ਪੰਜਾਬ ‘ਚ ਵਹਿਮਾਂ-ਭਰਮਾਂ ਖਿਲਾਫ਼ ਵਿਗਿਆਨਕ ਸੋਚ ਦਾ ਹੋਵੇਗਾ ਪ੍ਰਚਾਰ! ਤਰਕਸ਼ੀਲ ਸੁਸਾਇਟੀ ਦੀ ਮੀਟਿੰਗ ‘ਚ ਲਏ ਗਏ ਵੱਡੇ ਫ਼ੈਸਲੇ
NCERT ਦੇ ਸਿਲੇਬਸ ‘ਤੇ ਉੱਠੇ ਸਵਾਲ! ਫੇਰਬਦਲ ਦੀ ਤਰਕਸ਼ੀਲ ਸੁਸਾਇਟੀ ਵੱਲੋਂ ਸਖ਼ਤ ਨਿਖੇਧੀ

ਬਰਨਾਲਾ, 06 ਜੁਲਾਈ 2026- ਤਰਕਸ਼ੀਲ ਸੁਸਾਇਟੀ ਪੰਜਾਬ (ਜੋਨ ਬਰਨਾਲਾ-ਸੰਗਰੂਰ) ਦੀ ਇੱਕ ਅਹਿਮ ਮੀਟਿੰਗ ਜੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਦੀ ਪ੍ਰਧਾਨਗੀ ਹੇਠ ਤਰਕਸ਼ੀਲ ਭਵਨ ਬਰਨਾਲਾ ਵਿਖੇ ਸੰਪੰਨ ਹੋਈ। ਮੀਟਿੰਗ ਦੌਰਾਨ ਜਥੇਬੰਦੀ ਨੂੰ ਮਜ਼ਬੂਤ ਕਰਨ ਅਤੇ ਸਮਾਜ ਵਿੱਚ ਵਿਗਿਆਨਕ ਸੋਚ ਦੇ ਪਸਾਰ ਲਈ ਕਈ ਅਹਿਮ ਫੈਸਲੇ ਲਏ ਗਏ।
ਮੀਟਿੰਗ ਦੀ ਕਾਰਵਾਈ ਪ੍ਰੈੱਸ ਨਾਲ ਸਾਂਝੀ ਕਰਦਿਆਂ ਤਰਕਸ਼ੀਲ ਆਗੂ ਗੁਰਦੀਪ ਸਿੰਘ ਲਹਿਰਾ ਨੇ ਦੱਸਿਆ ਕਿ ਮਾਸਟਰ ਪਰਮਵੇਦ ਨੇ ਸਭ ਤੋਂ ਪਹਿਲਾਂ ਸਾਰੇ ਮੈਂਬਰਾਂ ਨੂੰ ਸਮੇਂ ਸਿਰ ਮੀਟਿੰਗਾਂ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਜਥੇਬੰਦੀ ਦਾ ਮੁੱਖ ਮਨੋਰਥ ਲੋਕਾਂ ਦਾ ਸੋਚਣ ਢੰਗ ਵਿਗਿਆਨਕ ਬਣਾਉਣਾ ਹੈ, ਤਾਂ ਜੋ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਵਹਿਮਾਂ-ਭਰਮਾਂ, ਵੇਲਾ ਵਿਹਾਅ ਚੁੱਕੀਆਂ ਫੋਕੀਆਂ ਸਮਾਜਿਕ ਤੇ ਘਰੇਲੂ ਰਸਮਾਂ-ਰਿਵਾਜਾਂ ਅਤੇ ਜਾਦੂ-ਟੂਣੇ, ਧਾਗੇ-ਤਵੀਤਾਂ ਦੇ ਜਾਲ ਵਿੱਚੋਂ ਕੱਢ ਕੇ ਵਿਗਿਆਨਕ ਸੋਚ ਦੇ ਲੜ ਲਾਇਆ ਜਾ ਸਕੇ।
ਮੀਟਿੰਗ ਦੌਰਾਨ 13 ਅਤੇ 14 ਜੂਨ ਨੂੰ ਹੋਈ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ ਗਈ। ਸੂਬਾ ਕਮੇਟੀ ਵੱਲੋਂ ਇਕਾਈਆਂ ਵਿੱਚ ਜ਼ਿੰਮੇਵਾਰੀਆਂ ਨਿਭਾਉਣ, ਕੰਮਾਂ ਵਿੱਚ ਨਵੀਨਤਾ ਲਿਆਉਣ ਅਤੇ ਸਰਗਰਮੀਆਂ ਵਧਾਉਣ ਲਈ ਸੂਬਾ ਆਗੂਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ।
