ਭਰਤੀ ਪ੍ਰੀਖਿਆ ਦੇ ਪਹਿਲੇ ਦਿਨ ਵਾਪਰੀ ਘਟਨਾ! Bihar ‘ਚ ਟ੍ਰੇਨ ਲੇਟ ਹੋਣ ‘ਤੇ ਭੜਕੇ ਵਿਦਿਆਰਥੀ ਨੇ ਰੇਲਵੇ ਸਟੇਸ਼ਨ ‘ਤੇ ਕੀਤਾ ਪਥਰਾਅ; IG ਸਣੇ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ
ਰੇਲਵੇ ਸਟੇਸ਼ਨਾਂ ‘ਤੇ ਹਜ਼ਾਰਾਂ ਵਿਦਿਆਰਥੀਆਂ ਦਾ ਜ਼ਬਰਦਸਤ ਹੰਗਾਮਾ, ਟ੍ਰੇਨ ਦੇ ਇੰਜਣ ‘ਤੇ ਚੜ੍ਹੇ ਨੌਜਵਾਨ – ਸਿਪਾਹੀ ਭਰਤੀ ਪ੍ਰੀਖਿਆ ਦੇ ਪਹਿਲੇ ਦਿਨ ਵਾਪਰੀ ਘਟਨਾ; ਕਈ ਘੰਟੇ ਰੇਲਵੇ ਟਰੈਕ ਕੀਤੇ ਜਾਮ
ਪਟਨਾ/ਦਾਨਾਪੁਰ, 14 ਜੂਨ 2026:
ਬਿਹਾਰ ਦੇ ਦਾਨਾਪੁਰ ਅਤੇ ਪਾਟਲੀਪੁੱਤਰ ਰੇਲਵੇ ਸਟੇਸ਼ਨਾਂ ‘ਤੇ ਐਤਵਾਰ ਸਵੇਰੇ ਪ੍ਰੀਖਿਆ ਦੇਣ ਜਾ ਰਹੇ ਵਿਦਿਆਰਥੀਆਂ ਵੱਲੋਂ ਜ਼ਬਰਦਸਤ ਹੰਗਾਮਾ ਅਤੇ ਤੋੜਫੋੜ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਟ੍ਰੇਨ ਲੇਟ ਹੋਣ ਕਾਰਨ ਗੁੱਸੇ ਵਿੱਚ ਆਏ ਹਜ਼ਾਰਾਂ ਵਿਦਿਆਰਥੀਆਂ ਨੇ ਰੇਲਵੇ ਸਟੇਸ਼ਨ ‘ਤੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਹਿੰਸਕ ਹੰਗਾਮੇ ਦੌਰਾਨ ਪਥਰਾਅ ਦੀ ਚਪੇਟ ਵਿੱਚ ਆਉਣ ਕਾਰਨ ਆਈਜੀ (IG) ਜਿਤੇਂਦਰ ਰਾਣਾ ਸਮੇਤ ਕਈ ਥਾਣਿਆਂ ਦੇ ਇੰਚਾਰਜ ਅਤੇ ਪੁਲਿਸ ਮੁਲਾਜ਼ਮ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ ਬਿਹਾਰ ਵਿੱਚ ‘ਪੁਲਿਸ ਮੱਧ ਨਿਸ਼ੇਧ’ (ਆਬਕਾਰੀ ਸਿਪਾਹੀ) ਦੀ ਲਿਖਤੀ ਪ੍ਰੀਖਿਆ ਹੈ। ਇਸ ਪ੍ਰੀਖਿਆ ਵਿੱਚ ਭਾਗ ਲੈਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰੀਖਿਆਰਥੀ ਪਾਟਲੀਪੁੱਤਰ ਰੇਲਵੇ ਸਟੇਸ਼ਨ ਪਹੁੰਚੇ ਹੋਏ ਸਨ। ਟ੍ਰੇਨ ਲੇਟ ਹੋਣ ਕਾਰਨ ਪਹਿਲੀ ਸ਼ਿਫਟ (ਸਵੇਰੇ 10 ਤੋਂ 12 ਵਜੇ) ਦੇ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ ‘ਤੇ ਸਮੇਂ ਸਿਰ ਨਾ ਪਹੁੰਚਣ ਦਾ ਡਰ ਸਤਾਉਣ ਲੱਗਾ।
ਇਸ ਤੋਂ ਨਾਰਾਜ਼ ਹੋ ਕੇ ਵਿਦਿਆਰਥੀ ਰੇਲਵੇ ਟਰੈਕ ‘ਤੇ ਬੈਠ ਗਏ ਅਤੇ ਨਾਅਰੇਬਾਜ਼ੀ ਕਰਨ ਲੱਗੇ। ਦੇਖਦੇ ਹੀ ਦੇਖਦੇ ਹਾਲਾਤ ਇੰਨੇ ਵਿਗੜ ਗਏ ਕਿ ਨੌਜਵਾਨਾਂ ਨੇ ਪਲੇਟਫਾਰਮ ‘ਤੇ ਤੋੜਫੋੜ ਸ਼ੁਰੂ ਕਰ ਦਿੱਤੀ ਅਤੇ ਟ੍ਰੇਨਾਂ ‘ਤੇ ਪਥਰਾਅ ਕੀਤਾ। ਪ੍ਰਦਰਸ਼ਨਕਾਰੀਆਂ ਨੇ ਇੱਕ ਇਲੈਕਟ੍ਰਿਕ ਇੰਜਣ ਦੇ ਸ਼ੀਸ਼ੇ ਵੀ ਤੋੜ ਦਿੱਤੇ ਅਤੇ ਉਸ ਦੇ ਉੱਪਰ ਚੜ੍ਹ ਗਏ।
ਪ੍ਰੀਖਿਆ ਰੱਦ ਕਰਵਾਉਣ ਦੀ ਸਾਜ਼ਿਸ਼?
ਰੇਲਵੇ ਆਈਜੀ ਨੇ ਦੱਸਿਆ ਕਿ ਰਾਤ ਦੇ ਸਮੇਂ ਸੀਮਾਂਚਲ ਅਤੇ ਮਧੂਬਨੀ ਸਪੈਸ਼ਲ ਟ੍ਰੇਨਾਂ ਆ ਕੇ ਲੱਗੀਆਂ ਸਨ। ਪਰ ਰਾਤ ਕਰੀਬ ਪੌਣੇ ਬਾਰਾਂ ਵਜੇ 300 ਤੋਂ 400 ਦੀ ਗਿਣਤੀ ਵਿੱਚ ਕੁਝ ਨੌਜਵਾਨ ਆਏ, ਜਿਨ੍ਹਾਂ ਦਾ ਮਕਸਦ ਬਾਕੀ ਯਾਤਰੀਆਂ ਨੂੰ ਪਰੇਸ਼ਾਨ ਕਰਨਾ ਲੱਗ ਰਿਹਾ ਸੀ। ਉਨ੍ਹਾਂ ਨੇ ਗੁੱਡਸ (ਮਾਲਗੱਡੀ) ਟ੍ਰੇਨ ਨੂੰ ਰੋਕ ਦਿੱਤਾ, ਜਿਸ ਕਾਰਨ ਸਪੈਸ਼ਲ ਟ੍ਰੇਨਾਂ ਦੇ ਆਉਣ ਵਿੱਚ ਵਿਘਨ ਪਿਆ।
ਪੁਲਿਸ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਸੀ ਕਿ ਜੇਕਰ ਪ੍ਰੀਖਿਆ ਛੁੱਟਦੀ ਹੈ ਤਾਂ ਦੁਬਾਰਾ ਮੌਕਾ ਦਿੱਤਾ ਜਾਵੇਗਾ, ਪਰ ਉਹ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਸਨ। ਅਧਿਕਾਰੀਆਂ ਮੁਤਾਬਕ ਜਿਸ ਤਰ੍ਹਾਂ ਬਾਰ-ਬਾਰ ਪ੍ਰੀਖਿਆ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਸੀ, ਉਸ ਤੋਂ ਲੱਗਦਾ ਹੈ ਕਿ ਇਹ ਲੋਕ ਜਾਣਬੁੱਝ ਕੇ ਪ੍ਰੀਖਿਆ ਨੂੰ ਭੰਗ (ਕੈਂਸਲ) ਕਰਵਾਉਣਾ ਚਾਹੁੰਦੇ ਸਨ।
