ਵਿਦਿਆਰਥਣ ਨਾਲ ਬਲਾਤਕਾਰ! ਅਸ਼ਲੀਲ ਵੀਡੀਓ ਬਣਾ ਕੇ ਕੀਤਾ ਬਲੈਕਮੇਲ
ਖਰੜ ‘ਚ ਸ਼ਰਮਨਾਕ ਕਾਰਾ: ਕੰਪਨੀ ਦਾ ਮਾਲਕ ਦੱਸ ਕੇ ਲੜਕੀ ਨਾਲ ਕੀਤਾ ਜਬਰ-ਜ਼ਨਾਹ, ਐਸਿਡ ਅਟੈਕ ਤੇ ਬਲੈਕਮੇਲਿੰਗ ਦੇ ਦੋਸ਼ਾਂ ਹੇਠ ਹਰਿਆਣਾ ਦਾ ਨੌਜਵਾਨ ਕਾਬੂ
ਚੰਡੀਗੜ੍ਹ, 7 ਅਗਸਤ 2026- ਸਬ-ਡਿਵੀਜ਼ਨ ਖਰੜ ਇਲਾਕੇ ਵਿੱਚ ਸਥਿਤ ਇੱਕ ਪੀ. ਜੀ. (PG) ਵਿੱਚ ਰਹਿ ਕੇ ਪੜ੍ਹਾਈ ਕਰ ਰਹੀ ਇੱਕ ਵਿਦਿਆਰਥਣ ਨਾਲ ਧੋਖਾਧੜੀ, ਜਬਰ-ਜ਼ਨਾਹ ਅਤੇ ਬਲੈਕਮੇਲਿੰਗ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਨੇ ਨਾ ਸਿਰਫ਼ ਪੀੜਤ ਵਿਦਿਆਰਥਣ ਨੂੰ ਆਪਣੀਆਂ ਝੂਠੀਆਂ ਗੱਲਾਂ ਵਿੱਚ ਫਸਾ ਕੇ ਉਸ ਨਾਲ ਸਰੀਰਕ ਸ਼ੋਸ਼ਣ ਕੀਤਾ, ਸਗੋਂ ਉਸ ਦੀਆਂ ਅਸ਼ਲੀਲ ਵੀਡੀਓਜ਼ ਅਤੇ ਫੋਟੋਆਂ ਬਣਾ ਕੇ ਉਸ ਨੂੰ ਲਗਾਤਾਰ ਬਲੈਕਮੇਲ ਵੀ ਕੀਤਾ। ਇਸ ਤੋਂ ਇਲਾਵਾ ਮੁਲਜ਼ਮ ਵੱਲੋਂ ਪੀੜਤਾ ਦੇ ਪਰਿਵਾਰ ਨੂੰ ਵੀਡੀਓ ਵਾਇਰਲ ਕਰਨ ਅਤੇ ਲੜਕੀ ‘ਤੇ ਐਸਿਡ ਅਟੈਕ ਕਰਵਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ।
ਪੁਲਸ ਨੂੰ ਦਿੱਤੇ ਆਪਣੇ ਲਿਖਤੀ ਬਿਆਨਾਂ ਵਿੱਚ ਪੀੜਤ ਵਿਦਿਆਰਥਣ ਨੇ ਦੱਸਿਆ ਕਿ ਅਕਤੂਬਰ 2025 ਵਿੱਚ ਉਸ ਦੀ ਮੁਲਾਕਾਤ ਮੋਹਿਤ ਨਾਮ ਦੇ ਨੌਜਵਾਨ ਨਾਲ ਹੋਈ ਸੀ। ਮੋਹਿਤ ਨੇ ਖ਼ੁਦ ਨੂੰ ਇੱਕ ਵੱਡੀ ਕੰਪਨੀ ਦਾ ਮਾਲਕ ਦੱਸਿਆ ਅਤੇ ਲੜਕੀ ਨੂੰ ਨੌਕਰੀ, ਇੰਟਰਨਸ਼ਿਪ ਅਤੇ ਭਵਿੱਖ ਵਿੱਚ ਵਿਆਹ ਕਰਵਾਉਣ ਦਾ ਵੱਡਾ ਝਾਂਸਾ ਦਿੱਤਾ। ਮੁਲਜ਼ਮ ਨੇ ਆਪਣੀਆਂ ਮਿੱਠੀਆਂ ਗੱਲਾਂ ਨਾਲ ਲੜਕੀ ਦਾ ਪੂਰਾ ਭਰੋਸਾ ਜਿੱਤ ਲਿਆ।
