Join WhatsApp

Join Now

1984 ਦਾ ਦਰਦ: ਸਿੱਖਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕ ਰਹੇ ਨੇ ਰਾਹੁਲ ਗਾਂਧੀ’- ਅਮਿਤ ਸ਼ਾਹ ਦਾ ਕਾਂਗਰਸ ‘ਤੇ ਤਿੱਖਾ ਹਮਲਾ

On: November 1, 2026 3:44 PM

 

ਚੰਡੀਗੜ੍ਹ ਤੋਂ ਅਮਿਤ ਸ਼ਾਹ ਦਾ ਕਾਂਗਰਸ ‘ਤੇ ਤਿੱਖਾ ਹਮਲਾ! ‘1 ਨਵੰਬਰ 1984 ਦੇ ਜ਼ਖ਼ਮਾਂ ‘ਤੇ ਨਮਕ ਛਿੜਕ ਰਹੇ ਨੇ ਰਾਹੁਲ ਗਾਂਧੀ’

ਅਮਿਤ ਸ਼ਾਹ ਦਾ ਵੱਡਾ ਐਲਾਨ: 31 ਦਸੰਬਰ 2026 ਤੱਕ ਪੰਜਾਬ ਸਮੇਤ ਪੂਰਾ ਦੇਸ਼ ਹੋਵੇਗਾ ਨਸ਼ਾ ਮੁਕਤ, ਚੰਡੀਗੜ੍ਹ ਨੂੰ ਮਿਲੇ ਕਰੋੜਾਂ ਦੇ ਵਿਕਾਸ ਪ੍ਰੋਜੈਕਟ

‘ਨਕਲੀ ਸੰਸਦ ਚਲਾ ਕੇ ਪ੍ਰਧਾਨ ਮੰਤਰੀ ਨਹੀਂ ਬਣਿਆ ਜਾ ਸਕਦਾ’- ਅਮਿਤ ਸ਼ਾਹ ਦਾ ਰਾਹੁਲ ਗਾਂਧੀ ‘ਤੇ ਤਿੱਖਾ ਹਮਲਾ

ਚੰਡੀਗੜ੍ਹ 1 ਨਵੰਬਰ 2026- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਖੇ ਇੱਕ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਜਿੱਥੇ ਸ਼ਹਿਰ ਲਈ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ, ਉੱਥੇ ਹੀ ਵਿਰੋਧੀ ਧਿਰਾਂ, ਖਾਸ ਕਰਕੇ ਕਾਂਗਰਸ ਅਤੇ ਰਾਹੁਲ ਗਾਂਧੀ ‘ਤੇ ਤਿੱਖੇ ਰਾਜਨੀਤਿਕ ਹਮਲੇ ਕੀਤੇ। ਅਮਿਤ ਸ਼ਾਹ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਦੌਰਾਨ ਕਿਹਾ ਕਿ 1 ਨਵੰਬਰ ਦਾ ਦਿਨ ਚੰਡੀਗੜ੍ਹ ਅਤੇ ਪੂਰੇ ਉੱਤਰੀ ਭਾਰਤ ਲਈ ਕਈ ਪੱਖਾਂ ਤੋਂ ਬਹੁਤ ਇਤਿਹਾਸਕ ਅਤੇ ਮਹੱਤਵਪੂਰਨ ਹੈ।

ਗ੍ਰਹਿ ਮੰਤਰੀ ਨੇ ਯਾਦ ਕਰਵਾਇਆ ਕਿ 1966 ਵਿੱਚ ਅੱਜ ਦੇ ਹੀ ਦਿਨ (1 ਨਵੰਬਰ) ਚੰਡੀਗੜ੍ਹ ਦੀ ਸਥਾਪਨਾ ਹੋਈ ਸੀ, ਅੱਜ ਦੇ ਹੀ ਦਿਨ ਗੁਆਂਢੀ ਰਾਜ ਹਰਿਆਣਾ ਵਜੂਦ ਵਿੱਚ ਆਇਆ ਸੀ ਅਤੇ ਅੱਜ ਦੇ ਹੀ ਦਿਨ ਚੰਡੀਗੜ੍ਹ ਪੁਲਿਸ ਦੀ ਸਥਾਪਨਾ ਹੋਈ ਸੀ। ਇਸ ਤੋਂ ਇਲਾਵਾ, ਅੱਜ ਦੇ ਦਿਨ ਚੰਡੀਗੜ੍ਹ ਪੁਲਿਸ ਨੂੰ ‘ਪ੍ਰੈਜ਼ੀਡੈਂਟਸ ਕਲਰ’ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ, ਜੋ ਕਿ ਇੱਕ ਬਹੁਤ ਵੱਡਾ ਮਾਣ ਹੈ।

