Teacher Transfers: ਅਧਿਆਪਕਾਂ ਦੀਆਂ ਬਦਲੀਆਂ ਅਪਲਾਈ ਕਰਨ ਦਾ ਅੱਜ ਆਖਰੀ ਦਿਨ: ਪਿਛਲੇ 3 ਦਿਨਾਂ ਤੋਂ ਸਾਈਟ ਬੰਦ, ਸਿੱਖਿਆ ਵਿਭਾਗ ਸੁੱਤਾ ਕੁੰਭਕਰਨੀ ਨੀਂਦ!

 

Teacher Transfers: ਅਧਿਆਪਕਾਂ ਦੀਆਂ ਬਦਲੀਆਂ ਅਪਲਾਈ ਕਰਨ ਦਾ ਅੱਜ ਆਖਰੀ ਦਿਨ; ਪਿਛਲੇ 3 ਦਿਨਾਂ ਪੋਰਟਲ ਬੰਦ, ਟੀਚਰ ਪ੍ਰੇਸ਼ਾਨ

ਅਧਿਆਪਕਾਂ ਦੀਆਂ ਬਦਲੀਆਂ ਅਪਲਾਈ ਕਰਨ ਦਾ ਅੱਜ ਆਖਰੀ ਦਿਨ: ਪਿਛਲੇ 3 ਦਿਨਾਂ ਤੋਂ ਸਾਈਟ ਬੰਦ, ਸਿੱਖਿਆ ਵਿਭਾਗ ਸੁੱਤਾ ਕੁੰਭਕਰਨੀ ਨੀਂਦ!

ਮਾਨ ਸਰਕਾਰ ਦਾ ‘ਸਿੱਖਿਆ ਕ੍ਰਾਂਤੀ’ ਦਾ ਦਾਅਵਾ ਫੇਲ੍ਹ! ਈ-ਪੰਜਾਬ ਪੋਰਟਲ ਦਾ ਗੇਅਰ ਅੜਿਆ, ਅਧਿਆਪਕ ਹੋ ਰਹੇ ਨੇ ਖੱਜਲ ਖੁਆਰ

ਚੰਡੀਗੜ੍ਹ, 14 ਮਈ 2026-

Teacher Transfers: ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਵਿੱਚ ‘ਸਿੱਖਿਆ ਕ੍ਰਾਂਤੀ’ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਇਸ ਦੇ ਬਿਲਕੁਲ ਉਲਟ ਨਜ਼ਰ ਆ ਰਹੀ ਹੈ। ਸਿੱਖਿਆ ਵਿਭਾਗ ਦੇ ਨਾਕਾਮ ਸਿਸਟਮ ਕਾਰਨ ਅੱਜ ਪੰਜਾਬ ਦੇ ਹਜ਼ਾਰਾਂ ਅਧਿਆਪਕ ਮਾਨਸਿਕ ਪ੍ਰੇਸ਼ਾਨੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਅਧਿਆਪਕਾਂ ਦੀਆਂ ਬਦਲੀਆਂ (Transfers) ਅਪਲਾਈ ਕਰਨ ਦਾ ਅੱਜ ਆਖਰੀ ਦਿਨ ਹੈ, ਪਰ ਅਫ਼ਸੋਸ ਕਿ ਪਿਛਲੇ ਤਿੰਨ ਦਿਨਾਂ ਤੋਂ ਈ-ਪੰਜਾਬ (e-Punjab) ਪੋਰਟਲ ਪੂਰੀ ਤਰ੍ਹਾਂ ਠੱਪ ਪਿਆ ਹੈ।

