਇਕੱਠੀਆਂ ਲੜਨ ਜਾਂ ਅੱਡ-ਅੱਡ, ਪੰਜਾਬ ਦੇ ਸਮਝਦਾਰ ਲੋਕ ਹੁਣ ਇਹਨਾਂ ਦੇ ਝਾਂਸੇ ਵਿੱਚ ਨਹੀਂ ਆਉਣਗੇ।
















