ਵੱਡੀ ਖ਼ਬਰ: Captain Amarinder ਫੇਰ ਹੋਣਗੇ ਕਾਂਗਰਸ ‘ਚ ਸ਼ਾਮਲ? ਚਰਚਾਵਾਂ ਤੇਜ਼
ਕੇਵਲ ਢਿੱਲੋਂ ਨੂੰ ਪੰਜਾਬ ਭਾਜਪਾ ਪ੍ਰਧਾਨ ਬਣਾਉਣ ਅਤੇ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕੈਪਟਨ ਧੜਾ ਨਾਰਾਜ਼
ਭਾਜਪਾ ਹਾਈਕਮਾਂਡ ਵੱਲੋਂ ਸਲਾਹ ਨਾ ਲਏ ਜਾਣ ‘ਤੇ ਕੈਪਟਨ ਨੇ ਖੁੱਲ੍ਹ ਕੇ ਜਤਾਇਆ ਰੋਸ; ਭਾਜਪਾ ਦੇ ਜਥੇਬੰਦਕ ਢਾਂਚੇ ਨੂੰ ਦੱਸਿਆ ਅੱਤ ਦਾ ‘ਸੈਂਟਰਲਾਈਜ਼ਡ’
ਪਟਿਆਲਾ ਸ਼ਹਿਰੀ ਸੀਟ ਬਚਾਉਣ ਦੀ ਚਿੰਤਾ; 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਧੀ ਜੈ ਇੰਦਰ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਨ ਦੀ ਤਿਆਰੀ
ਕਾਂਗਰਸ ਹਾਈਕਮਾਂਡ ਦੇ ਫੈਸਲੇ ‘ਤੇ ਟਿਕੀਆਂ ਨਜ਼ਰਾਂ; ਪਾਰਟੀ ਅੰਦਰ ਵਾਪਸੀ ਨੂੰ ਲੈ ਕੇ ਦੋਫਾੜ
ਚੰਡੀਗੜ੍ਹ/ਪਟਿਆਲਾ:
ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਬਹੁਤ ਵੱਡਾ ਉਲਟਫੇਰ ਹੋਣ ਦੀਆਂ ਕਨਾਸੋਆਂ ਤੇਜ਼ ਹੋ ਗਈਆਂ ਹਨ। ਸੂਬੇ ਦੇ ਦੋ ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ (Captain Amarinder) ਦੀ ਕਾਂਗਰਸ ਪਾਰਟੀ ਵਿੱਚ ਵਾਪਸੀ ਦੀ ਤਿਆਰੀ ਦੇ ਚਰਚੇ ਸਿਆਸੀ ਗਲਿਆਰਿਆਂ ਵਿੱਚ ਗਰਮ ਹਨ। ਕੈਪਟਨ ਦੇ ਨੇੜਲੇ ਸੂਤਰਾਂ ਅਨੁਸਾਰ, ਸਿਰਫ਼ ਕੈਪਟਨ ਅਮਰਿੰਦਰ ਸਿੰਘ ਹੀ ਨਹੀਂ, ਸਗੋਂ ਉਨ੍ਹਾਂ ਦਾ ਪੂਰਾ ਕੈਂਪ (ਧੜਾ) ਦੁਬਾਰਾ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਤਰਲੋ-ਮੱਛੀ ਹੋ ਰਿਹਾ ਹੈ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਇਹ ਧਮਾਕਾ ਕਿਸੇ ਵੇਲੇ ਵੀ ਹੋ ਸਕਦਾ ਹੈ।
ਦਰਅਸਲ, ਪਿਛਲੇ ਕਾਫ਼ੀ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਆਗੂ ਭਾਰਤੀ ਜਨਤਾ ਪਾਰਟੀ (BJP) ਦੇ ਅੰਦਰ ਘੁਟਣ ਮਹਿਸੂਸ ਕਰ ਰਹੇ ਸਨ ਅਤੇ ਗਾਹੇ-ਬਗਾਹੇ ‘ਆਫ਼ ਦੀ ਰਿਕਾਰਡ’ ਇਸ ਦਾ ਜ਼ਿਕਰ ਵੀ ਕਰਦੇ ਰਹਿੰਦੇ ਸਨ। ਪਰ ਹਾਲ ਹੀ ਵਿੱਚ ਕੇਵਲ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਏ ਜਾਣ ਅਤੇ ਪੰਜਾਬ ਦੀਆਂ ਨਗਰ ਨਿਗਮ ਤੇ ਨਗਰ ਕੌਂਸਲਾਂ ਦੇ ਨਤੀਜਿਆਂ ਤੋਂ ਬਾਅਦ ਕੈਪਟਨ ਪਰਿਵਾਰ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਭਾਜਪਾ ਅੰਦਰ ਨਾ ਤਾਂ ਉਨ੍ਹਾਂ ਦੀ ਕੋਈ ਸੱਦ-ਪੁੱਛ ਹੈ ਅਤੇ ਨਾ ਹੀ ਇਕੱਲਿਆਂ ਰਹਿ ਕੇ ਉਹ ਆਗਾਮੀ ਚੋਣਾਂ ਵਿੱਚ ਕੋਈ ਵੱਡੀ ਪ੍ਰਾਪਤੀ ਕਰ ਸਕਦੇ ਹਨ।