ਉਨ੍ਹਾਂ ਕਿਹਾ ਕਿ 1966 ਤੋਂ ਲੈ ਕੇ ਅੱਜ ਤੱਕ ਦੇ 60 ਸਾਲਾਂ ਦੇ ਸਫ਼ਰ ਵੱਲ ਵੇਖੀਏ ਤਾਂ ਅਰਬਨ ਪਲਾਨਿੰਗ ਦੇ ਮਾਮਲੇ ਵਿੱਚ ਜੇਕਰ ਪੂਰੇ ਦੇਸ਼ ਵਿੱਚ ਕੋਈ ਸ਼ਹਿਰ ਇੱਕ ਮਿਸਾਲ ਵਜੋਂ ਸਾਹਮਣੇ ਆਉਂਦਾ ਹੈ, ਤਾਂ ਉਹ ਸਿਰਫ਼ ਸਾਡਾ ਚੰਡੀਗੜ੍ਹ ਹੈ। ਇਸ ਸ਼ਹਿਰ ਨੂੰ ਹੀ ਅਸਲ ਅਰਥਾਂ ਵਿੱਚ ‘ਯੋਜਨਾਬੱਧ ਸ਼ਹਿਰ’ (ਪਲਾਨਡ ਸਿਟੀ) ਕਿਹਾ ਜਾ ਸਕਦਾ ਹੈ।

ਅਮਿਤ ਸ਼ਾਹ ਨੇ ਕਿਹਾ, “ਇਸ ਸ਼ਹਿਰ ਦਾ ਨਾਂ ‘ਮਾਂ ਚੰਡੀ’ ਦੇ ਪਵਿੱਤਰ ਨਾਂ ‘ਤੇ ਰੱਖਿਆ ਗਿਆ ਹੈ ਅਤੇ ਮੈਂ ਮਾਂ ਚੰਡੀ ਦੇ ਚਰਨਾਂ ਵਿੱਚ ਸੀਸ ਝੁਕਾਉਂਦਾ ਹਾਂ। ਇਹ ਉਹ ਪਵਿੱਤਰ ਧਰਤੀ ਹੈ, ਜਿੱਥੇ ਸਾਡੇ ਮਹਾਨ ਸਿੱਖ ਗੁਰੂ ਸਾਹਿਬਾਨ ਨੇ ਆਪਣੇ ਮਹਾਨ ਕਾਰਜਾਂ ਨਾਲ ਸੰਸਾਰ ਨੂੰ ਮਾਰਗਦਰਸ਼ਨ ਦਿੱਤਾ। ਇੱਥੋਂ ਹੀ ਪੰਜਾਬ ਦੀ ਸ਼ੁਰੂਆਤ ਹੁੰਦੀ ਹੈ ਅਤੇ ਇੱਥੋਂ ਹੀ ਹਰਿਆਣਾ ਦੀ। ਇੱਕ ਤਰ੍ਹਾਂ ਨਾਲ ਦੇਖਿਆ ਜਾਵੇ ਤਾਂ ਚੰਡੀਗੜ੍ਹ ਪੂਰੇ ਉੱਤਰੀ ਭਾਰਤ ਦੀ ਰੂਹ ਹੈ।”

