ਪੰਜਾਬ ‘ਚ ਆਵਾਰਾ ਪਸ਼ੂਆਂ ਦਾ ਕਹਿਰ ਜਾਰੀ; ਮੋਟਰਸਾਈਕਲ ਸਵਾਰ ਨੂੰ ਮਾਰੀ ਟੱਕਰ, ਰਾਜਮਿਸਤਰੀ ਦੀ ਮੌਤ

 

ਪੰਜਾਬ ‘ਚ ਆਵਾਰਾ ਪਸ਼ੂਆਂ ਦਾ ਕਹਿਰ ਜਾਰੀ; ਮੋਟਰਸਾਈਕਲ ਸਵਾਰ ਨੂੰ ਮਾਰੀ ਟੱਕਰ, ਰਾਜਮਿਸਤਰੀ ਦੀ ਮੌਤ

ਮੋਗਾ 29 ਅਪ੍ਰੈਲ 2026: ਮੋਗਾ ਸ਼ਹਿਰ ਵਿੱਚ ਆਵਾਰਾ ਪਸ਼ੂਆਂ ਕਾਰਨ ਵਾਪਰ ਰਹੇ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ। ਨਵੀਂ ਦਾਣਾ ਮੰਡੀ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ 35 ਸਾਲਾ ਜਗਤਾਰ ਸਿੰਘ ਦੀ ਮੌਤ ਹੋ ਗਈ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੋ ਆਵਾਰਾ ਪਸ਼ੂ ਆਪਸ ਵਿੱਚ ਲੜਦੇ ਹੋਏ ਅਚਾਨਕ ਸੜਕ ‘ਤੇ ਆ ਗਏ ਅਤੇ ਮੋਟਰਸਾਈਕਲ ਸਵਾਰ ਜਗਤਾਰ ਸਿੰਘ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।

ਪ੍ਰਤੱਖਦਰਸ਼ੀਆਂ ਅਨੁਸਾਰ, ਟੱਕਰ ਇੰਨੀ ਜ਼ਬਰਦਸਤ ਸੀ ਕਿ ਜਗਤਾਰ ਸਿੰਘ ਸੜਕ ‘ਤੇ ਡਿੱਗ ਕੇ ਕਾਫ਼ੀ ਦੇਰ ਤੱਕ ਤੜਪਦਾ ਰਿਹਾ। ਹੈਰਾਨੀ ਦੀ ਗੱਲ ਇਹ ਰਹੀ ਕਿ ਮੌਕੇ ‘ਤੇ ਕੋਈ ਐਂਬੂਲੈਂਸ ਨਹੀਂ ਪਹੁੰਚੀ।

ਇਸ ਦੌਰਾਨ ਐਡਵੋਕੇਟ ਜੋਤ ਆਲੇਖ ਨੇ ਮਾਨਵਤਾ ਦਿਖਾਉਂਦੇ ਹੋਏ ਆਪਣੀ ਨਿੱਜੀ ਗੱਡੀ ਵਿੱਚ ਜ਼ਖ਼ਮੀ ਜਗਤਾਰ ਸਿੰਘ ਨੂੰ ਮੋਗਾ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮ੍ਰਿਤਕ ਜਗਤਾਰ ਸਿੰਘ ਪਿੰਡ ਥਾਖਣਵਾਲ ਦਾ ਰਹਿਣ ਵਾਲਾ ਸੀ ਅਤੇ ਰਾਜਮਿਸਤਰੀ ਦਾ ਕੰਮ ਕਰਦਾ ਸੀ। ਉਹ ਸੋਮਵਾਰ ਸ਼ਾਮ ਨੂੰ ਮੋਗਾ ਵਿਖੇ ਆਪਣੇ ਸਾਥੀ ਮਿਸਤਰੀ ਨੂੰ ਮਿਲਣ ਆਇਆ ਸੀ।

ਜਗਤਾਰ ਸਿੰਘ ਆਪਣੇ ਪਿੱਛੇ ਦੋ ਬੇਟੀਆਂ, ਇੱਕ ਬੇਟਾ ਅਤੇ ਪਤਨੀ ਛੱਡ ਗਿਆ ਹੈ। ਮ੍ਰਿਤਕ ਦੇ ਭਰਾ ਨੇ ਭਰੇ ਮਨ ਨਾਲ ਦੱਸਿਆ ਕਿ ਪੂਰੇ ਪਰਿਵਾਰ ਦਾ ਗੁਜ਼ਾਰਾ ਜਗਤਾਰ ਦੀ ਕਮਾਈ ‘ਤੇ ਹੀ ਚੱਲਦਾ ਸੀ ਅਤੇ ਹੁਣ ਘਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਬਚਿਆ।

ਮੋਗਾ ਸਿਟੀ-1 ਦੇ ਇੰਚਾਰਜ ਵਰੁਣ ਕੁਮਾਰ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਆਵਾਰਾ ਪਸ਼ੂ ਦੀ ਲਪੇਟ ਵਿੱਚ ਆਉਣ ਕਾਰਨ ਜਗਤਾਰ ਸਿੰਘ ਦੀ ਮੌਤ ਹੋਈ ਹੈ।

ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।

ਇਸ ਘਟਨਾ ਤੋਂ ਬਾਅਦ ਸ਼ਹਿਰ ਵਾਸੀਆਂ ਵਿੱਚ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਹੈ, ਕਿਉਂਕਿ ਆਵਾਰਾ ਪਸ਼ੂਆਂ ਦੀ ਸਮੱਸਿਆ ਹੁਣ ਜਾਨਲੇਵਾ ਸਾਬਤ ਹੋ ਰਹੀ ਹੈ।