Join WhatsApp

Join Now

ਬਿਜਲੀ ਸੰਕਟ ‘ਤੇ ਸੁਖਬੀਰ ਬਾਦਲ ਦਾ ਵੱਡਾ ਹਮਲਾ! ਕਿਹਾ- AAP ਸਰਕਾਰ ਨੇ ਅਕਾਲੀ ਦਲ ਦੀ ਬਿਜਲੀ ‘ਤੇ ਰਾਜ ਕੀਤਾ

On: ਸਤੰਬਰ 14, 2026 10:01 ਬਾਃ ਦੁਃ

 

ਬਿਜਲੀ ਸੰਕਟ ‘ਤੇ ਸੁਖਬੀਰ ਬਾਦਲ ਦਾ ਵੱਡਾ ਹਮਲਾ; ਕਿਹਾ- AAP ਸਰਕਾਰ ਨੇ ਅਕਾਲੀ ਦਲ ਦੀ ਬਿਜਲੀ ‘ਤੇ ਰਾਜ ਕੀਤਾ

ਪੰਜਾਬ ‘ਚ ਬਿਜਲੀ ਸੰਕਟ ਕਾਰਨ ਬਾਹਰ ਜਾ ਰਹੀ ਇੰਡਸਟਰੀ, ਸੂਬੇ ਨੂੰ ਮੁੜ ‘ਸਰਪਲਸ’ ਬਣਾਉਣ ਲਈ ਅਕਾਲੀ ਦਲ ਦੀ ਲੋੜ: ਸੁਖਬੀਰ ਬਾਦਲ

ਬਠਿੰਡਾ: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਗੰਭੀਰ ਰੂਪ ਧਾਰਨ ਕਰ ਚੁੱਕੇ ਬਿਜਲੀ ਸੰਕਟ ਨੂੰ ਲੈ ਕੇ ਸੂਬੇ ਦੀ ਮੌਜੂਦਾ ਆਮ ਆਦਮੀ ਪਾਰਟੀ (ਆਪ) ਸਰਕਾਰ ਅਤੇ ਪਿਛਲੀ ਕਾਂਗਰਸ ਸਰਕਾਰ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ।

ਉਨ੍ਹਾਂ ਦੋਵਾਂ ਪਾਰਟੀਆਂ ਨੂੰ ਆੜੇ ਹੱਥੀਂ ਲੈਂਦਿਆਂ ਦੋਸ਼ ਲਾਇਆ ਕਿ ਕਾਂਗਰਸ ਅਤੇ ‘ਆਪ’ ਦੋਵਾਂ ਨੇ ਹੀ ਆਪਣੇ ਕਾਰਜਕਾਲ ਦੌਰਾਨ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬਿਜਲੀ ਦੇ ਖੇਤਰ ਵਿੱਚ ਕੀਤੇ ਗਏ ਇਨਕਲਾਬੀ ਸੁਧਾਰਾਂ ਅਤੇ ਬਿਜਲੀ ਨੂੰ ‘ਸਰਪਲਸ’ ਬਣਾਉਣ ਦੇ ਉਪਰਾਲਿਆਂ ‘ਤੇ ਰਾਜ ਕੀਤਾ ਹੈ, ਜਦਕਿ ਖੁਦ ਪੰਜਾਬ ਨੂੰ ਬਿਜਲੀ ਦੇ ਖੇਤਰ ਵਿੱਚ ਆਤਮਨਿਰਭਰ ਬਣਾਉਣ ਲਈ ਕੋਈ ਢੁਕਵਾਂ ਕਦਮ ਨਹੀਂ ਚੁੱਕਿਆ।

ਸੁਖਬੀਰ ਸਿੰਘ ਬਾਦਲ ਬਠਿੰਡਾ ਵਿਖੇ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਨਵ-ਨਿਯੁਕਤ ਪਾਰਟੀ ਚੇਅਰਮੈਨ ਸਵਰਨ ਸਿੰਘ ਪੂਹਲੀ ਅਤੇ ਉੱਪ ਚੇਅਰਪਰਸਨ ਬੀਬੀ ਜਸਕਰਨ ਕੌਰ ਬੱਲੂਆਣਾ ਦੇ ਤਾਜਪੋਸ਼ੀ ਸਮਾਗਮ ਵਿੱਚ ਉਚੇਚੇ ਤੌਰ ‘ਤੇ ਸ਼ਿਰਕਤ ਕਰਨ ਪਹੁੰਚੇ ਹੋਏ ਸਨ। ਇਸ ਮੌਕੇ ਪੱਤਰਕਾਰਾਂ ਅਤੇ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੌਰਾਨ ਪੰਜਾਬ ਨੂੰ ਬਿਜਲੀ ਦੇ ਖੇਤਰ ਵਿੱਚ ਅੱਗੇ ਲਿਆਉਣ ਲਈ ਵੱਡੇ ਪੱਧਰ ‘ਤੇ ਥਰਮਲ ਪਲਾਂਟ ਲਗਾਏ ਗਏ ਸਨ, ਜਿਸ ਨਾਲ ਪੰਜਾਬ ਬਿਜਲੀ ਦੀ ਘਾਟ ਵਾਲੇ ਸੂਬੇ ਤੋਂ ਬਿਜਲੀ ਸਰਪਲਸ ਸੂਬਾ ਬਣ ਗਿਆ ਸੀ।

