Canada ‘ਚ ਦਰਦਨਾਕ ਹਾਦਸਾ; ਦੋ ਪੰਜਾਬੀ ਨੌਜਵਾਨਾਂ ਦੀ ਮੌਤ- ਨਹਿਰ ਵਿੱਚ ਡੁੱਬਦੇ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਤਪਾ ਮੰਡੀ ਦੇ ਨੌਜਵਾਨ ਨੇ ਗਵਾਈ ਜਾਨ, ਪਰਿਵਾਰ ਦਾ ਇਕਲੌਤਾ ਪੁੱਤ ਸੀ ਮ੍ਰਿਤਕ
ਬਰਨਾਲਾ/ਤਪਾ ਮੰਡੀ, 07 ਜੁਲਾਈ 2026- ਕੈਨੇਡਾ (Canada) ਤੋਂ ਇੱਕ ਬੇਹੱਦ ਮੰਦਭਾਗੀ ਅਤੇ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ, ਜਿੱਥੇ ਨਹਿਰ ਵਿੱਚ ਡੁੱਬਦੇ ਆਪਣੇ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਅਧੀਨ ਪੈਂਦੇ ਸ਼ਹਿਰ ਤਪਾ ਮੰਡੀ ਦਾ ਰਹਿਣ ਵਾਲਾ 26 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਵੀ ਆਪਣੀ ਜਾਨ ਗਵਾ ਬੈਠਾ। ਇਸ ਭਿਆਨਕ ਹਾਦਸੇ ਵਿੱਚ ਲਵਪ੍ਰੀਤ ਅਤੇ ਉਸ ਦੇ ਦੋਸਤ, ਦੋਵਾਂ ਦੀ ਹੀ ਮੌਤ ਹੋ ਗਈ ਹੈ।

ਘਟਨਾ ਕੈਨੇਡਾ ਦੇ ਪ੍ਰਸਿੱਧ ਸ਼ਹਿਰ ਮਾਂਟਰੀਅਲ ਦੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਲਵਪ੍ਰੀਤ ਸਿੰਘ ਆਪਣੇ ਦੋਸਤਾਂ ਨਾਲ ‘ਲਾਚੀਨ ਨਹਿਰ’ (Lachine Canal) ਦੇ ਕਿਨਾਰੇ ਖੜ੍ਹਾ ਸੀ ਕਿ ਅਚਾਨਕ ਉਸ ਦੇ ਇੱਕ ਦੋਸਤ ਦਾ ਪੈਰ ਫ਼ਿਸਲ ਗਿਆ ਅਤੇ ਉਹ ਡੂੰਘੇ ਪਾਣੀ ਵਿੱਚ ਜਾ ਡਿੱਗਿਆ। ਆਪਣੇ ਦੋਸਤ ਨੂੰ ਡੁੱਬਦਾ ਦੇਖ ਲਵਪ੍ਰੀਤ ਸਿੰਘ ਨੇ ਬਿਨਾਂ ਕੁਝ ਸੋਚੇ-ਸਮਝੇ ਉਸ ਦੀ ਜਾਨ ਬਚਾਉਣ ਲਈ ਤੁਰੰਤ ਨਹਿਰ ਵਿੱਚ ਛਾਲ ਮਾਰ ਦਿੱਤੀ।
ਪਰ ਅਫ਼ਸੋਸ, ਪਾਣੀ ਦਾ ਵਹਾਅ ਬਹੁਤ ਤੇਜ਼ ਹੋਣ ਕਾਰਨ ਲਵਪ੍ਰੀਤ ਆਪਣੇ ਦੋਸਤ ਨੂੰ ਤਾਂ ਨਾ ਬਚਾ ਸਕਿਆ, ਸਗੋਂ ਉਹ ਖ਼ੁਦ ਵੀ ਉਸੇ ਤੇਜ਼ ਵਹਾਅ ਵਿੱਚ ਡੁੱਬ ਗਿਆ। ਸਥਾਨਕ ਲੋਕਾਂ ਵੱਲੋਂ ਸੂਚਨਾ ਮਿਲਣ ਤੋਂ ਬਾਅਦ ਕੈਨੇਡਾ ਪ੍ਰਸ਼ਾਸਨ ਅਤੇ ਬਚਾਅ ਟੀਮਾਂ ਨੇ ਕਈ ਘੰਟਿਆਂ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਦੋਵਾਂ ਨੂੰ ਨਹਿਰ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਪਰ ਉੱਥੇ ਡਾਕਟਰਾਂ ਨੇ ਦੋਵਾਂ ਨੂੰ ਹੀ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਲਵਪ੍ਰੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਪਰਿਵਾਰ ਦਾ ਸਾਰਾ ਸਹਾਰਾ ਸੀ। ਉਹ ਕਰੀਬ ਢਾਈ ਸਾਲ ਪਹਿਲਾਂ ਵਰਕ ਪਰਮਿਟ ‘ਤੇ ਕੈਨੇਡਾ ਗਿਆ ਸੀ ਅਤੇ ਉੱਥੇ ਇੱਕ ਕੰਪਨੀ ਵਿੱਚ ਬਤੌਰ ਟਰਾਲਾ ਡਰਾਈਵਰ ਕੰਮ ਕਰਕੇ ਪਰਿਵਾਰ ਦੀ ਆਰਥਿਕ ਮਦਦ ਕਰ ਰਿਹਾ ਸੀ। ਲਵਪ੍ਰੀਤ ਦੇ ਪਿਤਾ ਬਲਵੀਰ ਸਿੰਘ, ਜੋ ਸੀ.ਆਰ.ਪੀ.ਐਫ. (CRPF) ਵਿੱਚੋਂ ਸੇਵਾਮੁਕਤ ਸਾਬਕਾ ਫ਼ੌਜੀ ਹਨ, ਨੇ ਆਪਣੇ ਪੁੱਤ ਦੇ ਉੱਜਲ ਭਵਿੱਖ ਲਈ ਆਪਣੀ ਹਿੱਸੇ ਆਉਂਦੀ ਪੌਣੇ ਦੋ ਏਕੜ (ਅਤੇ ਪਰਿਵਾਰ ਦੀ ਕੁੱਲ ਢਾਈ ਏਕੜ) ਜ਼ਮੀਨ ਵੇਚ ਕੇ 29 ਲੱਖ ਰੁਪਏ ਦਾ ਇੰਤਜ਼ਾਮ ਕੀਤਾ ਸੀ।
ਇਸ ਦਰਦਨਾਕ ਖ਼ਬਰ ਨੇ ਪੂਰੇ ਪਰਿਵਾਰ ਅਤੇ ਤਪਾ ਮੰਡੀ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਕਲੌਤੇ ਭਰਾ ਦੀ ਮੌਤ ਤੋਂ ਬਾਅਂਦ ਜਿੱਥੇ ਭੈਣ ਦਾ ਰੋ-ਰੋ ਕੇ ਬੁਰਾ ਹਾਲ ਹੈ, ਉੱਥੇ ਹੀ ਬਜ਼ੁਰਗ ਮਾਪਿਆਂ ਦਾ ਲੱਕ ਟੁੱਟ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਹਿਜ਼ 10 ਦਿਨ ਪਹਿਲਾਂ ਹੀ ਲਵਪ੍ਰੀਤ ਨੇ ਫ਼ੋਨ ‘ਤੇ ਗੱਲਬਾਤ ਕੀਤੀ ਸੀ ਅਤੇ ਸਭ ਠੀਕ-ਠਾਕ ਸੀ।
ਰੋਂਦੇ-ਕੁਰਲਾਉਂਦੇ ਮਾਪਿਆਂ ਨੇ ਭਰੇ ਮਨ ਨਾਲ ਕੇਂਦਰ ਸਰਕਾਰ, ਪੰਜਾਬ ਸਰਕਾਰ, ਕੈਨੇਡਾ ਸਰਕਾਰ ਅਤੇ ਵਿਦੇਸ਼ਾਂ ਵਿੱਚ ਬੈਠੇ ਦਾਨੀ ਸੱਜਣਾਂ ਤੇ ਐਨ.ਆਰ.ਆਈ. (NRI) ਭਾਈਚਾਰੇ ਨੂੰ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਇਕਲੌਤੇ ਪੁੱਤ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਪੰਜਾਬ (ਤਪਾ ਮੰਡੀ) ਲਿਆਉਣ ਵਿੱਚ ਪਰਿਵਾਰ ਦੀ ਮਦਦ ਕੀਤੀ ਜਾਵੇ, ਤਾਂ ਜੋ ਉਹ ਆਪਣੇ ਹੱਥਾਂ ਨਾਲ ਪੁੱਤ ਦਾ ਅੰਤਿਮ ਸੰਸਕਾਰ ਕਰ ਸਕਣ।
