ਇਸ ਤੋਂ ਬਾਅਦ ਫਰਵਰੀ 2026 ਵਿੱਚ ਮੁਲਜ਼ਮ ਝਾਂਸਾ ਦੇ ਕੇ ਲੜਕੀ ਨੂੰ ਇੱਕ ਹੋਟਲ ਵਿੱਚ ਲੈ ਗਿਆ, ਜਿੱਥੇ ਉਸ ਨੇ ਲੜਕੀ ਦੀ ਮਰਜ਼ੀ ਦੇ ਖ਼ਿਲਾਫ਼ ਉਸ ਨਾਲ ਜਬਰ-ਜ਼ਨਾਹ ਕੀਤਾ। ਇਸ ਦੌਰਾਨ ਮੁਲਜ਼ਮ ਨੇ ਵਿਦਿਆਰਥਣ ਨੂੰ ਬਿਨਾਂ ਦੱਸੇ ਉਸ ਦੀਆਂ ਅਸ਼ਲੀਲ ਫੋਟੋਆਂ ਅਤੇ ਵੀਡੀਓਜ਼ ਵੀ ਆਪਣੇ ਫੋਨ ਵਿੱਚ ਰਿਕਾਰਡ ਕਰ ਲਈਆਂ।
ਸ਼ਿਕਾਇਤ ਦੇ ਅਨੁਸਾਰ, ਇਸ ਘਟਨਾ ਤੋਂ ਬਾਅਦ ਮੁਲਜ਼ਮ ਦਾ ਅਸਲ ਚਿਹਰਾ ਸਾਹਮਣੇ ਆਇਆ। ਉਹ ਉਨ੍ਹਾਂ ਹੀ ਫੋਟੋਆਂ ਅਤੇ ਵੀਡੀਓਜ਼ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ ਪੀੜਤਾ ਨੂੰ ਲਗਾਤਾਰ ਬਲੈਕਮੇਲ ਕਰਨ ਲੱਗਾ ਅਤੇ ਉਸ ਨੂੰ ਦੁਬਾਰਾ ਸਰੀਰਕ ਸੰਬੰਧ ਬਣਾਉਣ ਲਈ ਮਜ਼ਬੂਰ ਕਰਦਾ ਰਿਹਾ। ਜਦੋਂ ਵੀ ਪੀੜਤ ਲੜਕੀ ਨੇ ਇਨ੍ਹਾਂ ਅਸ਼ਲੀਲ ਫੋਟੋਆਂ ਅਤੇ ਵੀਡੀਓਜ਼ ਨੂੰ ਡਿਲੀਟ ਕਰਨ ਲਈ ਕਿਹਾ, ਤਾਂ ਮੁਲਜ਼ਮ ਨੇ ਉਸ ਨਾਲ ਗੰਭੀਰ ਮਾਰਕੁੱਟ ਕੀਤੀ, ਉਸ ਦਾ ਗਲਾ ਘੁੱਟ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਜ਼ਬਰਦਸਤੀ ਫਿਰ ਤੋਂ ਜਬਰ-ਜ਼ਨਾਹ ਕੀਤਾ।
