ਪੰਜਾਬ ਯੂਨੀਵਰਸਿਟੀ ਵਿਖੇ ਵਿਸ਼ੇਸ਼ ਲੈਕਚਰ: ਯੂਨਾਨੀ ਸਾਹਿਤ ਦੇ ਆਈਨੇ ‘ਚ ਦੇਖਿਆ ਭਾਰਤ ਦਾ ਪ੍ਰਾਚੀਨ ਬਿੰਬ

 

ਪੰਜਾਬ ਯੂਨੀਵਰਸਿਟੀ ਵਿਖੇ ਵਿਸ਼ੇਸ਼ ਲੈਕਚਰ: ਯੂਨਾਨੀ ਸਾਹਿਤ ਦੇ ਆਈਨੇ ‘ਚ ਦੇਖਿਆ ਭਾਰਤ ਦਾ ਪ੍ਰਾਚੀਨ ਬਿੰਬ

ਭਾਰਤ ਅਤੇ ਯੂਨਾਨ ਦੇ ਸਦੀਆਂ ਪੁਰਾਣੇ ਗਿਆਨ-ਸੰਵਾਦ ‘ਤੇ ਪੰਜਾਬੀ ਅਧਿਐਨ ਸਕੂਲ ‘ਚ ਹੋਈ ਚਰਚਾ

ਜੇ.ਐਨ.ਯੂ. ਦੇ ਮਾਹਰ ਡਾ. ਅਨਿਲ ਕੁਮਾਰ ਸਿੰਘ ਨੇ ਪੀ.ਯੂ. ਵਿਖੇ ‘ਇੰਡੋ-ਗ੍ਰੀਕ’ ਸਬੰਧਾਂ ਦੀਆਂ ਪਰਤਾਂ ਫਰੋਲੀਆਂ

ਚੰਡੀਗੜ੍ਹ, 17 ਫਰਵਰੀ 2026- 

ਪੰਜਾਬੀ ਸਾਹਿਤ ਸਭਾ, ਪੰਜਾਬੀ ਅਧਿਐਨ ਸਕੂਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਅੱਜ ਮਿਤੀ 17 ਫਰਵਰੀ 2026 ਨੂੰ “ਯੂਨਾਨੀ ਸਾਹਿਤ ਵਿੱਚ ਪ੍ਰਤੀਬਿੰਬਤ ਭਾਰਤ” ਵਿਸ਼ੇ ਉੱਪਰ ਇੱਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਇਹ ਲੈਕਚਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਅਧਿਐਨ ਵਿਭਾਗ ਦੀ ਗ੍ਰੀਕ ਚੇਅਰ ਦੇ ਪ੍ਰੋਫੈਸਰ ਅਤੇ ਇੰਡੋ-ਹੇਲੈਨਿਕ ਰਿਸਰਚ ਸੈਂਟਰ ਦੇ ਆਨਰੇਰੀ ਪ੍ਰੈਜ਼ੀਡੈਂਟ ਡਾ. ਅਨਿਲ ਕੁਮਾਰ ਸਿੰਘ ਦੁਆਰਾ ਦਿੱਤਾ ਗਿਆ।

ਪ੍ਰੋਗਰਾਮ ਦੀ ਸ਼ੁਰੂਆਤ ਵਿਭਾਗ ਦੇ ਚੇਅਰਪਰਸਨ ਪ੍ਰੋ. ਯੋਗਰਾਜ ਵੱਲੋਂ ਸੁਆਗਤੀ ਸ਼ਬਦਾਂ ਨਾਲ ਹੋਈ। ਉਨ੍ਹਾਂ ਨੇ ਮਹਿਮਾਨ ਵਿਦਵਾਨ ਦਾ ਤਹਿ ਦਿਲੋਂ ਸਵਾਗਤ ਕਰਦੇ ਹੋਏ ਵਿਸ਼ੇ ਦੀ ਅਕਾਦਮਿਕ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦਿਆਂ ਵਿਭਾਗ ਦੀ ਐਸੋਸੀਏਟ ਪ੍ਰੋਫੈਸਰ ਡਾ. ਪਰਮਜੀਤ ਕੌਰ ਸਿੱਧੂ ਨੇ ਮੁੱਖ ਵਕਤਾ ਨਾਲ ਜਾਣ-ਪਛਾਣ ਵੀ ਕਰਵਾਈ ਅਤੇ ਸਾਹਿਤ, ਸੱਭਿਆਚਾਰ ਅਤੇ ਭਾਸ਼ਾ ਦੇ ਵਿਦਿਆਰਥੀਆਂ ਲਈ ਗ੍ਰੀਕ ਪਰੰਪਰਾ ਦੀ ਸਮਝ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਅਜਿਹੇ ਵਿਸ਼ੇਸ਼ ਭਾਸ਼ਣ ਦੀ ਸਾਰਥਕਤਾ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।