ਚੰਡੀਗੜ੍ਹ ਲਈ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਤੋਹਫ਼ਾ

ਸਮਾਗਮ ਦੌਰਾਨ ਸਿੱਖਿਆ, ਸਿਹਤ ਅਤੇ ਜਨਤਕ ਪ੍ਰਸ਼ਾਸਨ ਨਾਲ ਜੁੜੀਆਂ ਕਈ ਕਰੋੜ ਰੁਪਏ ਦੀਆਂ ਯੋਜਨਾਵਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖੇ ਗਏ। ਗ੍ਰਹਿ ਮੰਤਰੀ ਨੇ ਰਾਜਸਥਾਨ ਦੇ ਸੀਨੀਅਰ ਨੇਤਾ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਟਾਰੀਆ ਨੇ ਚੰਡੀਗੜ੍ਹ ਦੇ ਲੋਕਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਉਨ੍ਹਾਂ ਸਾਹਮਣੇ ਬਹੁਤ ਜ਼ੋਰ-ਸ਼ੋਰ ਨਾਲ ਚੁੱਕਿਆ ਹੈ।

ਅਮਿਤ ਸ਼ਾਹ ਨੇ ਐਲਾਨ ਕੀਤਾ ਕਿ ਉਹ ਇਨ੍ਹਾਂ ਮੰਗਾਂ ਨੂੰ ਚੰਡੀਗੜ੍ਹ ਵਾਸੀਆਂ ਲਈ ‘ਦੀਵਾਲੀ ਦੇ ਤੋਹਫ਼ੇ’ ਵਜੋਂ ਪ੍ਰਵਾਨ ਕਰਦੇ ਹਨ ਅਤੇ ਦੀਵਾਲੀ ਤੋਂ ਤੁਰੰਤ ਬਾਅਦ ਇਨ੍ਹਾਂ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।

ਗ੍ਰਹਿ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਨਿੱਜੀ ਤੌਰ ‘ਤੇ ਸਿਟੀ ਬੱਸ ਸਰਵਿਸ ਦੇ ਡਿਜ਼ਾਈਨ ਅਤੇ ਵੇਰਵਿਆਂ ਦੀ ਸਮੀਖਿਆ ਕੀਤੀ ਹੈ। ਚੰਡੀਗੜ੍ਹ ਦਾ ਅੰਤਰਰਾਜੀ ਬੱਸ ਅੱਡਾ (ISBT) ਦੇਸ਼ ਦਾ ਨੰਬਰ ਇੱਕ ਬੱਸ ਅੱਡਾ ਬਣਨ ਵੱਲ ਛਾਲਾਂ ਮਾਰ ਰਿਹਾ ਹੈ। ਚੰਡੀਗੜ੍ਹ ਪੁਲਿਸ ਦੇ ਜਵਾਨਾਂ ਲਈ ਇੱਕ ਵੱਡੀ ਰਿਹਾਇਸ਼ੀ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਚੰਡੀਗੜ੍ਹ ਪੁਲਿਸ ਆਪਣੇ ਮੁਲਾਜ਼ਮਾਂ ਨੂੰ ਮਕਾਨ ਮੁਹੱਈਆ ਕਰਵਾਉਣ ਦੇ ਮਾਮਲੇ ਵਿੱਚ ਪੂਰੇ ਦੇਸ਼ ਵਿੱਚ ਪਹਿਲੇ ਨੰਬਰ ‘ਤੇ ਪਹੁੰਚ ਜਾਵੇਗੀ।

ਗ੍ਰਹਿ ਮੰਤਰੀ ਨੇ ਦੱਸਿਆ ਕਿ ਚੰਡੀਗੜ੍ਹ ਪੁਲਿਸ ਨੇ ‘ਬੀਟ ਪੁਲਿਸਿੰਗ’ ਪ੍ਰਣਾਲੀ ਵਿੱਚ ਪੂਰੇ ਭਾਰਤ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ, ਪੁਲਿਸ ਰਿਸਪਾਂਸ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਦੇਸ਼ ਭਰ ਵਿੱਚ ਦੂਜੇ ਨੰਬਰ ‘ਤੇ ਹੈ। ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਵਿੱਚ ਵੀ ਚੰਡੀਗੜ੍ਹ ਪੁਲਿਸ ਨੇ ਦੇਸ਼ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।

