Prostate Cancer Awareness Month: ਪੁਰਸ਼ਾਂ ‘ਚ ਵਧ ਰਿਹੈ ਪ੍ਰੋਸਟੇਟ ਕੈਂਸਰ ਦਾ ਖ਼ਤਰਾ
ਗੁਰਪ੍ਰੀਤ ਸਿੰਘ
Prostate Cancer Awareness Month: ਬਦਲਦੀ ਜੀਵਨਸ਼ੈਲੀ, ਗ਼ਲਤ ਖਾਣ-ਪੀਣ ਅਤੇ ਜਾਗਰੂਕਤਾ ਦੀ ਘਾਟ ਕਾਰਨ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ। ਪੁਰਸ਼ਾਂ ਵਿੱਚ ਪਾਏ ਜਾਣ ਵਾਲੇ ਕੈਂਸਰਾਂ ਵਿੱਚੋਂ ਪ੍ਰੋਸਟੇਟ ਕੈਂਸਰ ਇੱਕ ਬੇਹੱਦ ਗੰਭੀਰ ਅਤੇ ਆਮ ਬਿਮਾਰੀ ਬਣਦਾ ਜਾ ਰਿਹਾ ਹੈ। ਪ੍ਰੋਸਟੇਟ ਇੱਕ ਛੋਟੀ ਜਿਹੀ ਗ੍ਰੰਥੀ ਹੁੰਦੀ ਹੈ, ਜੋ ਪੁਰਸ਼ਾਂ ਦੇ ਪੇਲਵਿਕ (ਧੁਨੀ ਦੇ ਹੇਠਲੇ) ਹਿੱਸੇ ਵਿੱਚ ਬਲੈਡਰ ਦੇ ਨੇੜੇ ਹੁੰਦੀ ਹੈ। ਆਮ ਤੌਰ ‘ਤੇ ਉਮਰ ਵਧਣ ਦੇ ਨਾਲ ਇਸ ਗ੍ਰੰਥੀ ਦਾ ਆਕਾਰ ਵਧਣਾ ਸੁਭਾਵਿਕ ਹੈ, ਪਰ ਕਈ ਵਾਰ ਇਹ ਵਾਧਾ ਕੈਂਸਰ ਦਾ ਰੂਪ ਧਾਰਨ ਕਰ ਲੈਂਦਾ ਹੈ।
ਸਿਹਤ ਮਾਹਰਾਂ ਅਨੁਸਾਰ, ਜੇਕਰ ਪ੍ਰੋਸਟੇਟ ਕੈਂਸਰ ਦੀ ਪਛਾਣ ਸ਼ੁਰੂਆਤੀ ਅਵਸਥਾ ਵਿੱਚ ਹੋ ਜਾਵੇ, ਤਾਂ ਮਰੀਜ਼ਾਂ ਦੀ ਜਾਨ ਬਚਣ ਦੀ ਸੰਭਾਵਨਾ 90 ਫ਼ੀਸਦੀ ਤੋਂ ਵੀ ਵੱਧ ਜਾਂਦੀ ਹੈ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਅਤੇ ਮੈਡੀਕਲ ਕਾਲਜਾਂ ਦੇ ਮਾਹਰਾਂ ਵੱਲੋਂ ਇਸ ਬਿਮਾਰੀ ਦੇ ਲੱਛਣਾਂ, ਜਾਂਚ ਅਤੇ ਸਰਕਾਰ ਵੱਲੋਂ ਮਿਲਣ ਵਾਲੀ ਵਿੱਤੀ ਸਹਾਇਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ ਹੈ, ਤਾਂ ਜੋ ਲੋਕ ਸਮੇਂ ਸਿਰ ਸਾਵਧਾਨ ਹੋ ਸਕਣ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪ੍ਰੋਸਟੇਟ ਕੈਂਸਰ ਦੇ ਆਧੁਨਿਕ ਇਲਾਜ ਪ੍ਰਣਾਲੀ ਬਾਰੇ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ, “ਜਦੋਂ ਕੈਂਸਰ ਪ੍ਰੋਸਟੇਟ ਗ੍ਰੰਥੀ ਤੱਕ ਸੀਮਿਤ ਨਹੀਂ ਰਹਿੰਦਾ ਅਤੇ ਸਰੀਰ ਦੇ ਦੂਜੇ ਹਿੱਸਿਆਂ ਵਿੱਚ ਫੈਲਣ ਲੱਗਦਾ ਹੈ, ਤਾਂ ਇਸ ਨੂੰ ਐਡਵਾਂਸਡ ਪ੍ਰੋਸਟੇਟ ਕੈਂਸਰ ਕਿਹਾ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ‘ਹਾਰਮੋਨ ਥੈਰੇਪੀ’ (Hormone Therapy) ਅਜੇ ਵੀ ਸਭ ਤੋਂ ਮਹੱਤਵਪੂਰਨ ਅਤੇ ਉੱਤਮ ਵਿਕਲਪ ਹੈ।”
ਉਨ੍ਹਾਂ ਅੱਗੇ ਸਮਝਾਉਂਦਿਆਂ ਕਿਹਾ ਕਿ ਟੈਸਟੋਸਟੇਰੋਨ (Testosterone) ਹਾਰਮੋਨ, ਜੋ ਪੁਰਸ਼ਾਂ ਵਿੱਚ ਮੁੱਖ ਤੌਰ ‘ਤੇ ਪਾਇਆ ਜਾਂਦਾ ਹੈ, ਪ੍ਰੋਸਟੇਟ ਕੈਂਸਰ ਦੇ ਟਿਊਮਰ ਦੇ ਵਾਧੇ ਦਾ ਮੁੱਖ ਕਾਰਨ ਹੁੰਦਾ ਹੈ। ਹਾਰਮੋਨ ਥੈਰੇਪੀ ਸਰੀਰ ਵਿੱਚ ਇਸ ਹਾਰਮੋਨ ਦੇ ਪੱਧਰ ਨੂੰ ਘਟਾਉਂਦੀ ਹੈ, ਜਿਸ ਨਾਲ ਕੈਂਸਰ ਦੇ ਸੈੱਲਾਂ ਦਾ ਵਧਣਾ ਰੁਕ ਜਾਂਦਾ ਹੈ ਜਾਂ ਧੀਮਾ ਪੈ ਜਾਂਦਾ ਹੈ। ਜਦੋਂ ਕੈਂਸਰ ਸ਼ੁਰੂਆਤੀ ਸਟੇਜ ਤੋਂ ਅੱਗੇ ਲੰਘ ਜਾਂਦਾ ਹੈ, ਤਾਂ ਡਾਕਟਰਾਂ ਵੱਲੋਂ ਇਸ ਨੂੰ ਇਲਾਜ ਦੇ ਪਹਿਲੇ ਅਤੇ ਮੁੱਖ ਵਿਕਲਪ ਵਜੋਂ ਵਰਤਿਆ ਜਾਂਦਾ ਹੈ।
ਸਟੇਟ ਹੈਲਥ ਏਜੰਸੀ ਦੇ ਅੰਕੜੇ; ‘ਲਿਉਪ੍ਰੋਲਾਈਡ’ ਦਵਾਈ ਦੀ ਵਰਤੋਂ ਸਭ ਤੋਂ ਵੱਧ
ਪੰਜਾਬ ਸਟੇਟ ਹੈਲਥ ਏਜੰਸੀ (State Health Agency) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਸੂਬੇ ਦੇ ਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿੱਚ ਪ੍ਰੋਸਟੇਟ ਕੈਂਸਰ ਦੇ ਹਾਰਮੋਨ ਆਧਾਰਿਤ ਇਲਾਜਾਂ ਵਿੱਚ ‘ਲਿਉਪ੍ਰੋਲਾਈਡ’ (Leuprolide) ਨਾਮਕ ਦਵਾਈ ਸਭ ਤੋਂ ਵੱਧ ਵਰਤੀ ਜਾਣ ਵਾਲੀ ਦਵਾਈ ਰਹੀ ਹੈ। ਇਹ ਦਵਾਈ ਮਰੀਜ਼ਾਂ ਦੇ ਇਲਾਜ ਵਿੱਚ ਬੇਹੱਦ ਪ੍ਰਭਾਵਸ਼ਾਲੀ ਸਿੱਧ ਹੋ ਰਹੀ ਹੈ ਅਤੇ ਸੂਬਾ ਸਰਕਾਰ ਵੱਲੋਂ ਕੈਂਸਰ ਪੀੜਤਾਂ ਨੂੰ ਬਿਹਤਰ ਸਿਹਤ ਸਹੂਲਤਾਂ ਅਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਪ੍ਰੋਸਟੇਟ ਕੈਂਸਰ ਦੇ ਮੁੱਖ ਲੱਛਣ; ਇਨ੍ਹਾਂ ਸੰਕੇਤਾਂ ਨੂੰ ਨਾ ਕਰੋ ਨਜ਼ਰਅੰਦਾਜ਼
ਸਿਹਤ ਮਾਹਰਾਂ ਨੇ ਪ੍ਰੋਸਟੇਟ ਕੈਂਸਰ ਦੀ ਸਮੇਂ ਸਿਰ ਪਛਾਣ ਕਰਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ 50 ਸਾਲ ਤੋਂ ਵੱਧ ਉਮਰ ਦੇ ਪੁਰਸ਼ਾਂ ਨੂੰ ਆਪਣੇ ਸਰੀਰ ਵਿੱਚ ਹੋਣ ਵਾਲੇ ਬਦਲਾਵਾਂ ਪ੍ਰਤੀ ਬਹੁਤ ਸੁਚੇਤ ਰਹਿਣਾ ਚਾਹੀਦਾ ਹੈ। ਸਿਹਤ ਮਾਹਰਾਂ ਅਨੁਸਾਰ, ਪੇਸ਼ਾਬ ਕਰਦੇ ਸਮੇਂ ਖੂਨ ਦੀਆਂ ਬੂੰਦਾਂ ਦਿਖਾਈ ਦੇਣਾ ਜਾਂ ਪੇਸ਼ਾਬ ਦਾ ਰੰਗ ਗੁਲਾਬੀ/ਲਾਲ ਹੋਣਾ ਪ੍ਰੋਸਟੇਟ ਕੈਂਸਰ ਦਾ ਇੱਕ ਵੱਡਾ ਸੰਕੇਤ ਹੋ ਸਕਦਾ ਹੈ। ਧੁਨੀ ਦੇ ਹੇਠਲੇ ਹਿੱਸੇ, ਕੁੱਲ੍ਹੇ, ਪਿੱਠ ਦੇ ਹੇਠਲੇ ਹਿੱਸੇ ਜਾਂ ਪੱਟਾਂ ਦੇ ਉੱਪਰਲੇ ਹਿੱਸੇ ਵਿੱਚ ਲਗਾਤਾਰ ਦਰਦ ਜਾਂ ਜਕੜਨ ਰਹਿਣਾ। ਦਿਨ ਜਾਂ ਰਾਤ ਦੇ ਸਮੇਂ ਵਾਰ-ਵਾਰ ਪੇਸ਼ਾਬ ਆਉਣਾ, ਪੇਸ਼ਾਬ ਦੀ ਧਾਰ ਦਾ ਕਮਜ਼ੋਰ ਹੋਣਾ, ਪੇਸ਼ਾਬ ਸ਼ੁਰੂ ਕਰਨ ਵਿੱਚ ਮੁਸ਼ਕਲ ਹੋਣਾ ਜਾਂ ਪੇਸ਼ਾਬ ਕਰਦੇ ਸਮੇਂ ਜਲਨ ਹੋਣਾ। ਜੇਕਰ ਬਿਨਾਂ ਕਿਸੇ ਡਾਈਟਿੰਗ ਜਾਂ ਕਸਰਤ ਦੇ ਸਰੀਰ ਦਾ ਭਾਰ ਤੇਜ਼ੀ ਨਾਲ ਘਟ ਰਿਹਾ ਹੈ ਅਤੇ ਲਗਾਤਾਰ ਕਮਜ਼ੋਰੀ ਮਹਿਸੂਸ ਹੋ ਰਹੀ ਹੈ, ਤਾਂ ਇਹ ਕੈਂਸਰ ਦਾ ਲੱਛਣ ਹੋ ਸਕਦਾ ਹੈ।
ਪੀਐਸਏ (PSA) ਟੈਸਟ ਕਿਉਂ ਹੈ ਜ਼ਰੂਰੀ?
