ਪੰਜਾਬ ਯੂਨੀਵਰਸਿਟੀ ਵਿਖੇ ਤ੍ਰੈਭਾਸ਼ੀ ਏ.ਆਈ.-ਐੱਮ.ਐੱਲ. ਸ਼ਬਦਾਵਲੀ ਨਿਰਮਾਣ ਦਾ ਦੂਜਾ ਦੌਰ ਅਰੰਭ
ਚੰਡੀਗੜ੍ਹ, 20 ਜੁਲਾਈ, 2026
ਏ.ਆਈ. ਅਤੇ ਮਸ਼ੀਨ ਲਰਨਿੰਗ ਨਾਲ ਸਬੰਧਿਤ ਤ੍ਰੈਭਾਸ਼ੀ (ਅੰਗਰੇਜ਼ੀ-ਹਿੰਦੀ-ਪੰਜਾਬੀ) ਗਲਾਸਰੀ ਤਿਆਰ ਕਰਨ ਲਈ ਵਿਸ਼ੇਸ਼ ਸਲਾਹਕਾਰ ਸਮਿਤੀ ਦੀ ਦੂਜੀ ਬੈਠਕ ਅੱਜ 20 ਜੁਲਾਈ 2026 ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪੰਜਾਬੀ ਵਿਭਾਗ ਵਿੱਚ ਸ਼ੁਰੂ ਹੋਈ। 20-25 ਜੁਲਾਈ ਤੱਕ ਚੱਲਣ ਵਾਲੀ ਇਸ ਛੇ ਰੋਜ਼ਾ ਬੈਠਕ ਦਾ ਆਯੋਜਨ ਸਾਇੰਸ ਅਤੇ ਤਕਨੀਕੀ ਸ਼ਬਦਾਵਲੀ ਆਯੋਗ (CSTT), ਸਿੱਖਿਆ ਮੰਤਰਾਲਾ ਭਾਰਤ ਸਰਕਾਰ ਦੁਆਰਾ ਕੀਤਾ ਜਾ ਰਿਹਾ ਹੈ। ਪੰਜਾਬ ਯੂਨੀਵਰਸਿਟੀ ਦਾ ਪੰਜਾਬੀ ਵਿਭਾਗ ਇਸ ਬੈਠਕ ਦੀ ਮੇਜ਼ਬਾਨੀ ਕਰ ਰਿਹਾ ਹੈ। ਇਹ ਬੈਠਕ CSTT ਦੁਆਰਾ 5-9 ਮਈ, 2026 ਨੂੰ ਆਯੋਜਿਤ ਕੀਤੀ ਗਈ ਪਹਿਲੀ ਬੈਠਕ ਦਾ ਅਗਲਾ ਚਰਣ ਹੈ।
ਪੰਜਾਬੀ ਵਿਭਾਗ ਦੀ ਮੁਖੀ ਡਾ. ਪਰਮਜੀਤ ਕੌਰ ਸਿੱਧੂ ਨੇ ਵਿਸ਼ੇਸ਼ ਸਲਾਹਕਾਰ ਸਮਿਤੀ ਦੇ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਸਾਇੰਸ ਅਤੇ ਤਕਨੀਕੀ ਸ਼ਬਦਾਵਲੀ ਆਯੋਗ (CSTT) ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਹਨਾਂ ਨੇ ਇਸ ਮਹੱਤਵਪੂਰਨ ਪ੍ਰੋਜੈਕਟ ਲਈ ਪੰਜਾਬ ਯੂਨੀਵਰਸਿਟੀ ਨੂੰ ਚੁਣਿਆ। ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਵਿੱਚ ਤਕਨੀਕੀ ਸ਼ਬਦਾਵਲੀ ਦਾ ਵਿਕਾਸ ਉਭਰਦੀਆਂ ਤਕਨਾਲੋਜੀਆਂ ਦੇ ਪ੍ਰਸੰਗ ਵਿੱਚ ਪੰਜਾਬੀ ਨੂੰ ਸ਼ਕਤੀਸ਼ਾਲੀ ਬਣਾਉਣ ਅਤੇ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਅਨੁਸਾਰ ਬਹੁਭਾਸ਼ੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗਾ।