ਡਾ. ਅਨਿਲ ਕੁਮਾਰ ਸਿੰਘ ਨੇ ਆਪਣੇ ਭਾਸ਼ਣ ਵਿੱਚ ਪ੍ਰਾਚੀਨ ਯੂਨਾਨੀ ਸਾਹਿਤ, ਇਤਿਹਾਸਿਕ ਦਸਤਾਵੇਜ਼ਾਂ ਅਤੇ ਯਾਤਰਾ ਬਿਰਤਾਂਤਾਂ ਵਿੱਚੋਂ ਉੱਭਰਦੇ ਭਾਰਤ ਦੇ ਬਿੰਬ ਬਾਰੇ ਚਰਚਾ ਕਰਦਿਆਂ ਇਸ ਗੱਲ ਉੱਪਰ ਚਾਨਣਾ ਪਾਇਆ ਕਿ ਭਾਰਤ ਵਾਂਗ ਗ੍ਰੀਕ ਕੋਲ ਵੀ ਗਿਆਨ ਅਤੇ ਦਰਸ਼ਨ ਦੀ ਦੀਰਘ ਪਰੰਪਰਾ ਹੈ ਅਤੇ ਇਹਨਾਂ ਪਰੰਪਰਾਵਾਂ ਵਿੱਚ ਲੰਮਾ ਸੰਵਾਦ ਰਿਹਾ ਹੈ। ਡਾ. ਸਿੰਘ ਨੇ ਇਸ ਗੱਲ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਵਿਸ਼ਵ ਨੂੰ ਸਮਝਣ ਲਈ ਭਾਰਤ ਅਤੇ ਗ੍ਰੀਕ ਦੇ ਪ੍ਰਾਚੀਨ ਸੰਬੰਧਾਂ ਅਤੇ ਸੰਵਾਦ ਨੂੰ ਸਮਝਣਾ ਜ਼ਰੂਰੀ ਹੈ।

ਇਸ ਮੌਕੇ ਵਿਭਾਗ ਦੇ ਖੋਜਾਰਥੀ ਗੁਰਚਰਨ ਵੱਲੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਸਥਾਪਿਤ ਗ੍ਰੀਕ ਚੇਅਰ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਲੈਕਚਰ ਤੋਂ ਬਾਅਦ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੇ ਗੰਭੀਰ ਅਕਾਦਮਿਕ ਸਵਾਲ ਪੁੱਛੇ, ਜਿਨ੍ਹਾਂ ਦੇ ਡਾ. ਸਿੰਘ ਨੇ ਵਿਸਤ੍ਰਿਤ ਅਤੇ ਜਾਣਕਾਰੀ ਭਰਪੂਰ ਉੱਤਰ ਦਿੱਤੇ।

ਅੰਤ ਵਿੱਚ ਵਿਭਾਗ ਵੱਲੋਂ ਮਹਿਮਾਨ ਵਿਦਵਾਨ ਨੂੰ ਸਿਮਰਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਲੈਕਚਰ ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਬਹੁਤ ਹੀ ਗਿਆਨ ਭਰਪੂਰ ਅਤੇ ਪ੍ਰੇਰਨਾਦਾਇਕ ਸਾਬਤ ਹੋਇਆ। ਇਸ ਪ੍ਰੋਗਰਾਮ ਦੌਰਾਨ ਵਿਭਾਗ ਦੇ ਪ੍ਰੋ. ਡਾ. ਸਰਬਜੀਤ ਸਿੰਘ, ਡਾ. ਅਕਵਿੰਦਰ ਤਨਵੀ, ਡਾ. ਪਵਨ ਕੁਮਾਰ, ਰਵੀ ਕੁਮਾਰ ਅਤੇ ਜਸਪਾਲ ਸਿੰਘ, ਖੋਜਾਰਥੀ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।