ਮਾਹਰਾਂ ਮੁਤਾਬਕ, 50 ਸਾਲ ਦੀ ਉਮਰ ਪਾਰ ਕਰਨ ਤੋਂ ਬਾਅਦ ਹਰ ਪੁਰਸ਼ ਨੂੰ ਸਾਲ ਵਿੱਚ ਇੱਕ ਵਾਰ ਪ੍ਰੋਸਟੇਟ ਸਪੈਸਿਫਿਕ ਐਂਟੀਜਨ ਜਾਂਚ (PSA Test) ਜ਼ਰੂਰ ਕਰਵਾਉਣੀ ਚਾਹੀਦੀ ਹੈ। ਪੀਐਸਏ ਇੱਕ ਸਧਾਰਨ ਬਲੱਡ ਟੈਸਟ ਹੁੰਦਾ ਹੈ, ਜੋ ਖ਼ੂਨ ਵਿੱਚ ਪ੍ਰੋਸਟੇਟ ਗ੍ਰੰਥੀ ਦੁਆਰਾ ਬਣਾਏ ਗਏ ਪ੍ਰੋਟੀਨ ਦੇ ਪੱਧਰ ਨੂੰ ਮਾਪਦਾ ਹੈ। ਜੇਕਰ ਖ਼ੂਨ ਵਿੱਚ ਪੀਐਸਏ ਦਾ ਪੱਧਰ ਜ਼ਿਆਦਾ ਆਉਂਦਾ ਹੈ, ਤਾਂ ਇਹ ਪ੍ਰੋਸਟੇਟ ਵਿੱਚ ਇਨਫੈਕਸ਼ਨ, ਸੋਜ ਜਾਂ ਕੈਂਸਰ ਦਾ ਸੰਕੇਤ ਹੋ ਸਕਦਾ ਹੈ। ਹਾਲਾਂਕਿ ਸਿਹਤ ਮਾਹਿਰਾਂ ਨੇ ਇਸ ਕੈਂਸਰ ਨੂੰ ਪਿਛਲੀਆਂ ਪੀੜ੍ਹੀਆਂ ਦੇ ਨਾਲ ਵੀ ਜੋੜ ਕੇ ਵੇਖਿਆ ਹੈ।
ਜਿਨ੍ਹਾਂ ਲੋਕਾਂ ਦੇ ਪਰਿਵਾਰ ਵਿੱਚ (ਜਿਵੇਂ ਕਿ ਪਿਤਾ, ਭਰਾ ਜਾਂ ਦਾਦਾ) ਪਹਿਲਾਂ ਕਿਸੇ ਨੂੰ ਪ੍ਰੋਸਟੇਟ ਕੈਂਸਰ ਰਿਹਾ ਹੋਵੇ, ਉਨ੍ਹਾਂ ਵਿੱਚ ਇਸ ਬਿਮਾਰੀ ਦੇ ਹੋਣ ਦਾ ਖ਼ਤਰਾ ਦੁੱਗਣਾ ਹੋ ਜਾਂਦਾ ਹੈ। ਅਜਿਹੇ ਪੁਰਸ਼ਾਂ ਨੂੰ 50 ਸਾਲ ਦੀ ਉਮਰ ਦੀ ਉਡੀਕ ਨਹੀਂ ਕਰਨੀ ਚਾਹੀਦੀ, ਬਲਕਿ 40 ਸਾਲ ਦੀ ਉਮਰ ਤੋਂ ਹੀ ਨਿਯਮਤ ਤੌਰ ‘ਤੇ ਆਪਣੀ ਸਕ੍ਰੀਨਿੰਗ ਅਤੇ ਜਾਂਚ ਸ਼ੁਰੂ ਕਰਵਾ ਦੇਣੀ ਚਾਹੀਦੀ ਹੈ।
ਪ੍ਰੋਸਟੇਟ ਕੈਂਸਰ ਹੋਣ ਦੇ ਪਿੱਛੇ ਕਈ ਕਾਰਨ
ਪ੍ਰੋਸਟੇਟ ਕੈਂਸਰ ਹੋਣ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ। ਭਾਵੇਂ ਜੈਨੇਟਿਕਸ ਪ੍ਰੋਸਟੇਟ ਕੈਂਸਰ ਦਾ ਸਭ ਤੋਂ ਮੁੱਖ ਅਤੇ ਅਟੱਲ ਕਾਰਕ ਹਨ, ਪਰ ਬਦਲਦੀ ਜੀਵਨਸ਼ੈਲੀ ਵੀ ਇਸ ਦੇ ਲਈ ਬਰਾਬਰ ਜ਼ਿੰਮੇਵਾਰ ਹੈ। ਜ਼ਿਆਦਾ ਚਰਬੀ (Fat) ਵਾਲਾ ਖਾਣਾ ਖਾਣਾ ਅਤੇ ਹਰੀਆਂ ਸਬਜ਼ੀਆਂ/ਫ਼ਲਾਂ ਦੀ ਘੱਟ ਵਰਤੋਂ, ਸਰੀਰਕ ਗਤੀਵਿਧੀਆਂ ਦੀ ਘਾਟ ਅਤੇ ਮੋਟਾਪਾ, ਸਿਗਰਟਨੋਸ਼ੀ, ਸ਼ਰਾਬ ਦਾ ਸੇਵਨ ਅਤੇ ਮਾਨਸਿਕ ਤਣਾਅ ਆਦਿ ਇਸ ਕੈਂਸਰ ਨੂੰ ਵਧਾ ਸਕਦੇ ਹਨ। ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ, ਮਾੜੀ ਜੀਵਨਸ਼ੈਲੀ ਦੇ ਕਾਰਨਾਂ ਵਿੱਚ ਸ਼ਾਮਲ ਹਨ।
ਸਿਹਤ ਮਾਹਰਾਂ ਅਨੁਸਾਰ, ਸ਼ੁਰੂਆਤੀ ਅਵਸਥਾ ਵਿੱਚ ਕੈਂਸਰ ਦੀ ਪਛਾਣ ਹੋਣ ਨਾਲ ਨਾ ਸਿਰਫ਼ ਮਰੀਜ਼ਾਂ ਦੀ ਜਾਨ ਬਚਣ ਦੀ ਸੰਭਾਵਨਾ ਕਾਫੀ ਵਧ ਜਾਂਦੀ ਹੈ, ਬਲਕਿ ਇਸ ਨਾਲ ਕੀਮੋਥੈਰੇਪੀ ਅਤੇ ਰੇਡੀਏਸ਼ਨ ਵਰਗੇ ਗੰਭੀਰ, ਦਰਦਨਾਕ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਇਲਾਜਾਂ ਦੀ ਲੋੜ ਵੀ ਘਟ ਜਾਂਦੀ ਹੈ। ਮਰੀਜ਼ ਸਧਾਰਨ ਸਰਜਰੀ ਜਾਂ ਹਾਰਮੋਨ ਥੈਰੇਪੀ ਨਾਲ ਹੀ ਪੂਰੀ ਤਰ੍ਹਾਂ ਸਿਹਤਮੰਦ ਹੋ ਸਕਦਾ ਹੈ।
ਦੂਜੇ ਪਾਸੇ ਸਰਕਾਰੀ ਮੈਡੀਕਲ ਕਾਲਜ ਅਤੇ ਰਜਿੰਦਰਾ ਹਸਪਤਾਲ, ਪਟਿਆਲਾ ਦੇ ਯੂਰੋਲੋਜੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਸੁਪ੍ਰਾਨ ਸ਼ਰਮਾ ਨੇ ਇਸ ਸਬੰਧੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੈਂਸਰ ਦੇ ਇਲਾਜ ਵਿੱਚ ਸਭ ਤੋਂ ਵੱਡੀ ਰੁਕਾਵਟ ਆਰਥਿਕ ਤੰਗੀ ਹੁੰਦੀ ਹੈ। ਹੈਲਥ ਬੀਮਾ ਜਾਂ ਸਰਕਾਰੀ ਵਿੱਤੀ ਸਹਾਇਤਾ ਦੀ ਘਾਟ ਕਾਰਨ ਮਹਿੰਗੇ ਇਲਾਜ ਅਕਸਰ ਗ਼ਰੀਬ ਅਤੇ ਮੱਧਮ ਵਰਗ ਦੇ ਮਰੀਜ਼ਾਂ ਦੇ ਵੱਸ ਤੋਂ ਬਾਹਰ ਹੋ ਜਾਂਦੇ ਹਨ।