ਉਨ੍ਹਾਂ ਭਰੋਸਾ ਦਿੱਤਾ ਕਿ ਪਿਛਲੇ 30-40 ਸਾਲਾਂ ਤੋਂ ਚੱਲੀਆਂ ਆ ਰਹੀਆਂ ਤਿੰਨ ਵੱਡੀਆਂ ਸਮੱਸਿਆਵਾਂ ਦਾ ਹੱਲ ਜਲਦ ਹੀ ਗੁਲਾਬ ਚੰਦ ਕਟਾਰੀਆ ਵੱਲੋਂ ਪੇਸ਼ ਕੀਤਾ ਜਾਵੇਗਾ, ਚੰਡੀਗੜ੍ਹ ਨੂੰ ਇਨ੍ਹਾਂ ਪੁਰਾਣੀਆਂ ਮੁਸ਼ਕਿਲਾਂ ਤੋਂ ਸਦੀਵੀ ਮੁਕਤੀ ਮਿਲੇਗੀ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚੰਡੀਗੜ੍ਹ ਨੂੰ ਦੇਸ਼ ਦੀ ਸਭ ਤੋਂ ਵਧੀਆ ਪ੍ਰਸ਼ਾਸਨਿਕ ਇਕਾਈ ਬਣਾਉਣ ਲਈ ਵਚਨਬੱਧ ਹੈ।

1 ਨਵੰਬਰ 1984 ਦੇ ਸਿੱਖ ਨਸਲਕੁਸ਼ੀ ਦੇ ਜ਼ਖ਼ਮ ਅਤੇ ਕਾਂਗਰਸ ‘ਤੇ ਹਮਲਾ

ਆਪਣੇ ਸੰਬੋਧਨ ਵਿੱਚ ਅਮਿਤ ਸ਼ਾਹ ਨੇ 1 ਨਵੰਬਰ ਦੀ ਤਾਰੀਖ਼ ਦੇ ਇੱਕ ਹੋਰ ਦੁਖਦਾਈ ਅਤੇ ਕਾਲੇ ਪੱਖ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਨਵੰਬਰ 1984 ਵਿੱਚ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਕਾਂਗਰਸ ਪਾਰਟੀ ਵੱਲੋਂ ਭੜਕਾਏ ਗਏ ਦੰਗਿਆਂ ਦੌਰਾਨ ਹਜ਼ਾਰਾਂ ਬੇਗੁਨਾਹ ਸਿੱਖਾਂ ਦਾ ਬੇਰਹਿਮੀ ਨਾਲ ਕਤਲੇਆਮ ਕੀਤਾ ਗਿਆ ਸੀ।

ਉਨ੍ਹਾਂ ਕਿਹਾ, “ਅਣਗਿਣਤ ਭੈਣਾਂ-ਮਾਤਾਵਾਂ ਵਿਧਵਾ ਹੋ ਗਈਆਂ, ਮਾਸੂਮ ਬੱਚੇ ਅਨਾਥ ਹੋ ਗਏ ਅਤੇ ਕਈ ਪਰਿਵਾਰਾਂ ਨੇ ਆਪਣੇ ਘਰਾਂ ਨੂੰ ਸੜਦੇ ਅਤੇ ਤਬਾਹ ਹੁੰਦੇ ਦੇਖਿਆ। ਉਸ ਸਮੇਂ ਦੇ ਪ੍ਰਧਾਨ ਮੰਤਰੀ (ਰਾਜੀਵ ਗਾਂਧੀ) ਨੇ ਇੱਕ ਅਜਿਹਾ ਬਿਆਨ ਦਿੱਤਾ ਸੀ, ਜਿਸ ਨੂੰ ਮੈਂ ਆਪਣੇ ਜੀਵਨ ਵਿੱਚ ਕਦੇ ਨਹੀਂ ਭੁੱਲ ਸਕਦਾ। ਉਨ੍ਹਾਂ ਕਿਹਾ ਸੀ, ‘ਜਦੋਂ ਕੋਈ ਵੱਡਾ ਰੁੱਖ ਡਿੱਗਦਾ ਹੈ, ਤਾਂ ਧਰਤੀ ਹਿੱਲਦੀ ਹੈ।’ ਇਸ ਅਹੰਕਾਰ ਭਰੇ ਬਿਆਨ ਦੇ ਸਾਏ ਹੇਠ ਹਜ਼ਾਰਾਂ ਸਿੱਖਾਂ ਨੂੰ ਜਿਉਂਦੇ ਜੀਅ ਮਾਰ ਦਿੱਤਾ ਗਿਆ।”

ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮਾਂ (SIT) ਬਣਾ ਕੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਈਆਂ ਅਤੇ ਕਾਂਗਰਸੀ ਨੇਤਾਵਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਕਰਕੇ ਜਵਾਬਦੇਹ ਬਣਾਇਆ।

ਰਾਹੁਲ ਗਾਂਧੀ ਦੀ ‘ਨਕਲੀ ਸੰਸਦ’ ਅਤੇ 1 ਨਵੰਬਰ ਦੀ ਰੈਲੀ ‘ਤੇ ਸਵਾਲ

ਅਮਿਤ ਸ਼ਾਹ ਨੇ ਕਾਂਗਰਸੀ ਨੇਤਾ ਰਾਹੁਲ ਗਾਂਧੀ ‘ਤੇ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਰਾਜੀਵ ਗਾਂਧੀ ਦੇ ਪੁੱਤਰ ਰਾਹੁਲ ਗਾਂਧੀ ਨੇ 1 ਨਵੰਬਰ ਦੇ ਇਸ ਕਾਲੇ ਦਿਨ ‘ਤੇ ਦਿੱਲੀ ਵਿੱਚ ਇੱਕ ਵੱਡਾ ਪ੍ਰੋਗਰਾਮ ਰੱਖ ਕੇ ਪੀੜਤ ਸਿੱਖ ਪਰਿਵਾਰਾਂ ਦੇ ਜ਼ਖ਼ਮਾਂ ‘ਤੇ ਨਮਕ ਛਿੜਕਣ ਦਾ ਕੰਮ ਕੀਤਾ ਹੈ।

ਉਨ੍ਹਾਂ ਕਿਹਾ, “ਸ਼ਾਇਦ ਰਾਹੁਲ ਗਾਂਧੀ ਉਸ ਸਮੇਂ ਬਹੁਤ ਛੋਟੇ ਸਨ ਜਾਂ ਉਹ ਇਤਿਹਾਸ ਨਹੀਂ ਪੜ੍ਹਦੇ, ਇਸ ਲਈ ਉਨ੍ਹਾਂ ਨੂੰ ਸੱਚਾਈ ਦਾ ਗਿਆਨ ਨਹੀਂ ਹੈ। ਸਾਡੀ ਪਾਰਟੀ ਨੇ ਪ੍ਰੈੱਸ ਕਾਨਫਰੰਸ ਕਰਕੇ ਸਪੱਸ਼ਟ ਕੀਤਾ ਸੀ ਕਿ ਇਹ ਦਿਨ ਸਿੱਖ ਵਿਰੋਧੀ ਦੰਗਿਆਂ ਨਾਲ ਜੁੜਿਆ ਹੋਇਆ ਹੈ। ਅੱਜ ਗੁਰੂਆਂ ਦੀ ਇਸ ਪਵਿੱਤਰ ਧਰਤੀ ਤੋਂ ਮੈਂ ਕਾਂਗਰਸ ਦੇ ਇਸ ਵਤੀਰੇ ਦੀ ਪੂਰੇ ਜ਼ੋਰ ਨਾਲ ਨਿੰਦਾ ਕਰਦਾ ਹਾਂ। ਅਜਿਹੇ ਨਸਲਕੁਸ਼ੀ ਵਾਲੇ ਦਿਨਾਂ ਦੀਆਂ ਦੁਖਦਾਈ ਯਾਦਾਂ ਨੂੰ ਦੁਬਾਰਾ ਤਾਜ਼ਾ ਕਰਨਾ ਦੇਸ਼ ਜਾਂ ਪੰਜਾਬ ਦੇ ਹਿੱਤ ਵਿੱਚ ਨਹੀਂ ਹੈ।”

