ਮਰਦਮਸ਼ੁਮਾਰੀ ਦੀ ਡਿਊਟੀ ਦੌਰਾਨ ਹੀਟਸਟ੍ਰੋਕ ਕਾਰਨ 2 ਸਕੂਲ ਅਧਿਆਪਕਾਂ ਦੀ ਮੌਤ

 

ਮਰਦਮਸ਼ੁਮਾਰੀ ਦੀ ਡਿਊਟੀ ਦੌਰਾਨ ਹੀਟਸਟ੍ਰੋਕ ਕਾਰਨ 2 ਸਕੂਲ ਅਧਿਆਪਕਾਂ ਦੀ ਮੌਤ

ਨਵੀਂ ਦਿੱਲੀ, 30 ਅਪ੍ਰੈਲ 2026: ਓਡੀਸ਼ਾ ਵਿੱਚ ਮਰਦਮਸ਼ੁਮਾਰੀ (Census) ਦੇ ਕੰਮ ਵਿੱਚ ਲੱਗੇ ਦੋ ਸਕੂਲ ਅਧਿਆਪਕਾਂ ਦੀ ਦੋ ਵੱਖ-ਵੱਖ ਘਟਨਾਵਾਂ ਵਿੱਚ ਕਥਿਤ ਤੌਰ ‘ਤੇ ਲੂ ਲੱਗਣ (ਹੀਟਸਟ੍ਰੋਕ) ਕਾਰਨ ਦੋ ਦਿਨਾਂ ਦੇ ਅੰਦਰ ਮੌਤ ਹੋ ਗਈ।

ਅਧਿਕਾਰੀਆਂ ਨੇ ਸੋਮਵਾਰ (27 ਅਪ੍ਰੈਲ) ਨੂੰ ਦੱਸਿਆ ਕਿ ਇਹ ਮੌਤਾਂ ਮਯੂਰਭੰਜ ਅਤੇ ਸੁੰਦਰਗੜ੍ਹ ਜ਼ਿਲ੍ਹਿਆਂ ਤੋਂ ਸਾਹਮਣੇ ਆਈਆਂ ਹਨ, ਜਿੱਥੇ ਤਾਪਮਾਨ 37 ਡਿਗਰੀ ਸੈਲਸੀਅਸ ਤੋਂ ਉੱਪਰ ਬਣਿਆ ਹੋਇਆ ਹੈ। ਰਾਜ ਵਿੱਚ ਮਰਦਮਸ਼ੁਮਾਰੀ ਦੀ ਡਿਊਟੀ ਨਾਲ ਜੁੜੀ ਇਹ ਤੀਜੀ ਅਜਿਹੀ ਘਟਨਾ ਹੈ।

ਬੈਦਿਆਨਾਥ ਹਾਈ ਸਕੂਲ ਦੇ ਅਧਿਆਪਕ ਰਾਜਕਪੂਰ ਹੇਮਬਰਮ ਦੀ ਐਤਵਾਰ ਸ਼ਾਮ ਬਾਰੀਪਦਾ ਦੇ ਇੱਕ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।

ਪਰਿਵਾਰ ਅਨੁਸਾਰ, ਉਹ ਘਰ-ਘਰ ਜਾ ਕੇ ਮਰਦਮਸ਼ੁਮਾਰੀ ਦਾ ਕੰਮ ਪੂਰਾ ਕਰਨ ਤੋਂ ਬਾਅਦ ਬੇਹੋਸ਼ ਹੋ ਗਏ ਸਨ। ਸਕੂਲ ਦੀ ਪ੍ਰਿੰਸੀਪਲ ਮਮਤਾ ਦਾਸ ਨੇ ਦੱਸਿਆ ਕਿ ਹੇਮਬਰਮ ਨੂੰ ਤਿੰਨ ਪਿੰਡਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।

ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਹੇਮਬਰਮ ਨੇ ਪਹਿਲਾਂ ਹੀ ਆਪਣੇ ਸਾਥੀਆਂ ਨੂੰ ਦੱਸਿਆ ਸੀ ਕਿ, ਬੀਮਾਰ ਹੋਣ ਦੇ ਬਾਵਜੂਦ ਅਧਿਕਾਰੀਆਂ ਵੱਲੋਂ ਉਨ੍ਹਾਂ ‘ਤੇ ਡਿਊਟੀ ਜਾਰੀ ਰੱਖਣ ਦਾ ਦਬਾਅ ਸੀ।

ਜ਼ਰਾਡਾ ਸਰਕਾਰੀ ਹਾਈ ਸਕੂਲ ਦੇ ਅਧਿਆਪਕ ਅਨੁਰਾਗ ਐਕਾ ਸ਼ਨੀਵਾਰ ਨੂੰ ਡਿਊਟੀ ਦੌਰਾਨ ਬੀਮਾਰ ਪੈ ਗਏ ਅਤੇ ਉਸੇ ਦਿਨ ਉਨ੍ਹਾਂ ਦੀ ਮੌਤ ਹੋ ਗਈ।

ਵਿਸ਼ੇਸ਼ ਰਾਹਤ ਕਮਿਸ਼ਨਰ ਦੇ ਦਫਤਰ ਨੇ ਜ਼ਿਲ੍ਹਾ ਕਲੈਕਟਰਾਂ ਨੂੰ ਇਨ੍ਹਾਂ ਘਟਨਾਵਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਰਿਪੋਰਟ ਮਿਲਣ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨਾਂ ਦੀ ਪੁਸ਼ਟੀ ਕੀਤੀ ਜਾਵੇਗੀ।

ਮਯੂਰਭੰਜ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਪੂਰਨਚੰਦਰ ਸੇਠੀ ਅਨੁਸਾਰ, ਮਰਦਮਸ਼ੁਮਾਰੀ ਡਿਜੀਟਲ ਤਰੀਕੇ ਨਾਲ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਅਧਿਆਪਕ ਨੇ ਆਖਰੀ ਵਾਰ 22 ਅਪ੍ਰੈਲ ਨੂੰ ਡੇਟਾ ਦਰਜ ਕੀਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਮ੍ਰਿਤਕ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਸੀ।

ਰਾਜ ਸਰਕਾਰ ਨੇ ਭਾਰੀ ਗਰਮੀ ਦੇ ਮੱਦੇਨਜ਼ਰ ਮਰਦਮਸ਼ੁਮਾਰੀ ਕਰਮਚਾਰੀਆਂ ਲਈ ਕੁਝ ਖਾਸ ਨਿਯਮ ਜਾਰੀ ਕੀਤੇ ਹਨ; ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਦੇ ਵਿਚਕਾਰ ਫੀਲਡਵਰਕ ‘ਤੇ ਰੋਕ ਲਗਾਈ ਗਈ ਹੈ।

ਡਿਊਟੀ ਦੌਰਾਨ ਲੋੜੀਂਦਾ ਪਾਣੀ ਪੀਣ ਅਤੇ ਓਆਰਐਸ (ORS) ਨਾਲ ਰੱਖਣ ਦੀ ਸਲਾਹ ਦਿੱਤੀ ਗਈ ਹੈ। ਓਡੀਸ਼ਾ ਵਿੱਚ ਲਗਭਗ ਇੱਕ ਲੱਖ ਕਰਮਚਾਰੀ, ਜਿਨ੍ਹਾਂ ਵਿੱਚ ਜ਼ਿਆਦਾਤਰ ਸਕੂਲ ਅਧਿਆਪਕ ਹਨ, ਇਸ ਹਾਊਸ-ਲਿਸਟਿੰਗ ਸਰਵੇ ਵਿੱਚ ਲੱਗੇ ਹੋਏ ਹਨ।