ਪਟਨਾ ਦੇ ਡੀਐਮ ਡਾ. ਤਿਆਗਰਾਜਨ ਨੇ ਦੱਸਿਆ, “ਸਾਨੂੰ ਅੱਧੀ ਰਾਤ ਦੇ ਆਸ-ਪਾਸ ਹੰਗਾਮੇ ਦੀ ਖ਼ਬਰ ਮਿਲੀ ਸੀ। ਪ੍ਰਸ਼ਾਸਨ ਵੱਲੋਂ ਵਾਰ-ਵਾਰ ਵਿਦਿਆਰਥੀਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਗਈ। ਪ੍ਰੀਖਿਆਰਥੀਆਂ ਲਈ ਦੋ ਸਪੈਸ਼ਲ ਟ੍ਰੇਨਾਂ ਪਹਿਲਾਂ ਹੀ ਉਪਲਬਧ ਸਨ, ਪਰ ਕੁਝ ਸ਼ਰਾਰਤੀ ਅਨਸਰਾਂ ਨੇ ਵਾਰ-ਵਾਰ ਐਮਰਜੈਂਸੀ ਚੇਨ ਖਿੱਚ ਕੇ ਟ੍ਰੇਨਾਂ ਨੂੰ ਰੋਕਿਆ ਅਤੇ ਦੂਜੇ ਵਿਦਿਆਰਥੀਆਂ ਨੂੰ ਵੀ ਜਾਣ ਤੋਂ ਰੋਕਿਆ। ਸਥਿਤੀ ਨੂੰ ਕਾਬੂ ਹੇਠ ਕਰਨ ਲਈ ਪੁਲਿਸ ਨੂੰ ਹਲਕਾ ਬਲ ਵਰਤਣਾ ਪਿਆ। ਹੁਣ ਸਥਿਤੀ ਪੂਰੀ ਤਰ੍ਹਾਂ ਆਮ ਹੈ ਅਤੇ ਟ੍ਰੇਨਾਂ ਦਾ ਸੰਚਾਲਨ ਸ਼ੁਰੂ ਹੋ ਚੁੱਕਾ ਹੈ।”
4 ਹਜ਼ਾਰ ਤੋਂ ਵੱਧ ਅਹੁਦਿਆਂ ਲਈ ਹੋ ਰਹੀ ਹੈ ਪ੍ਰੀਖਿਆ

ਕੇਂਦਰੀ ਚੋਣ ਪਰਸ਼ਦ (ਸਿਪਾਹੀ ਭਰਤੀ) ਵੱਲੋਂ ਮੱਧ ਨਿਸ਼ੇਧ ਸਿਪਾਹੀ, ਜੇਲ੍ਹ ਵਾਰਡਨ (कक्षपाल) ਅਤੇ ਮੋਬਾਈਲ ਸਕੁਐਡ ਸਿਪਾਹੀ ਦੇ ਕੁੱਲ 4128 ਅਹੁਦਿਆਂ ਲਈ ਇਹ ਲਿਖਤੀ ਪ੍ਰੀਖਿਆ 14 ਜੂਨ ਤੋਂ 17 ਜੂਨ ਤੱਕ ਦੋ ਸ਼ਿਫਟਾਂ ਵਿੱਚ ਕਰਵਾਈ ਜਾ ਰਹੀ ਹੈ। ਐਤਵਾਰ ਸਵੇਰੇ ਸਟੇਸ਼ਨ ਦੀ ਹਾਲਤ ਦੇਖ ਕੇ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਰਾਤ ਨੂੰ ਉੱਥੇ ਕਿਸ ਕਦਰ ਭਿਆਨਕ ਹੰਗਾਮਾ ਹੋਇਆ ਸੀ, ਕਿਉਂਕਿ ਹਰ ਪਾਸੇ ਪੱਥਰ ਅਤੇ ਟੁੱਟੇ ਹੋਏ ਸ਼ੀਸ਼ੇ ਖਿੱਲਰੇ ਪਏ ਸਨ।