ਵਿਸ਼ੇਸ਼ ਸਲਾਹਕਾਰ ਸਮਿਤੀ ਦੇ ਨਵੇਂ ਮੈਂਬਰ ਪ੍ਰੋ. ਸੁਨੀਲ ਕੇ. ਸਿੰਘ ਨੇ ਕਿਹਾ ਕਿ ਇਹ ਸ਼ਬਦਾਵਲੀ ਕੋਸ਼ ਖੇਤਰੀ ਭਾਸ਼ਾਵਾਂ ਵਿੱਚ ਤਕਨੀਕੀ ਗਿਆਨ ਦੀ ਪੜ੍ਹਾਈ, ਸਿੱਖਿਆ, ਅਨੁਵਾਦ ਅਤੇ ਇਸ ਦੇ ਪ੍ਰਸਾਰ ਨੂੰ ਸੁਦ੍ਰਿੜ ਕਰੇਗਾ ਅਤੇ ਉੱਨਤ ਵਿਗਿਆਨਿਕ ਸਿੱਖਿਆ ਨੂੰ ਸਮਾਜ ਦੇ ਵਿਆਪਕ ਵਰਗ ਤੱਕ ਪਹੁੰਚਾਉਣ ਵਿੱਚ ਮਦਦ ਕਰੇਗਾ।
ਪੰਜਾਬ ਯੂਨੀਵਰਸਿਟੀ ਦੀ ਡਾਇਰੈਕਟਰ ਖੋਜ ਅਤੇ ਡਿਵੈਲਪਮੈਂਟ ਪ੍ਰੋ. ਸਵਿਤਾ, ਜੋ ਇਸ ਸਲਾਹਕਾਰ ਸਮਿਤੀ ਦੇ ਮੈਂਬਰ ਵੀ ਹਨ, ਨੇ ‘ਉੱਚ ਸਿੱਖਿਆ, ਖੋਜ ਅਤੇ ਨਵੀਨਤਾ ਵਿੱਚ ਏ.ਆਈ. ਦੀ ਵਧਦੀ ਭੂਮਿਕਾ’ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਮਿਆਰੀ ਬਹੁਭਾਸ਼ੀ ਤਕਨੀਕੀ ਸ਼ਬਦਾਵਲੀ ਦਾ ਵਿਕਾਸ ਸਮਾਵੇਸ਼ੀ ਡਿਜੀਟਲ ਸਰੋਤਾਂ ਦੇ ਨਿਰਮਾਣ, ਏ.ਆਈ. ਆਧਾਰਿਤ ਭਾਸ਼ਾ ਤਕਨੀਕਾਂ ਦੇ ਵਿਕਾਸ ਅਤੇ ਪੰਜਾਬੀ ਭਾਸ਼ਾ ਨੂੰ ਡਿਜੀਟਲ ਅਤੇ ਏ.ਆਈ. ਈਕੋਸਿਸਟਮ ਵਿੱਚ ਸ਼ਕਤੀਸ਼ਾਲੀ ਬਣਾਉਣ ਲਈ ਬਹੁਤ ਜ਼ਰੂਰੀ ਹੈ।
CSTT ਦੇ ਸਹਾਇਕ ਡਾਇਰੈਕਟਰ ਦੀਪਕ ਕੁਮਾਰ ਨੇ ਭਾਰਤੀ ਭਾਸ਼ਾਵਾਂ ਵਿੱਚ ਤਕਨੀਕੀ ਅਤੇ ਵਿਗਿਆਨਿਕ ਸ਼ਬਦਾਵਲੀਆਂ ਦੇ ਮਿਆਰੀਕਰਨ ਲਈ ਆਯੋਗ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਏ.ਆਈ.-ਐੱਮ.ਐੱਲ. ਸ਼ਬਦਾਵਲੀ ਪ੍ਰੋਜੈਕਟ ਭਾਰਤੀ ਭਾਸ਼ਾਵਾਂ ਦੇ ਮਾਧਿਅਮਾਂ ਰਾਹੀਂ ਉੱਨਤ ਤਕਨੀਕੀ ਗਿਆਨ ਨੂੰ ਜਨ-ਸਾਧਾਰਨ ਤੱਕ ਪਹੁੰਚਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਿਲ ਹੈ।
ਇਸ ਬੈਠਕ ਵਿੱਚ ਦੇਸ਼ ਦੇ ਵੱਖ-ਵੱਖ ਭਾਗਾਂ ਤੋਂ ਭਾਸ਼ਾ ਵਿਸ਼ੇਸ਼ਗਿਆ ਅਤੇ ਏ.ਆਈ., ਮਸ਼ੀਨ ਲਰਨਿੰਗ ਅਤੇ ਕੰਪਿਊਟਰ ਵਿਗਿਆਨ ਦੇ ਮਾਹਿਰ ਭਾਗ ਲੈ ਰਹੇ ਹਨ। ਪੰਜਾਬੀ ਵਿਭਾਗ ਤੋਂ ਡਾ. ਸਿੱਧੂ ਤੋਂ ਇਲਾਵਾ ਵਿਭਾਗ ਦੇ ਸੀਨੀਅਰ ਪ੍ਰੋ. ਉਮਾ ਸੇਠੀ ਅਤੇ ਪ੍ਰੋ. ਯੋਗਰਾਜ ਅੰਗਰੇਜ਼ ਇਸ ਬੈਠਕ ਵਿੱਚ ਬਤੌਰ ਐਕਸਪਰਟ ਹਿੱਸਾ ਲੈ ਰਹੇ ਹਨ। ਵਿਸ਼ੇਸ਼ ਸਲਾਹਕਾਰ ਸਮਿਤੀ ਦੀ ਇਸ ਛੇ ਰੋਜ਼ਾ ਬੈਠਕ ਵਿੱਚ ਇਸ ਤ੍ਰੈਭਾਸ਼ੀ ਗਲੋਸਰੀ ਨੂੰ ਪੂਰਾ ਕੀਤਾ ਜਾਵੇਗਾ ਜਿਸ ਵਿੱਚ ਕੁੱਲ 4500 ਸ਼ਬਦ ਸ਼ਾਮਿਲ ਹਨ।


