ਉਨ੍ਹਾਂ ਅੱਗੇ ਕਿਹਾ, “ਰਾਹੁਲ ਜੀ, ਤੁਹਾਡੀ ਜਿਸ ਨੂੰ ਤੁਸੀਂ ‘ਮੁਹੱਬਤ ਦੀ ਦੁਕਾਨ’ ਕਹਿੰਦੇ ਹੋ, ਉਸ ਵਿੱਚੋਂ ਨਫ਼ਰਤ ਤੋਂ ਇਲਾਵਾ ਕੁਝ ਨਹੀਂ ਨਿਕਲਦਾ। ਤੁਸੀਂ ਸਾਲਾਂ ਤੋਂ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਦੇਖ ਰਹੇ ਹੋ, ਪਰ ਜਦੋਂ ਇਹ ਇੱਛਾ ਪੂਰੀ ਨਾ ਹੋਈ ਤਾਂ ਤੁਸੀਂ ਹੁਣ ‘ਨਕਲੀ ਸੰਸਦ’ (Mock Parliament) ਚਲਾਉਣ ਦਾ ਨਵਾਂ ਤਰੀਕਾ ਲੱਭ ਲਿਆ ਹੈ। ਜੇਕਰ ਤੁਸੀਂ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹੋ ਤਾਂ ਆਪਣੀ ਪੂਰੀ ਜ਼ਿੰਦਗੀ ਇਸ ਨਕਲੀ ਸੰਸਦ ਵਿੱਚ ਹੀ ਬਿਤਾ ਦਿਓ, ਕਿਉਂਕਿ ਅਸਲ ਵਿੱਚ ਪ੍ਰਧਾਨ ਮੰਤਰੀ ਬਣਨ ਦਾ ਤੁਹਾਡਾ ਨੰਬਰ ਕਦੇ ਨਹੀਂ ਆਵੇਗਾ।”

ਗ੍ਰਹਿ ਮੰਤਰੀ ਨੇ ਖੁਲਾਸਾ ਕੀਤਾ ਕਿ ਦਿੱਲੀ ਦੇ ਛੋਟੇ ਅਤੇ ਵੱਡੇ ਵਪਾਰੀਆਂ ਨੇ ਰਾਹੁਲ ਗਾਂਧੀ ਨੂੰ ਗੁਹਾਰ ਲਗਾਈ ਸੀ ਕਿ ਤਿਉਹਾਰਾਂ (ਦੀਵਾਲੀ) ਦੇ ਇਸ ਸਮੇਂ 1 ਨਵੰਬਰ ਨੂੰ ਰੈਲੀ ਜਾਂ ਧਰਨਾ ਨਾ ਕੀਤਾ ਜਾਵੇ। ਦਿੱਲੀ ਦੀਆਂ ਥੋਕ ਮੰਡੀਆਂ ‘ਤੇ ਪੂਰੇ ਉੱਤਰੀ ਭਾਰਤ ਦਾ 25,000 ਕਰੋੜ ਰੁਪਏ ਦਾ ਵਪਾਰ ਨਿਰਭਰ ਕਰਦਾ ਹੈ। ਵਪਾਰੀਆਂ ਨੇ ਕਿਹਾ ਸੀ ਕਿ ਜੇਕਰ ਪਟਾਕੇ ਅਤੇ ਤਿਉਹਾਰੀ ਸਮਾਨ ਨਾ ਵਿਕਿਆ ਤਾਂ ਉਨ੍ਹਾਂ ਨੂੰ ਭਾਰੀ ਘਾਟਾ ਪਵੇਗਾ। ਪਰ ਇਸ ਦੇ ਬਾਵਜੂਦ ਕਾਂਗਰਸ ਨੇ ਲੋਕਾਂ ਦੀਆਂ ਭਾਵਨਾਵਾਂ ਅਤੇ ਵਪਾਰ ਦੀ ਪ੍ਰਵਾਹ ਕੀਤੇ ਬਿਨਾਂ ਇਸ ਦਿਨ ਪ੍ਰੋਗਰਾਮ ਉਲੀਕਿਆ।