ਮਾਮਲਾ ਉਦੋਂ ਹੱਦ ਤੋਂ ਵੱਧ ਗਿਆ ਜਦੋਂ 1 ਅਗਸਤ ਦੀ ਰਾਤ ਨੂੰ ਮੁਲਜ਼ਮ ਨੇ ਲੜਕੀ ‘ਤੇ ਫਿਰ ਤੋਂ ਮਿਲਣ ਲਈ ਭਾਰੀ ਦਬਾਅ ਪਾਇਆ। ਜਦੋਂ ਪੀੜਤਾ ਨੇ ਮਿਲਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਤਾਂ ਮੁਲਜ਼ਮ ਨੇ ਖ਼ੁਦਕੁਸ਼ੀ ਕਰਨ ਦੀ ਨਾਟਕੀ ਧਮਕੀ ਦਿੱਤੀ ਅਤੇ ਕਥਿਤ ਤੌਰ ‘ਤੇ ਪੀੜਤਾ ਦੇ ਭਰਾ ਦੇ ਮੋਬਾਈਲ ‘ਤੇ ਅਸ਼ਲੀਲ ਵੀਡੀਓਜ਼ ਭੇਜ ਦਿੱਤੀਆਂ।
ਇੰਨਾ ਹੀ ਨਹੀਂ, ਬੇਖੌਫ਼ ਮੁਲਜ਼ਮ ਨੇ ਪੀੜਤਾ ਦੇ ਪਿਤਾ ਨੂੰ ਵੀ ਫੋਨ ਕਰਕੇ ਧਮਕਾਇਆ ਕਿ ਜੇਕਰ ਉਨ੍ਹਾਂ ਦੀ ਧੀ ਨੇ ਉਸ ਦੀ ਗੱਲ ਨਾ ਮੰਨੀ, ਤਾਂ ਉਹ ਵੀਡੀਓਜ਼ ਨੂੰ ਇੰਟਰਨੈੱਟ ‘ਤੇ ਵਾਇਰਲ ਕਰ ਦੇਵੇਗਾ ਅਤੇ ਉਨ੍ਹਾਂ ਦੀ ਧੀ ‘ਤੇ ਐਸਿਡ ਅਟੈਕ ਕਰਵਾ ਦੇਵੇਗਾ। ਮੁਲਜ਼ਮ ਦੀਆਂ ਇਨ੍ਹਾਂ ਧਮਕੀਆਂ ਤੋਂ ਪਰਿਵਾਰ ਬੇਹੱਦ ਦਹਿਸ਼ਤ ਵਿੱਚ ਆ ਗਿਆ। ਇਸ ਤੋਂ ਬਾਅਦ ਪੀੜਤ ਲੜਕੀ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਹਿੰਮਤ ਜੁਟਾ ਕੇ ਥਾਣਾ ਘੜੂੰਆਂ ਪਹੁੰਚ ਕੇ ਮੁਲਜ਼ਮ ਖ਼ਿਲਾਫ਼ ਲਿਖਤੀ ਸ਼ਿਕਾਇਤ ਦਰਜ ਕਰਵਾਈ।
ਪੁਲਸ ਨੇ ਸ਼ਿਕਾਇਤ ਦੀ ਸ਼ੁਰੂਆਤੀ ਜਾਂਚ ਅਤੇ ਬਿਆਨਾਂ ਦੀ ਤਸਦੀਕ ਕਰਨ ਤੋਂ ਬਾਅਦ ਮੁਲਜ਼ਮ ਮੋਹਿਤ ਕੁਮਾਰ ਯਾਦਵ, ਨਿਵਾਸੀ ਭਿਵਾਨੀ (ਹਰਿਆਣਾ) ਖ਼ਿਲਾਫ਼ ਵੱਖ-ਵੱਖ ਗੰਭੀਰ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ। ਘੜੂੰਆਂ ਪੁਲਸ ਅਧਿਕਾਰੀਆਂ ਅਨੁਸਾਰ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਕੋਲੋਂ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ।
