ਪਰ ਅਫ਼ਸੋਸ ਦੀ ਗੱਲ ਹੈ ਕਿ ਪਹਿਲਾਂ ਕਾਂਗਰਸ ਅਤੇ ਹੁਣ ਆਮ ਆਦਮੀ ਪਾਰਟੀ ਆਪਣੇ ਸ਼ਾਸਨਕਾਲ ਦੌਰਾਨ ਸੂਬੇ ਵਿੱਚ ਇੱਕ ਵੀ ਨਵਾਂ ਥਰਮਲ ਪਲਾਂਟ ਸਥਾਪਿਤ ਨਹੀਂ ਕਰ ਸਕੀਆਂ। ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਬਿਜਲੀ ਦੀ ਭਾਰੀ ਕੱਟਾਂ ਅਤੇ ਸੰਕਟ ਕਾਰਨ ਆਮ ਜਨਜੀਵਨ ਦੇ ਨਾਲ-ਨਾਲ ਸੂਬੇ ਦਾ ਉਦਯੋਗਿਕ ਖੇਤਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।

ਪੰਜਾਬ ਵਿੱਚ ਸਮੇਂ ਸਿਰ ਅਤੇ ਪੂਰੀ ਬਿਜਲੀ ਨਾ ਮਿਲਣ ਕਾਰਨ ਇੰਡਸਟਰੀ ਦਾ ਬੁਰਾ ਹਾਲ ਹੈ ਅਤੇ ਸੂਬੇ ਦੇ ਉਦਯੋਗਪਤੀ ਆਪਣੇ ਕਾਰੋਬਾਰਾਂ ਨੂੰ ਪੰਜਾਬ ਵਿੱਚੋਂ ਸਮੇਟ ਕੇ ਬਾਹਰਲੇ ਸੂਬਿਆਂ ਦਾ ਰੁੱਖ ਕਰ ਰਹੇ ਹਨ। ਇਸ ਨਾਲ ਨਾ ਸਿਰਫ਼ ਪੰਜਾਬ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ, ਸਗੋਂ ਨੌਜਵਾਨਾਂ ਲਈ ਰੋਜ਼ਗਾਰ ਦੇ ਅਵਸਰ ਵੀ ਖ਼ਤਮ ਹੁੰਦੇ ਜਾ ਰਹੇ ਹਨ।

ਅਕਾਲੀ ਦਲ ਦੇ ਪ੍ਰਧਾਨ ਨੇ ਦਾਅਵਾ ਕੀਤਾ ਕਿ ਪੰਜਾਬ ਨੂੰ ਮੌਜੂਦਾ ਬਿਜਲੀ ਅਤੇ ਆਰਥਿਕ ਸੰਕਟ ਵਿੱਚੋਂ ਕੱਢਣ, ਉਦਯੋਗਾਂ ਨੂੰ ਬਚਾਉਣ ਅਤੇ ਸੂਬੇ ਨੂੰ ਮੁੜ ਤੋਂ ਬਿਜਲੀ ਸਰਪਲਸ ਬਣਾਉਣ ਲਈ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਇੱਕੋ-ਇੱਕ ਵਿਕਲਪ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਬਪੱਖੀ ਵਿਕਾਸ ਅਤੇ ਤਰੱਕੀ ਲਈ ਸੂਬੇ ਅੰਦਰ ਮੁੜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਦੀ ਬਹੁਤ ਲੋੜ ਹੈ।

ਸਮਾਗਮ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਸਵਰਨ ਸਿੰਘ ਪੂਹਲੀ ਅਤੇ ਉੱਪ ਚੇਅਰਪਰਸਨ ਬੀਬੀ ਜਸਕਰਨ ਕੌਰ ਬੱਲੂਆਣਾ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਉਹ ਜ਼ਿਲ੍ਹੇ ਦੇ ਵਿਕਾਸ ਅਤੇ ਲੋਕ ਹਿੱਤਾਂ ਲਈ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕਰਨਗੇ। ਇਸ ਮੌਕੇ ਪਾਰਟੀ ਦੇ ਕਈ ਸਨੀਅਰ ਆਗੂ, ਵਰਕਰ ਅਤੇ ਸਮਰਥਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

 

Leave a Comment