ਹਾਲਾਤ ਇਹ ਹਨ ਕਿ ਅਧਿਆਪਕ ਆਪਣੇ ਜਾਇਜ਼ ਹੱਕ ਅਤੇ ਬਦਲੀਆਂ ਲਈ ਦਿਨ-ਰਾਤ ਕੰਪਿਊਟਰਾਂ ਅਤੇ ਮੋਬਾਈਲਾਂ ਸਾਹਮਣੇ ਬੈਠ ਕੇ ਸਾਈਟ ਚੱਲਣ ਦਾ ਇੰਤਜ਼ਾਰ ਕਰ ਰਹੇ ਹਨ, ਪਰ ਪੋਰਟਲ ‘ਤੇ ਸਿਰਫ਼ ‘ਐਰਰ’ ਹੀ ਨਜ਼ਰ ਆ ਰਿਹਾ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਸਾਈਟ ਨਾ ਚੱਲਣ ਕਾਰਨ ਅਧਿਆਪਕ ਸਿਰਫ਼ ਬਦਲੀਆਂ ਹੀ ਨਹੀਂ, ਸਗੋਂ ਆਪਣੀਆਂ ਜ਼ਰੂਰੀ ਛੁੱਟੀਆਂ ਭਰਨ ਤੋਂ ਵੀ ਅਸਮਰੱਥ ਹਨ।

ਇੱਕ ਪਾਸੇ ਸਰਕਾਰ ਅਧਿਆਪਕਾਂ ਨੂੰ ਸਿੰਗਾਪੁਰ ਭੇਜਣ ਦੇ ਸੋਹਲੇ ਗਾ ਰਹੀ ਹੈ, ਦੂਜੇ ਪਾਸੇ ਆਪਣੇ ਹੀ ਸੂਬੇ ਦਾ ਆਨਲਾਈਨ ਸਿਸਟਮ ਸਹੀ ਕਰਨ ਵਿੱਚ ਨਾਕਾਮ ਸਾਬਤ ਹੋ ਰਹੀ ਹੈ। ਅਧਿਆਪਕ ਜਥੇਬੰਦੀਆਂ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ ਹੈ ਕਿ ਸਰਕਾਰ ਦੇ ਇਸ ਗੈਰ-ਜ਼ਿੰਮੇਵਾਰਾਨਾ ਰਵੱਈਏ ਕਾਰਨ ਅਧਿਆਪਕਾਂ ਵਿੱਚ ਭਾਰੀ ਰੋਸ ਹੈ।

ਅਧਿਆਪਕਾਂ ਮੰਗ ਕੀਤੀ ਕਿ, ਈ-ਪੰਜਾਬ ਪੋਰਟਲ ਨੂੰ ਤੁਰੰਤ ਤਕਨੀਕੀ ਤੌਰ ‘ਤੇ ਦਰੁਸਤ ਕੀਤਾ ਜਾਵੇ। ਪੋਰਟਲ ਠੱਪ ਰਹਿਣ ਕਾਰਨ ਬਦਲੀਆਂ ਅਪਲਾਈ ਕਰਨ ਦੀ ਤਰੀਕ ਵਿੱਚ ਤੁਰੰਤ ਵਾਧਾ ਕੀਤਾ ਜਾਵੇ। ਸਿੱਖਿਆ ਵਿਭਾਗ ਦੇ ਲਾਪਰਵਾਹ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ।

ਪੋਰਟਲ ਬੰਦ ਹੋਣ ਉੱਤੇ ਹੁਣ ਸਵਾਲ ਇਹ ਉੱਠਦਾ ਹੈ ਕਿ ਜੇਕਰ ਸਰਕਾਰ ਇੱਕ ਵੈੱਬਸਾਈਟ ਨੂੰ ਸਹੀ ਤਰੀਕੇ ਨਾਲ ਨਹੀਂ ਚਲਾ ਸਕਦੀ, ਤਾਂ ਪੂਰੇ ਸਿੱਖਿਆ ਢਾਂਚੇ ਨੂੰ ਡਿਜੀਟਲ ਬਣਾਉਣ ਦੇ ਦਾਅਵੇ ਕਿੰਨੇ ਕੁ ਸੱਚੇ ਹਨ? ਅਧਿਆਪਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਹੀ ਪੋਰਟਲ ਚਾਲੂ ਨਾ ਹੋਇਆ ਅਤੇ ਤਰੀਕ ਨਾ ਵਧਾਈ ਗਈ, ਤਾਂ ਉਹ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੇ।