Join WhatsApp

Join Now

ਜ਼ਿੰਦਗੀ ਦੀ ਕਿਤਾਬ ਦਾ ਸਭ ਤੋਂ ਸੁਚੱਜਾ ਅਧਿਆਪਕ…

On: ਸਤੰਬਰ 5, 2026 11:08 ਬਾਃ ਦੁਃ

 

ਜ਼ਿੰਦਗੀ ਦੀ ਕਿਤਾਬ ਦਾ ਸਭ ਤੋਂ ਸੁਚੱਜਾ ਅਧਿਆਪਕ…

ਅਮਨਪ੍ਰੀਤ ਕੌਰ ਆਮੀਨ

ਕਹਿੰਦੇ ਨੇ, ਇਨਸਾਨ ਜਦੋਂ ਤੋਂ ਧਰਤੀ ’ਤੇ ਸਾਹ ਲੈਣਾ ਸ਼ੁਰੂ ਕਰਦਾ ਹੈ, ਉਦੋਂ ਤੋਂ ਹੀ ਸਿੱਖਣ ਦਾ ਸਫ਼ਰ ਵੀ ਸ਼ੁਰੂ ਹੋ ਜਾਂਦਾ ਹੈ। ਇਨਸਾਨ ਜਦੋਂ ਦੁਨੀਆ ਵਿੱਚ ਆਉਂਦਾ ਹੈ ਤਾਂ ਪਹਿਲੀ ਘੁੱਟ ਮਾਂ ਦੇ ਦੁੱਧ ਦੀ ਭਰਦਾ ਹੈ। ਉਹ ਪਹਿਲੀ ਘੁੱਟ ਵੀ ਉਹ ਬੜੀ ਮਾਸੂਮੀਅਤ ਨਾਲ, ਸਿੱਖਦੇ-ਸਿੱਖਦੇ ਹੀ ਭਰਦਾ ਹੈ।

ਬੱਸ, ਉਸ ਪਲ ਤੋਂ ਜ਼ਿੰਦਗੀ ਉਸ ਦੀ ਅਧਿਆਪਕ ਬਣ ਜਾਂਦੀ ਹੈ ਅਤੇ ਇਨਸਾਨ ਆਖਰੀ ਸਾਹ ਤੱਕ ਕੁਝ ਨਾ ਕੁਝ ਸਿੱਖਦਾ ਰਹਿੰਦਾ ਹੈ। ਜ਼ਿੰਦਗੀ ਵਿੱਚ ਅਸੀਂ ਜੋ ਕੁਝ ਚੰਗਾ-ਮਾੜਾ ਸਿੱਖਦੇ ਹਾਂ ਅਤੇ ਜਿਨ੍ਹਾਂ ਲੋਕਾਂ ਤੋਂ ਸਿੱਖਦੇ ਹਾਂ, ਉਹ ਸਾਰੇ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਗੁਰੂ, ਸਾਡੇ ਅਧਿਆਪਕ ਹੀ ਹੁੰਦੇ ਹਨ।

ਬਚਪਨ ਵਿੱਚ ਮਾਂ-ਪਿਓ, ਦਾਦਾ-ਦਾਦੀ ਸਾਨੂੰ ਉਂਗਲ ਫੜ ਕੇ ਤੁਰਨਾ ਸਿਖਾਉਂਦੇ ਹਨ। ਉਹ ਸਿਰਫ਼ ਜ਼ਿੰਦਗੀ ਦੇ ਮੁੱਢਲੇ ਸਬਕ ਹੀ ਨਹੀਂ ਦਿੰਦੇ, ਸਗੋਂ ਸਾਨੂੰ ਜਵਾਨੀ ਦੀਆਂ ਬਰੂਹਾਂ ਤੱਕ ਲੈ ਕੇ ਜਾਂਦੇ ਹਨ। ਫਿਰ ਜ਼ਿੰਦਗੀ ਦਾ ਇੱਕ ਹੋਰ ਪੜਾਅ ਉਦੋਂ ਸ਼ੁਰੂ ਹੁੰਦਾ ਹੈ, ਜਦੋਂ ਵਿਆਹ ਹੁੰਦਾ ਹੈ ਅਤੇ ਸਾਡੇ ਨਾਲ ਇੱਕ ਨਵਾਂ ਇਨਸਾਨ ਜੁੜਦਾ ਹੈ।

ਇੱਕ ਸਮਝਦਾਰ, ਸੁਚੱਜੀ ਸੋਚ ਅਤੇ ਸੋਹਣੇ ਖਿਆਲਾਂ ਵਾਲਾ ਹਮਸਫ਼ਰ ਸਾਡੀ ਜ਼ਿੰਦਗੀ ਨੂੰ ਹੋਰ ਵੀ ਨਿਖਾਰ ਦਿੰਦਾ ਹੈ। ਉਹ ਸਾਨੂੰ ਕਈ ਅਜਿਹੇ ਸਬਕ ਸਿਖਾਉਂਦਾ ਹੈ, ਜੋ ਸ਼ਾਇਦ ਕੋਈ ਕਿਤਾਬ ਨਹੀਂ ਸਿਖਾ ਸਕਦੀ। ਮੈਂ ਜਿੰਨੀ ਪੜ੍ਹਾਈ ਜ਼ਿੰਦਗੀ ਲਈ ਜ਼ਰੂਰੀ ਸੀ, ਕੀਤੀ ਅਤੇ ਇਸ ਦੌਰਾਨ ਬਹੁਤ ਚੰਗੇ ਅਧਿਆਪਕ ਵੀ ਮਿਲੇ। ਪਰ ਅਕਤੂਬਰ 2025 ਵਿੱਚ ਜੀਤ ਬਰਾੜ ਦੇ ਰੂਪ ਵਿੱਚ ਮੈਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਸੁਚੱਜਾ ਅਧਿਆਪਕ ਮਿਲਿਆ।

ਉਸ ਨੇ ਮੈਨੂੰ ਇਹ ਸਿਖਾਇਆ ਕਿ ਕਿਤਾਬਾਂ ਤੋਂ ਬਾਹਰ ਨਿਕਲ ਕੇ ਦੁਨੀਆਂ ਨੂੰ ਕਿਵੇਂ ਪੜ੍ਹਿਆ ਜਾਂਦਾ ਹੈ।
ਜ਼ਿੰਦਗੀ ਦੀਆਂ ਧੁੱਪਾਂ-ਛਾਵਾਂ ਦਾ ਸਾਹਮਣਾ ਕਿਵੇਂ ਕਰਨਾ ਹੈ। ਹਾਲਾਤ ਭਾਵੇਂ ਕਿੰਨੇ ਵੀ ਔਖੇ ਹੋਣ, ਮਨ ਨੂੰ ਸਹਿਜ ਰੱਖ ਕੇ ਚੰਗੇ ਸਮੇਂ ਦੀ ਉਡੀਕ ਕਿਵੇਂ ਕਰਨੀ ਹੈ।

ਉਸ ਨੇ ਇਹ ਵੀ ਸਿਖਾਇਆ ਕਿ ਜੋ ਅਸੀਂ ਦਿਲੋਂ ਸੋਚਦੇ ਹਾਂ, ਜਿਸ ਲਈ ਸੱਚੇ ਮਨ ਨਾਲ ਕੋਸ਼ਿਸ਼ ਕਰਦੇ ਹਾਂ, ਉਹ ਅੱਜ ਨਹੀਂ ਤਾਂ ਕੱਲ੍ਹ ਸਾਡੀ ਜ਼ਿੰਦਗੀ ਦਾ ਹਿੱਸਾ ਜ਼ਰੂਰ ਬਣ ਸਕਦਾ ਹੈ। ਅਤੇ ਇਹ ਵੀ ਕਿ ਪਾਕ-ਸਾਫ਼ ਦਿਲ ਵਾਲੇ ਇਨਸਾਨਾਂ ਦੇ ਨਾਲ ਰੱਬ ਕਿਵੇਂ ਮੋਢਾ ਲਾ ਕੇ ਖੜ੍ਹਦਾ ਹੈ।

ਅੱਜ ਅਧਿਆਪਕ ਦਿਵਸ ਮੌਕੇ ਮੇਰੇ ਦਿਲ ਵਿੱਚ ਇੱਕੋ ਗੱਲ ਆਉਂਦੀ ਹੈ- ਧੰਨਵਾਦ ਉਸ ਰੱਬ ਦਾ, ਜਿਸ ਨੇ ਮੇਰੀ ਜ਼ਿੰਦਗੀ ਵਿੱਚ ਐਨਾ ਚੰਗਾ ਅਧਿਆਪਕ ਭੇਜਿਆ, ਜੋ ਕਿਤਾਬਾਂ ਨਹੀਂ, ਸਗੋਂ ਜ਼ਿੰਦਗੀ ਪੜ੍ਹਨੀ ਸਿਖਾ ਰਿਹਾ ਹੈ। ਸਾਡੇ ਸਾਰੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਦਿਲੋਂ ਲੱਖ-ਲੱਖ ਵਧਾਈਆਂ।

 

Leave a Comment