ਪੈਸੇ ਦੀ ਕਮੀ ਦੇ ਕਾਰਨ ਮਰੀਜ਼ ਟੈਸਟ ਅਤੇ ਇਲਾਜ ਕਰਵਾਉਣ ਵਿੱਚ ਦੇਰੀ ਕਰ ਦਿੰਦੇ ਹਨ, ਜਿਸ ਕਾਰਨ ਕੈਂਸਰ ਆਖਰੀ ਸਟੇਜ ‘ਤੇ ਪਹੁੰਚ ਜਾਂਦਾ ਹੈ ਅਤੇ ਮਰੀਜ਼ ਨੂੰ ਬਚਾਉਣਾ ਮੁਸ਼ਕਲ ਹੋ ਜਾਂਦਾ ਹੈ। ਡਾ. ਸੁਪ੍ਰਾਨ ਸ਼ਰਮਾ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਸਰਕਾਰ ਵੱਲੋਂ ਮਿਲ ਰਹੀ ਵਿੱਤੀ ਸਹਾਇਤਾ ਨੇ ਕੈਂਸਰ ਮਰੀਜ਼ਾਂ ਨੂੰ ਸਮੇਂ ਸਿਰ ਅਤੇ ਵਧੀਆ ਇਲਾਜ ਉਪਲੱਬਧ ਕਰਵਾਉਣ ਵਿੱਚ ਬਹੁਤ ਹੀ ਮਹੱਤਵਪੂਰਨ ਅਤੇ ਕ੍ਰਾਂਤੀਕਾਰੀ ਭੂਮਿਕਾ ਨਿਭਾਈ ਹੈ।
ਜਾਗਰੂਕਤਾ ਹੀ ਸਭ ਤੋਂ ਵੱਡਾ ਬਚਾਅ
ਪ੍ਰੋਸਟੇਟ ਕੈਂਸਰ ਵਰਗੀ ਗੰਭੀਰ ਬਿਮਾਰੀ ਤੋਂ ਡਰਨ ਦੀ ਬਜਾਏ ਜਾਗਰੂਕ ਅਤੇ ਸਾਵਧਾਨ ਰਹਿਣ ਦੀ ਲੋੜ ਹੈ। ਪੁਰਸ਼ਾਂ ਨੂੰ 50 ਸਾਲ ਦੀ ਉਮਰ ਤੋਂ ਬਾਅਦ ਪੇਸ਼ਾਬ ਸਬੰਧੀ ਕਿਸੇ ਵੀ ਤਰ੍ਹਾਂ ਦੀ ਤਕਲੀਫ਼ ਨੂੰ ਮਾਮੂਲੀ ਸਮਝ ਕੇ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਸਮੇਂ ਸਿਰ ਕਰਵਾਇਆ ਗਿਆ ਇੱਕ ‘ਪੀਐਸਏ ਟੈਸਟ’ (PSA Test) ਅਤੇ ਡਾਕਟਰੀ ਸਲਾਹ ਤੁਹਾਨੂੰ ਇੱਕ ਨਵਾਂ ਜੀਵਨ ਦੇ ਸਕਦੀ ਹੈ। ਪੰਜਾਬ ਸਰਕਾਰ ਦੀਆਂ ਮੁਫ਼ਤ ਇਲਾਜ ਯੋਜਨਾਵਾਂ ਦਾ ਲਾਹਾ ਲੈਂਦਿਆਂ ਮਰੀਜ਼ਾਂ ਨੂੰ ਤੁਰੰਤ ਸਰਕਾਰੀ ਮੈਡੀਕਲ ਕਾਲਜਾਂ ਦੇ ਯੂਰੋਲੋਜੀ ਵਿਭਾਗ ਨਾਲ ਸੰਪਰਕ ਕਰਨਾ ਚਾਹੀਦਾ ਹੈ ਤਾਂ ਜੋ ਬਿਮਾਰੀ ਨੂੰ ਸ਼ੁਰੂਆਤ ਵਿੱਚ ਹੀ ਖ਼ਤਮ ਕੀਤਾ ਜਾ ਸਕੇ।
















