ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਵਿਚਾਰ ਚਰਚਾ
ਸੰਗਰੂਰ, 27 ਸਤੰਬਰ 2026 –
ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ, ਤਰਕਸ਼ੀਲ ਸੁਸਾਇਟੀ ਪੰਜਾਬ (ਇਕਾਈ ਸੰਗਰੂਰ) ਵੱਲੋਂ ਇੱਕ ਵਿਸ਼ੇਸ਼ ਵਿਚਾਰ ਚਰਚਾ ਦਾ ਆਯੋਜਨ ਸਥਾਨਕ ਆਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ, ਡੀ.ਸੀ. ਕੰਪਲੈਕਸ ਵਿਖੇ ਕੀਤਾ ਗਿਆ। ਇਸ ਵਿਚਾਰ ਚਰਚਾ ਦਾ ਵਿਸ਼ਾ “ਵਾਸਤੂਸ਼ਾਸਤਰ, ਜੋਤਿਸ਼ ਹਸਤ ਰੇਖਾ, ਰਾਸ਼ੀਫਲ ਅਤੇ ਮੰਗਲੀਕ ਦੋਸ਼ ਬਾਰੇ ਅੰਧਵਿਸ਼ਵਾਸ,ਵਹਿਮ ਭਰਮ ਤੇ ਰੂੜੀਵਾਦੀ ਵਿਚਾਰ ਸਨ ਤੇ ਇਨ੍ਹਾਂ ਬਾਰੇ ਵਿਚਾਰ ਤੇ ਸਵਾਲ ਜਵਾਬ ਸੈਸ਼ਨ” ਸੀ।
ਸਭ ਤੋਂ ਪਹਿਲਾਂ ਤਰਕਸ਼ੀਲ ਆਗੂ ਸੀਤਾ ਰਾਮ ਬਾਲਦ ਕਲਾਂ ਨੇ ਹਾਜ਼ਰੀਨ ਨੂੰ ਜੀ ਆਇਆਂ ਕਿਹਾ ਤੇ ਸ਼ਹੀਦ -ਏ -ਭਗਤ ਸਿੰਘ ਦੇ ਜਨਮਦਿਨ ਨੂੰ ਸਮਰਪਿਤ ਲੀਫਲੈਟ ਸਰੋਤਿਆਂ ਨੂੰ ਵੰਡੇ ਗਏ। ਇਸ ਮੌਕੇ ਲਖਵਿੰਦਰ ਸਿੰਘ ਨੇ ਲੋਕ ਪੱਖੀ ਗੀਤ ਪੇਸ਼ ਕੀਤਾ। ਉਸ ਤੋਂ ਬਾਅਦ ਮੁੱਖ ਬੁਲਾਰੇ ਤਰਕਸ਼ੀਲ ਆਗੂ ਮਾਸਟਰ ਸੁਰਜੀਤ ਸਿੰਘ ਦੋਧਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਵਾਸਤੂ ਸ਼ਾਸਤਰ, ਜੋਤਿਸ਼,ਗ੍ਰਹਿ ਚਾਲ,ਤਾਰੇ, ਰਾਸ਼ੀਆਂ ਦਾ ਮਨੁੱਖੀ ਜੀਵਨ, ਵਿਆਹ-ਸ਼ਾਦੀ, ਨੌਕਰੀ ਜਾਂ ਕਾਰੋਬਾਰ ਨਾਲ ਕੋਈ ਵਿਗਿਆਨਕ ਸਬੰਧ ਨਹੀਂ ਹੈ। ਵਾਸਤੂ, ਹਸਤ ਰੇਖਾ ਅਤੇ ਮੰਗਲੀਕ ਦੋਸ਼ ਦੇ ਨਾਂ ‘ਤੇ ਲੋਕਾਂ ਨੂੰ ਡਰਾ ਕੇ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਨੇ ਵਿਗਿਆਨਕ ਤੱਥਾਂ ਅਤੇ ਉਦਾਹਰਣਾਂ ਨਾਲ ਸਾਬਤ ਕੀਤਾ ਕਿ ਇਹ ਸਭ ਅੰਧਵਿਸ਼ਵਾਸ ਹਨ, ਜੋ ਮਨੁੱਖ ਨੂੰ ਡਰਪੋਕ ਅਤੇ ਲਾਚਾਰ ਬਣਾਉਂਦੇ ਹਨ।
