ਲੈਂਡ ਪੂਲਿੰਗ ਨੀਤੀ ਖਿਲਾਫ ਸੰਯੁਕਤ ਕਿਸਾਨ ਮੋਰਚੇ ਦਾ ਹੱਲਾ ਬੋਲ! ਐੱਸਕੇਐੱਮ ਦੇ ਸੱਦੇ ਤੇ 22 ਜੁਲਾਈ ਨੂੰ ਗੁਰਮੀਤ ਸਿੰਘ ਰਾਣਾ ਸੋਢੀ ਦੀ ਰਿਹਾਇਸ਼ ਦੇ ਬਾਹਰ ਦਿੱਤਾ ਜਾਵੇਗਾ ਧਰਨਾ- ਸਾਰੇ ਟੋਲ ਪਲਾਜੇ 12 ਵਜੇ ਤੋਂ ਤਿੰਨ ਵਜੇ ਤੱਕ ਕੀਤੇ ਜਾਣਗੇ ਫਰੀ
ਦਲਜੀਤ ਕੌਰ
ਫਿਰੋਜ਼ਪੁਰ, 18 ਜੁਲਾਈ, 2026: ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਹੋਈ। ਇਸ ਵਿੱਚ ਸੰਯੁਕਤ ਕਿਸਾਨ ਮੋਰਚਾ ਦੀਆਂ ਸੱਤ ਜਥੇਬੰਦੀਆਂ ਦੇ ਆਗੂਆਂ ਨੇ ਭਾਗ ਲਿਆ। ਮੀਟਿੰਗ ਦੀ ਪ੍ਰਧਾਨਗੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜਗੀਰ ਸਿੰਘ ਖਹਿਰਾ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਬੁੱਟਰ) ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਨੇ ਕੀਤੀ।
ਮੀਟਿੰਗ ਵਿੱਚ ਹਾਜ਼ਰ ਆਗੂਆਂ ਨੇ ਵਿਚਾਰ ਕਰਦਿਆਂ ਕਿਹਾ ਕਿ ਜੇਕਰ ਭਾਰਤ ਅਤੇ ਅਮਰੀਕਾ ਵਿਚਕਾਰ ਟੈਰਿਫ ਮੁਕਤ ਵਪਾਰ ਸਮਝੌਤਾ ਹੋ ਜਾਂਦਾ ਹੈ ਤਾਂ ਇਹ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਅਤੇ ਆਮ ਲੋਕਾਂ ਲਈ ਮਾਰੂ ਸਿੱਧ ਹੋਵੇਗਾ। ਆਗੂਆਂ ਨੇ ਕਿਹਾ ਕਿ ਅਮਰੀਕਾ ਤੋਂ ਸਸਤੀ ਮੱਕੀ, ਸੋਇਆਬੀਨ ਦਾ ਤੇਲ, ਡਰਾਈ ਫਰੂਟ, ਹਰ ਤਰ੍ਹਾਂ ਦੇ ਫਲ ਅਤੇ ਹੋਰ ਖੇਤੀ ਉਤਪਾਦਨ ਭਾਰਤ ਵਿੱਚ ਆਉਣਗੇ ਅਤੇ ਭਾਰਤੀ ਖੇਤੀ ਨੂੰ ਤਬਾਹ ਕਰ ਦੇਣਗੇ।
ਇਸ ਤੋਂ ਇਲਾਵਾ ਕਿਸਾਨਾਂ ਵੱਲੋਂ 2025 ਵਿੱਚ ਸੰਘਰਸ਼ ਕਰਕੇ ਵਾਪਸ ਕਰਵਾਈ ਗਈ ਲੈਂਡ ਪੂਲਿੰਗ ਨੀਤੀ ਨੂੰ ਪੰਜਾਬ ਸਰਕਾਰ ਫਿਰ ਸ਼ਿੰਗਾਰ ਕੇ ਲੈ ਆਈ ਹੈ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਇਸ ਬਹਾਨੇ ਨਾਲ ਕਿਸਾਨਾਂ ਦੀ ਜ਼ਮੀਨ ਖੋਹ ਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ।
ਇਸ ਤੋਂ ਇਲਾਵਾ ਅਮਰੀਕਾ ਇਰਾਨ ਜੰਗ ਦੇ ਬਹਾਨੇ ਨਾਲ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਵਧਾਈਆਂ ਗਈਆਂ ਕੀਮਤਾਂ ਦੇ ਖਿਲਾਫ ਵੀ ਕਿਸਾਨ ਆਗੂਆਂ ਵਿੱਚ ਕਾਫੀ ਰੋਹ ਅਤੇ ਗੁੱਸਾ ਵੇਖਣ ਨੂੰ ਮਿਲਿਆ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਫੈਸਲਾ ਕੀਤਾ ਗਿਆ ਕਿ 22 ਜੁਲਾਈ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਸਾਰੇ ਟੋਲ ਪਲਾਜੇ 12 ਵਜੇ ਤੋਂ ਸ਼ਾਮ ਤਿੰਨ ਵਜੇ ਤੱਕ ਫਰੀ ਕੀਤੇ ਜਾਣਗੇ ਅਤੇ ਭਾਜਪਾ ਦੇ ਆਗੂ ਗੁਰਮੀਤ ਸਿੰਘ ਰਾਣਾ ਸੋਢੀ ਦੀ ਰਿਹਾਇਸ਼ ਅੱਗੇ ਫਿਰੋਜ਼ਪੁਰ ਛਾਉਣੀ ਵਿਖੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਮਿਹਨਤਕਸ਼ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸੰਘਰਸ਼ ਵਿੱਚ ਸੰਯੁਕਤ ਕਿਸਾਨ ਮੋਰਚੇ ਦਾ ਵੱਧ ਚੜ੍ਹ ਕੇ ਸਾਥ ਦੇਣ ਅਤੇ ਇਹਨਾਂ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਣ।
ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਹਰਨੇਕ ਸਿੰਘ ਮਹਿਮਾ, ਜਗੀਰ ਸਿੰਘ ਖਹਿਰਾ ਅਤੇ ਗੁਲਜਾਰ ਸਿੰਘ ਕਬਰ ਵੱਛਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬੁੱਟਰ ਗਰੁੱਪ ਦੇ ਗੁਰਮੀਤ ਸਿੰਘ, ਸੁਰਜੀਤ ਕੁਮਾਰ ਅਤੇ ਸਰਵਨ ਸਿੰਘ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਰਨੈਲ ਸਿੰਘ ਸਰਪੰਚ ਅਤੇ ਜਰਨੈਲ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਰਾਜਵੀਰ ਸਿੰਘ ਅਤੇ ਗੁਰਦਿਆਲ ਸਿੰਘ, ਭਾਰਤੀ ਕਿਸਾਨ ਯੂਨੀਅਨ ਮਾਲਵਾ ਹੀਰਕੇ ਦੇ ਪ੍ਰਕਾਸ਼ ਸਿੰਘ, ਕੌਮੀ ਕਿਸਾਨ ਯੂਨੀਅਨ ਦੇ ਸੁਖਮੰਦਰ ਸਿੰਘ, ਜਗਸੀਰ ਸਿੰਘ ਅਤੇ ਬੋਘ ਸਿੰਘ ਸਰਪੰਚ, ਕੁਲ ਹਿੰਦ ਕਿਸਾਨ ਸਭਾ ਦੇ ਗੁਰਦਿੱਤ ਸਿੰਘ ਤੋਂ ਇਲਾਵਾ ਹੋਰ ਵੀ ਕਿਸਾਨ ਆਗੂ ਹਾਜ਼ਰ ਸਨ।
















