ਪੰਜਾਬ ‘ਚ ਅਗਲੇ 5 ਦਿਨ ਕਿਵੇਂ ਦਾ ਰਹੇਗਾ ਮੌਸਮ?, ਪੜ੍ਹੋ IMD ਦਾ ਅਲਰਟ!
ਪੰਜਾਬ ‘ਚ ਅਗਲੇ 5 ਦਿਨਾਂ ਦਾ ਮੌਸਮ ਅਪਡੇਟ: 7 ਤੋਂ 10 ਅਗਸਤ ਤੱਕ ਪੜਾਅਵਾਰ ਘਟੇਗੀ ਮੀਂਹ ਦੀ ਤੀਬਰਤ
ਚੰਡੀਗੜ੍ਹ, 6 ਅਗਸਤ 2026- ਭਾਰਤ ਮੌਸਮ ਵਿਗਿਆਨ ਵਿਭਾਗ (IMD) ਕੇਂਦਰ ਚੰਡੀਗੜ੍ਹ ਵੱਲੋਂ 6 ਅਗਸਤ 2026 ਨੂੰ ਪੰਜਾਬ ਦੇ ਜ਼ਿਲ੍ਹੇਵਾਰ ਮੀਂਹ ਦੇ ਪੂਰਵ-ਅਨੁਮਾਨ ਸਬੰਧੀ ਸੂਚਨਾ ਅਲਰਟ ਕੀਤਾ ਗਿਆ ਹੈ। ਜਾਰੀ ਬੁਲੇਟਿਨ ਅਨੁਸਾਰ ਅਗਲੇ 5 ਦਿਨਾਂ (7 ਅਗਸਤ ਤੋਂ 10 ਅਗਸਤ 2026) ਦੌਰਾਨ ਸੂਬੇ ਵਿੱਚ ਮੀਂਹ ਦੀ ਤੀਬਰਤਾ ਵਿੱਚ ਹੌਲੀ-ਹੌਲੀ ਕਮੀ ਦੇਖਣ ਨੂੰ ਮਿਲੇਗੀ।
7 ਅਗਸਤ ਨੂੰ ਉੱਤਰੀ ਅਤੇ ਪੂਰਬੀ ਜ਼ਿਲ੍ਹਿਆਂ (ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਪਟਿਆਲਾ) ਵਿੱਚ ਕਈ ਥਾਵਾਂ ‘ਤੇ ਮੀਂਹ ਜਾਰੀ ਰਹੇਗਾ, ਜਦਕਿ ਬਾਕੀ ਪੰਜਾਬ ਵਿੱਚ ਕੁਝ ਥਾਵਾਂ (25-50%) ‘ਤੇ ਹੀ ਮੀਂਹ ਦੀ ਸੰਭਾਵਨਾ ਹੈ।
8 ਅਗਸਤ ਨੂੰ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਕਾਫੀ ਘਟ ਜਾਵੇਗਾ। ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਇਕੱਲੀਆਂ-ਦੁਕੱਲੀਆਂ ਥਾਵਾਂ ‘ਤੇ ਹੀ ਹਲਕੀ ਫੁਲਕੀ ਬਾਰਿਸ਼ ਹੋਣ ਦੀ ਉਮੀਦ ਹੈ। 9 ਅਗਸਤ ਨੂੰ ਉੱਤਰੀ ਸਰਹੱਦੀ ਜ਼ਿਲ੍ਹਿਆਂ (ਪਠਾਨਕੋਟ ਅਤੇ ਹੁਸ਼ਿਆਰਪੁਰ) ਵਿੱਚ ਕਈ ਥਾਵਾਂ ‘ਤੇ ਮੀਂਹ ਪੈ ਸਕਦਾ ਹੈ, ਜਦਕਿ ਮੱਧ ਅਤੇ ਦੱਖਣੀ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਕੇਵਲ ਛੁੱਟਪੁੱਟ ਥਾਵਾਂ ‘ਤੇ ਹੀ ਬੱਦਲਵਾਈ ਜਾਂ ਮੀਂਹ ਰਹੇਗਾ।
10 ਅਗਸਤ ਨੂੰ ਪੱਛਮੀ ਅਤੇ ਦੱਖਣੀ ਪੰਜਾਬ ਦੇ ਜ਼ਿਲ੍ਹੇ (ਜਿਵੇਂ ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਫਿਰੋਜ਼ਪੁਰ, ਮੋਗਾ, ਬਠਿੰਡਾ, ਮਾਨਸਾ, ਬਰਨਾਲਾ) ਪੂਰੀ ਤਰ੍ਹਾਂ ਸੁੱਕੇ (Dry) ਰਹਿਣਗੇ। ਸਿਰਫ਼ ਉੱਤਰੀ ਅਤੇ ਪੂਰਬੀ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਹੀ ਨਾਮਾਤਰ ਬਾਰਿਸ਼ ਦੇ ਆਸਾਰ ਹਨ।
ਕਿਸਾਨਾਂ ਅਤੇ ਆਮ ਲੋਕਾਂ ਲਈ ਸਲਾਹ
7 ਅਗਸਤ ਨੂੰ ਮਾਝੇ ਅਤੇ ਦੋਆਬੇ ਦੇ ਕਿਸਾਨ ਖੇਤਾਂ ਵਿੱਚ ਪਾਣੀ ਦੇ ਨਿਕਾਸ ਦਾ ਪ੍ਰਬੰਧ ਰੱਖਣ। 8 ਅਗਸਤ ਤੋਂ ਮੌਸਮ ਖੁੱਲ੍ਹਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਕਿਸਾਨ ਆਪਣੀ ਫ਼ਸਲ ਵਿੱਚ ਕੀਟਨਾਸ਼ਕਾਂ ਦੇ ਛਿੜਕਾਅ ਅਤੇ ਹੋਰ ਖੇਤੀ ਕਾਰਜਾਂ ਦੀ ਯੋਜਨਾ ਬਣਾ ਸਕਦੇ ਹਨ।
