ਇਸ ਮੌਕੇ ਜੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਨੇ ਖੁਦ “ਮੈਂ ਨਾਸਤਿਕ ਕਿਉਂ ਹਾਂ” ਲਿਖ ਕੇ ਵਿਗਿਆਨਕ ਸੋਚ ਦੀ ਗੱਲ ਕੀਤੀ ਸੀ, ਸੋ ਸਾਨੂੰ ਉਨ੍ਹਾਂ ਦੇ ਵਿਚਾਰਾਂ ਨੂੰ ਅਪਣਾਉਣਾ ਚਾਹੀਦਾ ਹੈ। ਇਸ ਮੌਕੇ ਹਾਜ਼ਰੀਨ ਵੱਲੋਂ ਪੁੱਛੇ ਗਏ ਸਵਾਲਾਂ ਦੇ ਤਸੱਲੀਬਖਸ਼ ਜਵਾਬ ਦਿੱਤੇ ਗਏ। ਸਵਾਲ ਜਵਾਬ ਸੈਸ਼ਨ ਵਿੱਚ ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਜਗਜੀਤ ਭੁਟਾਲ, ਲੇਖਕ ਚਰਨਜੀਤ ਸਿੰਘ ਮੀਂਮਸਾ,ਪੈਨਸ਼ਨਰਜ਼ ਵੱਲੋਂ ਬੀ ਐਸ ਸੋਢੀ,ਜੈ ਸਿੰਘ , ਚੰਨੋ ਇਕਾਈ ਤੋਂ ਤਰਸੇਮ ਸਿੰਘ, ਸੁਖਪਾਲ ਸਿੰਘ, ਕਮਲ ਲੁਧਿਆਣਾ,ਚਰਨਜੀਤ ਪਟਵਾਰੀ, ਜਸਪਾਲ ਜੀ,ਸਮੇਤ ਵੱਡੀ ਗਿਣਤੀ ਵਿੱਚ ਪੈਨਸ਼ਨਰਜ਼, ਅਧਿਆਪਕ, ਨੌਜਵਾਨ ਅਤੇ ਔਰਤਾਂ ਨੇ ਭਾਗ ਲਿਆ।
ਅੰਤ ਵਿੱਚ ਇਕਾਈ ਸੰਗਰੂਰ ਦੇ ਆਗੂਆਂ ਮਾਸਟਰ ਪਰਮਵੇਦ, ਸੀਤਾ ਰਾਮ, ਗੁਰਦੀਪ ਸਿੰਘ ਲਹਿਰਾ , ਅਮਰੀਕ ਖੋਖਰ,ਪ੍ਰਗਟ ਸਿੰਘ, ਗੋਪਾਲ , ਦਰਸ਼ਨ ਖਾਈ ,ਬਲਰਾਜ ਲਹਿਰਾ,ਲਛਮਣ ਸਿੰਘ, ਵਰਿੰਦਰ ਕੁਮਾਰ,ਪਰਮਜੀਤ ਕੌਰ, ਇਕਬਾਲ ਕੌਰ, ਸੁਨੀਤਾ ਰਾਣੀ, ਸੀਤਾ ਦੇਵੀ,ਪਰਮਿੰਦਰ ਸਿੰਘ,,ਰਾਮਸਰੂਪ,ਰਮੇਸ਼ ਭਵਾਨੀਗੜ੍ਹ ਸੁਖਦੇਵ ਸਿੰਘ ਕਿਸ਼ਨਗੜ੍ਹ , ਸੁਖਵਿੰਦਰ ਸਿੰਘ, ਪ੍ਰਹਲਾਦ ਸਿੰਘ,ਹੇਮਰਾਜ ਸਮੇਤ ਸਾਰੇ ਤਰਕਸ਼ੀਲ ਮੈਂਬਰਾਂ ਨੇ ਆਏ ਹੋਏ ਸਾਰੇ ਸਰੋਤਿਆਂ ਅਤੇ ਮਾਸਟਰ ਸੁਰਜੀਤ ਸਿੰਘ ਦੋਧਰ ਜੀ ਦਾ ਧੰਨਵਾਦ ਕੀਤਾ , ਮਾਸਟਰ ਦੋਧਰ ਨੂੰ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਤਰਕਸ਼ੀਲਾਂ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਗਿਆਨ ਵਰਧਕ ਸਮਾਗਮ ਕਰਵਾਉਂਦੇ ਰਹਿਣ ਦਾ ਪ੍ਰਣ ਕੀਤਾ।
