ਕੁਝ ਚੋਣਵੇਂ ਮੀਡੀਆ ਕਰਮੀਆਂ ਨਾਲ ਗੱਲਬਾਤ ਦੌਰਾਨ ਕੈਪਟਨ ਖੁੱਲ੍ਹੇਆਮ ਇਹ ਰੋਸ ਜ਼ਾਹਰ ਕਰ ਚੁੱਕੇ ਹਨ ਕਿ ਕੇਵਲ ਢਿੱਲੋਂ ਦੀ ਨਿਯੁਕਤੀ ਵੇਲੇ ਉਨ੍ਹਾਂ ਦੀ ਕੋਈ ਰਾਇ ਨਹੀਂ ਲਈ ਗਈ। ਉਨ੍ਹਾਂ ਭਾਜਪਾ ਦੇ ਜਥੇਬੰਦਕ ਸਿਸਟਮ ਨੂੰ ਅੱਤ ਦਾ ‘ਸੈਂਟਰਲਾਈਜ਼ਡ’ (ਕੇਂਦਰੀਕ੍ਰਿਤ) ਦੱਸਦਿਆਂ ਇਸ ਦਾ ਮੁਕਾਬਲਾ ਕਾਂਗਰਸ ਪਾਰਟੀ ਦੇ ਖੁੱਲ੍ਹੇ ਮਾਹੌਲ ਨਾਲ ਕੀਤਾ ਹੈ।
ਕੈਪਟਨ ਅਮਰਿੰਦਰ ਸਿੰਘ ਸ਼ੁਰੂ ਤੋਂ ਹੀ ਪੰਜਾਬ ਵਿੱਚ ਭਾਜਪਾ ਅਤੇ ਅਕਾਲੀ ਦਲ ਦੇ ਗੱਠਜੋੜ ਦੀ ਵਕਾਲਤ ਕਰਦੇ ਆ ਰਹੇ ਹਨ, ਜਦੋਂ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਇਕੱਲਿਆਂ ਚੋਣਾਂ ਲੜਨ ਦੀ ਰਟ ਲਾਈ ਬੈਠੀ ਹੈ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਕੈਪਟਨ ਪਰਿਵਾਰ ਇਸ ਹਲਕੇ ਤੋਂ ਆਪਣੀ ਧੀ ਜੈ ਇੰਦਰ ਕੌਰ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲੜਾਉਣਾ ਚਾਹੁੰਦਾ ਹੈ, ਜੋ ਕਿ ਕਾਂਗਰਸ ਵਿੱਚ ਰਹਿ ਕੇ ਹੀ ਜਿੱਤਣੀ ਸੰਭਵ ਨਜ਼ਰ ਆ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਦੇ ਬਿਆਨਾਂ ਤੋਂ ਸਾਫ਼ ਸੰਕੇਤ ਮਿਲ ਰਹੇ ਹਨ ਕਿ ਉਹ ਛੇਤੀ ਹੀ ਭਾਜਪਾ ਨਾਲੋਂ ਤੋੜ-ਵਿਛੋੜਾ ਕਰ ਸਕਦੇ ਹਨ, ਬੱਸ ਹੁਣ ਗੇਂਦ ਕਾਂਗਰਸ ਹਾਈਕਮਾਂਡ ਦੇ ਪਾਲੇ ਵਿੱਚ ਹੈ। ਕਾਂਗਰਸ ਦੇ ਅੰਦਰੂਨੀ ਹਲਕਿਆਂ ਵਿੱਚ ਉਨ੍ਹਾਂ ਦੀ ਵਾਪਸੀ ਨੂੰ ਲੈ ਕੇ ਦੋਫਾੜ ਹੈ; ਕੁਝ ਨੇਤਾ ਸਖ਼ਤ ਖ਼ਿਲਾਫ਼ ਹਨ ਅਤੇ ਕੁਝ ਹੱਕ ਵਿੱਚ ਹਨ।
ਹਾਲਾਂਕਿ, ਕੈਪਟਨ ਪਰਿਵਾਰ ਨੇ ਅਜੇ ਇਸ ਮਾਮਲੇ ‘ਤੇ ਚੁੱਪ ਧਾਰੀ ਹੋਈ ਹੈ ਅਤੇ ਕੁਝ ਸਮਾਂ ਪਹਿਲਾਂ ਜਦੋਂ ਅਜਿਹੀ ਚਰਚਾ ਚੱਲੀ ਸੀ ਤਾਂ ਮਹਾਰਾਣੀ ਪ੍ਰਨੀਤ ਕੌਰ ਨੇ ਇਸ ਦਾ ਖੰਡਨ ਕੀਤਾ ਸੀ। ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਕੈਪਟਨ ਲਈ ਦਰਵਾਜ਼ੇ ਖੋਲ੍ਹਦੀ ਹੈ ਜਾਂ ਉਹ ਭਾਜਪਾ ਵਿੱਚ ਹੀ ਰਹਿ ਕੇ ਕੁੜ੍ਹਦੇ ਰਹਿਣਗੇ।






