ਭਗਵੰਤ ਮਾਨ ਸਰਕਾਰ ਵਿਰੁੱਧ ਗਰਜੇ ਅਧਿਆਪਕ! ਟੀਚਰ ਜਥੇਬੰਦੀਆਂ ਨੇ ਇਕਜੁੱਟ ਹੋ ਕੇ DC ਨੂੰ ਸੌਂਪਿਆ ਮੰਗ ਪੱਤਰ; ਦਿੱਤੀ ਤਿੱਖੇ ਸੰਘਰਸ਼ ਦੀ ਚੇਤਾਵਨੀ

 

ਭਗਵੰਤ ਮਾਨ ਸਰਕਾਰ ਵਿਰੁੱਧ ਗਰਜੇ ਅਧਿਆਪਕ! ਟੀਚਰ ਜਥੇਬੰਦੀਆਂ ਨੇ ਇਕਜੁੱਟ ਹੋ ਕੇ DC ਨੂੰ ਸੌਂਪਿਆ ਮੰਗ ਪੱਤਰ; ਦਿੱਤੀ ਤਿੱਖੇ ਸੰਘਰਸ਼ ਦੀ ਚੇਤਾਵਨੀ

ਅਧਿਆਪਕਾਂ ਨੇ ਖੋਲ੍ਹਿਆ ਮੋਰਚਾ; ਪੁਰਾਣੀ ਪੈਨਸ਼ਨ ਅਤੇ ਭੱਤਿਆਂ ਦੀ ਬਹਾਲੀ ਲਈ ਫਿਰੋਜ਼ਪੁਰ ‘ਚ ਦਿੱਤਾ ਧਰਨਾ

ਫਿਰੋਜ਼ਪੁਰ, 5 ਮਈ 2026: ਪੰਜਾਬ ਦੀਆਂ ਛੇ ਪ੍ਰਮੁੱਖ ਸੰਘਰਸ਼ਸ਼ੀਲ ਅਧਿਆਪਕ ਜਥੇਬੰਦੀਆਂ ਦੇ ਸਾਂਝੇ ਸੱਦੇ ‘ਤੇ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਇਕਾਈਆਂ ਵੱਲੋਂ ਇਕਜੁੱਟਤਾ ਦਾ ਪ੍ਰਦਰਸ਼ਨ ਕਰਦੇ ਹੋਏ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਅਧਿਆਪਕ ਆਗੂਆਂ ਨੇ ਨੈਬ ਤਹਿਸੀਲਦਾਰ ਮੈਡਮ ਪ੍ਰਿਆ ਰਾਣੀ ਰਾਹੀਂ ਸਰਕਾਰ ਤੱਕ ਆਪਣੀਆਂ ਹੱਕੀ ਮੰਗਾਂ ਪਹੁੰਚਾਈਆਂ।

ਇਸ ਮੌਕੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (DTF), ਮੈਰੀਟੋਰੀਅਸ ਟੀਚਰਜ਼ ਯੂਨੀਅਨ ਅਤੇ ਵੱਖ-ਵੱਖ ਭਰਤੀਆਂ (3704, 2392, 6635, 4161) ਨਾਲ ਸਬੰਧਤ ਅਧਿਆਪਕ ਆਗੂਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਪੰਜ ਸਾਲ ਪੂਰੇ ਹੋਣ ਵਾਲੇ ਹਨ, ਪਰ ਅਫਸੋਸ ਦੀ ਗੱਲ ਹੈ ਕਿ ਅਧਿਆਪਕਾਂ ਦੀਆਂ ਮੁੱਖ ਮੰਗਾਂ ਅਜੇ ਵੀ ਜਿਉਂ ਦੀਆਂ ਤਿਉਂ ਲਟਕ ਰਹੀਆਂ ਹਨ।

ਅਧਿਆਪਕ ਜਥੇਬੰਦੀਆਂ ਨੇ ਮੰਗ ਪੱਤਰ ਰਾਹੀਂ ਹੇਠ ਲਿਖੀਆਂ ਮੰਗਾਂ ਤੁਰੰਤ ਹੱਲ ਕਰਨ ਦੀ ਮੰਗ ਕੀਤੀ….

  • ਮੈਰੀਟੋਰੀਅਸ ਅਧਿਆਪਕਾਂ ਨੂੰ ਰੈਗੂਲਰ ਕਰਕੇ ਸਿੱਖਿਆ ਵਿਭਾਗ ਵਿੱਚ ਮਰਜ਼ ਕਰਨਾ।
  • ਪੰਜਾਬ ਦੇ ਪੇ-ਸਕੇਲ ਅਤੇ ਪੁਰਾਣੀ ਪੈਨਸ਼ਨ ਸਕੀਮ (OPS) ਨੂੰ ਤੁਰੰਤ ਬਹਾਲ ਕਰਨਾ।
  • ਰੀਕਾਸਟ ਲਿਸਟਾਂ ਵਿੱਚੋਂ ਬਾਹਰ ਹੋਏ ਅਧਿਆਪਕਾਂ ਨੂੰ ਮੁੜ ਸ਼ਾਮਿਲ ਕਰਨਾ।
  • ਬਦਲੀਆਂ ਦਾ ਪੋਰਟਲ ਤੁਰੰਤ ਖੋਲ੍ਹਣਾ ਅਤੇ ਅਸਾਮੀਆਂ ਦੀ ਬਰਾਬਰ ਵੰਡ ਕਰਨਾ।
  • ਬਾਰਡਰ ਏਰੀਆ ਅਤੇ ਪੇਂਡੂ ਭੱਤੇ ਸਮੇਤ 37 ਤਰ੍ਹਾਂ ਦੇ ਭੱਤੇ ਮੁੜ ਸ਼ੁਰੂ ਕਰਨਾ।
  • ਡੀ.ਏ. (DA) ਦੀਆਂ ਕਿਸ਼ਤਾਂ ਅਤੇ 2016 ਤੋਂ ਪੇ-ਕਮਿਸ਼ਨ ਦਾ ਬਕਾਇਆ ਜਾਰੀ ਕਰਨਾ।

ਡੀ.ਟੀ.ਐਫ. ਦੇ ਜ਼ਿਲ੍ਹਾ ਪ੍ਰਧਾਨ ਬਲਰਾਮ ਸ਼ਰਮਾ, ਜਨਰਲ ਸਕੱਤਰ ਗਗਨਦੀਪ ਬਰਾੜ, ਡਾ. ਅਜੈ ਸ਼ਰਮਾ (ਮੈਰੀਟੋਰੀਅਸ ਯੂਨੀਅਨ), ਯੁੱਧਜੀਤ ਸਰਾਂ (2392), ਬਲਵੰਤ ਸਿੰਘ (3704), ਗੁਰਜੀਤ ਸਿੰਘ (4161) ਅਤੇ ਸੁੱਖਵੀਰ ਗਿੱਲ (6635) ਨੇ ਸਾਂਝੇ ਤੌਰ ‘ਤੇ ਸਰਕਾਰ ਨੂੰ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਮੰਗਾਂ ਦਾ ਠੋਸ ਹੱਲ ਨਾ ਕੱਢਿਆ ਗਿਆ ਤਾਂ ਸਾਰੀਆਂ ਜਥੇਬੰਦੀਆਂ ਇੱਕਜੁੱਟ ਹੋ ਕੇ ਸਰਕਾਰ ਵਿਰੁੱਧ ਸੂਬਾ ਪੱਧਰੀ ਡੱਟਵਾਂ ਵਿਰੋਧ ਪ੍ਰਦਰਸ਼ਨ ਕਰਨਗੀਆਂ।