ਅਮਿਤ ਸ਼ਾਹ ਨੇ ਕਿਹਾ, “ਦਿੱਲੀ ਦੇ ਵਪਾਰੀਆਂ ਅਤੇ ਜਨਤਾ ਨੇ ਕਾਂਗਰਸ ਨੂੰ ਪਿਛਲੀਆਂ ਤਿੰਨ ਚੋਣਾਂ ਤੋਂ ਇੱਕ ਵੀ ਸੀਟ ਨਹੀਂ ਦਿੱਤੀ। ਮੇਰੀ ਗੱਲ ਯਾਦ ਰੱਖਿਓ ਅਗਲੀਆਂ ਤਿੰਨ ਚੋਣਾਂ ਵਿੱਚ ਵੀ ਕਾਂਗਰਸ ਦਾ ਖਾਤਾ ਨਹੀਂ ਖੁੱਲ੍ਹੇਗਾ। ਜੇਕਰ ਤੁਹਾਡਾ ਸੁਭਾਅ ਝੂਠ ਫੈਲਾਉਣਾ, ਅਰਾਜਕਤਾ ਪੈਦਾ ਕਰਨਾ ਅਤੇ ਸੰਸਦੀ ਮੁੱਦਿਆਂ ਨੂੰ ਸੜਕਾਂ ‘ਤੇ ਲਿਆ ਕੇ ਹੰਗਾਮਾ ਕਰਨਾ ਹੀ ਰਹੇਗਾ, ਤਾਂ ਆਉਣ ਵਾਲੇ ਕਈ ਸਾਲਾਂ ਤੱਕ ਵਿਰੋਧੀ ਧਿਰ ਵਿੱਚ ਬੈਠਣ ਲਈ ਤਿਆਰ ਰਹੋ।” ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਅੱਜ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾ ਕੇ ਵਿਤਕਰੇ ਨੂੰ ਖ਼ਤਮ ਕੀਤਾ ਗਿਆ ਹੈ।

ਉਨ੍ਹਾਂ ਇੱਕ ਵੱਡਾ ਦਾਅਵਾ ਅਤੇ ਐਲਾਨ ਕਰਦਿਆਂ ਕਿਹਾ, “31 ਦਸੰਬਰ 2029 ਤੱਕ ਅਸੀਂ ਪੰਜਾਬ ਸਮੇਤ ਪੂਰੇ ਦੇਸ਼ ਨੂੰ ਨਸ਼ੇ ਦੀ ਭੈੜੀ ਅਲਾਮਤ ਤੋਂ ਮੁਕਤ ਕਰ ਦੇਵਾਂਗੇ।” ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਸਭ ਕੁਝ ਦੇਖ ਰਹੀ ਹੈ। ਮੋਦੀ ਸਰਕਾਰ ਨੇ ਵਿਕਾਸ ਦੇ ਵੱਡੇ ਕਾਰਜ ਕੀਤੇ ਹਨ-ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਤੋਂ ਲੈ ਕੇ ਸਭ ਤੋਂ ਲੰਮੇ ਸਮੁੰਦਰੀ ਪੁਲ ਤੱਕ। ਹਰ ਗਰੀਬ ਦੇ ਘਰ ਤੱਕ ਬਿਜਲੀ, ਟਾਇਲਟ ਅਤੇ ਬੈਂਕ ਖਾਤਾ ਪਹੁੰਚਾਇਆ ਗਿਆ ਹੈ। ਜਨਤਾ ਜਾਣਦੀ ਹੈ ਕਿ ਦੇਸ਼ ਨੂੰ ਸੁਰੱਖਿਅਤ ਕੌਣ ਬਣਾ ਰਿਹਾ ਹੈ, ਨਵੀਂ ਸਿੱਖਿਆ ਨੀਤੀ (NEP) ਕੌਣ ਲਿਆਇਆ ਹੈ ਅਤੇ ਆਰਥਿਕ ਸਮ੍ਰਿੱਧੀ ਕੌਣ ਲਿਆ ਰਿਹਾ ਹੈ?

ਅਮਿਤ ਸ਼ਾਹ ਨੇ ਆਪਣੇ ਭਾਸ਼ਣ ਦੇ ਅੰਤ ਵਿੱਚ ਇੱਕ ਵਾਰ ਫਿਰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਐੱਨ.ਡੀ.ਏ. (NDA) ਦੀ ਮਜ਼ਬੂਤ ਵਾਪਸੀ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਭਾਜਪਾ ਪੰਜਾਬ ਅਤੇ ਚੰਡੀਗੜ੍ਹ ਦੇ ਵਿਕਾਸ ਅਤੇ ਸੁਰੱਖਿਆ ਲਈ ਵਚਨਬੱਧ ਹੈ।

 

Leave a Comment