Rain Alert: ਪੰਜਾਬ ‘ਚ ਫਿਰ ਬਦਲੇਗਾ ਮੌਸਮ! ਕਈ ਜ਼ਿਲ੍ਹਿਆਂ ‘ਚ ਭਾਰੀ ਬਾਰਿਸ਼ ਦੀ ਚੇਤਾਵਨੀ
ਚੰਡੀਗੜ੍ਹ, 7 ਅਗਸਤ 2026-
Rain Alert: ਪੰਜਾਬ ‘ਚ ਇੱਕ ਵਾਰ ਫਿਰ ਮੌਸਮ ‘ਚ ਵੱਡੀ ਤਬਦੀਲੀ ਵੇਖਣ ਨੂੰ ਮਿਲੇਗੀ। ਅਗਲੇ ਕੁਝ ਦਿਨਾਂ ਦੌਰਾਨ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਮਾਨਸੂਨ ਦੀ ਸਰਗਰਮੀ ਵਧਣ ਕਾਰਨ ਮੀਂਹ ਪੈਣ ਦੀ ਪੂਰੀ ਸੰਭਾਵਨਾ ਜਤਾਈ ਗਈ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (IMD) ਦੇ ਚੰਡੀਗੜ੍ਹ ਕੇਂਦਰ ਵੱਲੋਂ 7 ਅਗਸਤ ਤੋਂ 11 ਅਗਸਤ ਤੱਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਲਈ ਮੀਂਹ ਦੀ ਤਾਜ਼ਾ ਭਵਿੱਖਬਾਣੀ ਜਾਰੀ ਕੀਤੀ ਗਈ ਹੈ। ਇਸ ਪੂਰਵ-ਅਨੁਮਾਨ ਮੁਤਾਬਕ ਸੂਬੇ ਦੇ ਕਈ ਹਿੱਸਿਆਂ ਵਿੱਚ ਹਲਕੇ ਤੋਂ ਲੈ ਕੇ ਭਾਰੀ ਮੀਂਹ ਦੀ ਸੰਭਾਵਨਾ ਹੈ, ਜਿਸ ਨਾਲ ਲੋਕਾਂ ਨੂੰ ਚੱਲ ਰਹੀ ਹੁੰਮਸ ਭਰੀ ਗਰਮੀ ਤੋਂ ਵੱਡੀ ਰਾਹਤ ਮਿਲਣ ਦੀ ਉਮੀਦ ਹੈ।
ਮੌਸਮ ਵਿਭਾਗ ਨੇ ਵੱਡੀ ਭਵਿੱਖਬਾਣੀ ਕਰਦੇ ਹੋਏ ਪਠਾਨਕੋਟ, ਗੁਰਦਾਸਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਸਮੇਤ ਕਈ ਇਲਾਕਿਆਂ ‘ਚ ਮੀਂਹ ਪੈਣ ਦੀ ਉਮੀਦ ਜਤਾਈ ਹੈ। ਉੱਥੇ ਹੀ ਮਾਝਾ, ਦੁਆਬਾ ਅਤੇ ਮਾਲਵਾ ਖੇਤਰ ਦੇ ਮੁੱਖ ਜ਼ਿਲ੍ਹਿਆਂ ਵਰਗੇ ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਵਿੱਚ 25 ਤੋਂ 50 ਫ਼ੀਸਦੀ ਤੱਕ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ।
8 ਅਗਸਤ ਨੂੰ ਮੀਂਹ ਦੀ ਰਫ਼ਤਾਰ ਅਤੇ ਤੀਵਰਤਾ ‘ਚ ਥੋੜ੍ਹੀ ਕਮੀ ਆਉਣ ਦੀ ਸੰਭਾਵਨਾ ਹੈ। ਹਾਲਾਂਕਿ, ਉੱਤਰੀ ਪੰਜਾਬ ਦੇ ਜ਼ਿਲ੍ਹਿਆਂ ਜਿਵੇਂ ਕਿ ਪਠਾਨਕੋਟ ਅਤੇ ਗੁਰਦਾਸਪੁਰ ਵਿੱਚ ਕੁਝ ਥਾਵਾਂ ‘ਤੇ ਮੀਂਹ ਦੀਆਂ ਗਤੀਵਿਧੀਆਂ ਜਾਰੀ ਰਹਿ ਸਕਦੀਆਂ ਹਨ। ਸੂਬੇ ਦੇ ਬਾਕੀ ਮੈਦਾਨੀ ਇਲਾਕਿਆਂ ਵਿੱਚ ਆਂਸ਼ਿਕ ਤੌਰ ‘ਤੇ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਅਨੁਸਾਰ 9 ਅਗਸਤ ਤੋਂ 11 ਅਗਸਤ (ਐਤਵਾਰ ਤੋਂ) ਸੂਬੇ ‘ਚ ਮੀਂਹ ‘ਚ ਮੁੜ ਤੇਜ਼ੀ ਆਉਣ ਦੀ ਸੰਭਾਵਨਾ ਬਣੀ ਹੋਈ ਹੈ। ਮੌਸਮ ਵਿਭਾਗ ਨੇ ਇਨ੍ਹਾਂ ਤਾਰੀਖ਼ਾਂ ਦੌਰਾਨ ਉੱਤਰੀ ਅਤੇ ਕੰਢੀ ਖੇਤਰਾਂ ਨਾਲ ਲੱਗਦੇ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਇਸ ਦੇ ਉਲਟ, ਦੱਖਣੀ-ਪੱਛਮੀ ਪੰਜਾਬ ਦੇ ਜ਼ਿਲ੍ਹਿਆਂ ਜਿਵੇਂ ਫਾਜ਼ਿਲਕਾ, ਸ਼੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ ਵਿੱਚ ਅਗਲੇ ਪੰਜ ਦਿਨਾਂ ਦੌਰਾਨ ਹਲਕੀ ਬਾਰਿਸ਼ ਜਾਂ ਵਛਾੜਾਂ ਪੈਣ ਦੀ ਸੰਭਾਵਨਾ ਜਤਾਈ ਗਈ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਲੁਧਿਆਣਾ ਦੇ ਮੌਸਮ ਵਿਗਿਆਨੀਆਂ ਨੇ ਵੀ ਅਗਲੇ ਤਿੰਨ ਤੋਂ ਚਾਰ ਦਿਨਾਂ ਦੌਰਾਨ ਸੂਬੇ ਦੇ ਕਈ ਇਲਾਕਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। PAU ਦੀ ਮੌਸਮ ਵਿਗਿਆਨੀ ਡਾ. ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਇਸ ਸਮੇਂ ਦਿਨ ਅਤੇ ਰਾਤ ਦਾ ਤਾਪਮਾਨ ਆਮ ਹਾਲਾਤ ਦੇ ਨੇੜੇ-ਤੇੜੇ ਹੀ ਦਰਜ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ‘ਚ ਮੌਸਮ ‘ਚ ਨਮੀ ਵਧਣ ਅਤੇ ਬੱਦਲਾਂ ਦੀ ਸਰਗਰਮੀ ਕਾਰਨ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਮੌਸਮੀ ਤਬਦੀਲੀ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ, ਕਿਉਂਕਿ ਝੋਨੇ ਅਤੇ ਹੋਰ ਫ਼ਸਲਾਂ ਲਈ ਇਹ ਮੀਂਹ ਕਾਫ਼ੀ ਫ਼ਾਇਦੇਮੰਦ ਸਾਬਤ ਹੋਵੇਗਾ।
ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੇ ਖ਼ਦਸ਼ੇ ਨੂੰ ਦੇਖਦੇ ਹੋਏ ਨੀਵੇਂ ਇਲਾਕਿਆਂ ‘ਚ ਰਹਿਣ ਵਾਲੇ ਲੋਕਾਂ ਨੂੰ ਵਿਸ਼ੇਸ਼ ਤੌਰ ‘ਤੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ। ਤੇਜ਼ ਮੀਂਹ ਕਾਰਨ ਸ਼ਹਿਰੀ ਅਤੇ ਨੀਵੇਂ ਇਲਾਕਿਆਂ ‘ਚ ਪਾਣੀ ਭਰਨ ਦੀ ਸਮੱਸਿਆ ਆ ਸਕਦੀ ਹੈ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ।
ਇਸ ਦੇ ਨਾਲ ਹੀ, ਬਦਲਦੇ ਮੌਸਮ ਅਤੇ ਹੁੰਮਸ ਦੌਰਾਨ ਆਮ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਵੀ ਖ਼ਾਸ ਸਾਵਧਾਨੀ ਵਰਤਣ ਦੀ ਹਦਾਇਤ ਕੀਤੀ ਗਈ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਮਾਨਸੂਨ ਦੌਰਾਨ ਦੂਸ਼ਿਤ ਪਾਣੀ ਅਤੇ ਮੌਸਮੀ ਬੀਮਾਰੀਆਂ (ਜਿਵੇਂ ਡੇਂਗੂ, ਮਲੇਰੀਆ ਅਤੇ ਪੇਟ ਦੀਆਂ ਸਮੱਸਿਆਵਾਂ) ਦਾ ਖ਼ਤਰਾ ਵਧ ਜਾਂਦਾ ਹੈ, ਇਸ ਲਈ ਖਾਣ-ਪੀਣ ਅਤੇ ਆਲੇ-ਦੁਆਲੇ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।
