ਸੰਗਰੂਰ ਅਤੇ ਬਰਨਾਲਾ ਜੋਨ ਦੀਆਂ ਇਕਾਈਆਂ ਦੀਆਂ ਮੀਟਿੰਗਾਂ ਲੈਣ ਲਈ ‘ਤਰਕਸ਼ੀਲ ਮੈਗਜ਼ੀਨ’ ਦੇ ਸੰਪਾਦਕ ਰਾਜਪਾਲ ਸਿੰਘ ਦੀ ਜ਼ਿੰਮੇਵਾਰੀ ਲਗਾਈ ਗਈ ਹੈ। ਜੋਨ ਕਮੇਟੀ ਨੇ ਫ਼ੈਸਲਾ ਕੀਤਾ ਕਿ ਜੋਨ ਜਥੇਬੰਦਕ ਮੁਖੀ ਜਲਦ ਹੀ ਰਾਜਪਾਲ ਸਿੰਘ ਨਾਲ ਸੰਪਰਕ ਕਰਕੇ ਇਕਾਈਆਂ ਦੀਆਂ ਮੀਟਿੰਗਾਂ ਦੀਆਂ ਮਿਤੀਆਂ ਤਹਿ ਕਰਨਗੇ। ਇਸ ਤੋਂ ਇਲਾਵਾ, ਲੋਕਾਂ ਵਿੱਚ ਜਾਗਰੂਕਤਾ ਲਈ ਸੋਸ਼ਲ ਮੀਡੀਆ ਦੀ ਵਰਤੋਂ ਵਧਾਉਣ ਅਤੇ ਮੈਗਜ਼ੀਨ ਦੀ ਸਰਕੂਲੇਸ਼ਨ ਵਧਾਉਣ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਤਰਕਸ਼ੀਲ ਆਗੂਆਂ ਨੇ NCERT ਵੱਲੋਂ ਸਮਾਜਿਕ ਵਿਗਿਆਨ ਦੀ ਪੁਸਤਕ ਵਿੱਚ ਮਨੂ ਸਮ੍ਰਿਤੀ ਦੇ ਸ਼ਲੋਕ ਜੋੜਨ ਅਤੇ ਰੂਸ ਤੇ ਫਰਾਂਸ ਦੀ ਇਨਕਲਾਬੀ ਕ੍ਰਾਂਤੀ (Revolution) ਦੇ ਇਤਿਹਾਸ ਨੂੰ ਸਿਲੇਬਸ ਤੋਂ ਬਾਹਰ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਆਗੂਆਂ ਨੇ ਦੱਸਿਆ ਕਿ, ਕੌਮੀ ਤਰਕਸ਼ੀਲ ਆਗੂ ਡਾਕਟਰ ਨਰਿੰਦਰ ਦਾਭੋਲਕਰ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 21, 22 ਅਤੇ 23 ਅਗਸਤ ਨੂੰ ਬਰਨਾਲਾ ਵਿਖੇ ਤਿੰਨ ਦਿਨਾਂ ਪੁਸਤਕ ਪ੍ਰਦਰਸ਼ਨੀ ਲਾਈ ਜਾਵੇਗੀ।
ਸਤੰਬਰ ਮਹੀਨੇ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਅਤੇ ਨਵੰਬਰ ਵਿੱਚ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ‘ਤੇ ਜਾਗਰੂਕਤਾ ਕਾਫ਼ਲੇ ਕੱਢੇ ਜਾਣਗੇ, ਸੈਮੀਨਾਰ ਕੀਤੇ ਜਾਣਗੇ ਅਤੇ ਲੀਫਲੈਟ (ਪਰਚੇ) ਵੰਡੇ ਜਾਣਗੇ। ਜਥੇਬੰਦੀ ਦੇ ਮੈਂਬਰਾਂ ਦੇ ਪਰਿਵਾਰਾਂ ਨੂੰ ਜੋੜਨ ਲਈ ਪਰਿਵਾਰਕ ਮਿਲਣੀਆਂ ਕਰਵਾਉਣ ਦਾ ਵੀ ਫ਼ੈਸਲਾ ਲਿਆ ਗਿਆ।

ਇਸ ਮੀਟਿੰਗ ਵਿੱਚ ਸੂਬਾ ਜਥੇਬੰਦਕ ਮੁਖੀ ਰਜਿੰਦਰ ਭਦੌੜ, ਸੂਬਾ ਆਗੂ ਗੁਰਪ੍ਰੀਤ ਸ਼ਹਿਣਾ, ਹੇਮਰਾਜ ਸਟੈਨੋ, ਜੋਨ ਆਗੂ ਗੁਰਦੀਪ ਸਿੰਘ ਲਹਿਰਾ ਸਮੇਤ ਵੱਖ-ਵੱਖ ਇਕਾਈਆਂ ਦੇ ਆਗੂ ਸੁਰਿੰਦਰ ਪਾਲ ਸੰਗਰੂਰ, ਨਾਇਬ ਸਿੰਘ ਰਟੋਲਾਂ, ਵਿਸ਼ਵ ਕਾਂਤ ਸੁਨਾਮ, ਸੰਦੀਪ ਲੌਂਗੋਵਾਲ ਅਤੇ ਕੁਲਦੀਪ ਸਿੰਘ ਨੈਣੇਵਾਲ ਨੇ ਸਰਗਰਮੀ ਨਾਲ ਸ਼ਮੂਲੀਅਤ ਕੀਤੀ।















