Join WhatsApp

Join Now

ਮਿੱਟੀ ਨਾਲ ਜੁੜ ਕੇ ਉਚੇਰੀ ਪਰਵਾਜ਼ ਭਰਨ ਦੀ ਲੋੜ; ਭਗਤ ਸਿੰਘ ਜਨਮ ਦਿਹਾੜੇ ਨੂੰ ਸਮਰਪਤ ਵਿਚਾਰ-ਚਰਚਾ

On: ਸਤੰਬਰ 26, 2026 10:18 ਬਾਃ ਦੁਃ

 

ਮਿੱਟੀ ਨਾਲ ਜੁੜ ਕੇ ਉਚੇਰੀ ਪਰਵਾਜ਼ ਭਰਨ ਦੀ ਲੋੜ; ਭਗਤ ਸਿੰਘ ਜਨਮ ਦਿਹਾੜੇ ਨੂੰ ਸਮਰਪਤ ਵਿਚਾਰ-ਚਰਚਾ

ਜਲੰਧਰ, 26 ਸਤੰਬਰ 2026

ਅੱਜ ਦੇਸ਼ ਭਗਤ ਯਾਦਗਾਰ ਹਾਲ ‘ਚ ‘ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਵਿਸ਼ੇਸ਼ ਸੰਬੋਧਨ: ਲੋਕਾਈ ਅਤੇ ਇਤਿਹਾਸ ਦਾ ਸੰਜੋਗ – ਭਗਤ ਸਿੰਘ ਦੇ ਮਾਰਕਸਵਾਦੀ ਤਰੀਕਾਕਾਰ ਦੀ ਬਣਤਰ’ ਵਿਸ਼ੇ ‘ਤੇ ਵਿਚਾਰ-ਚਰਚਾ ਮੌਕੇ ਮੁੱਖ ਵਕਤਾ ਸੁਮੇਲ ਸਿੰਘ ਸਿੱਧੂ ਨੇ ਪਾਸ਼ ਦੀ ਕਵਿਤਾ ਦਾ ਹਵਾਲਾ ਦਿੰਦਿਆਂ ਕਿਹਾ ਕਿ,”ਤੁਹਾਡੇ ਅੰਗ ਸੰਗ ਤੁਹਾਡੇ ਸ਼ਹੀਦ ਤੁਹਾਡੇ ਤੋਂ ਕੁੱਝ ਆਸ ਕਰਦੇ ਹਨ” ਸਤਰਾਂ ਨੂੰ ਸਰਸਰੀ ਨਜ਼ਰੇ ਪੜ੍ਹਕੇ ਲੰਘ ਜਾਣਾ ਅਜੋਕੇ ਸਮਿਆਂ ਦਾ ਹਾਣੀ ਨਹੀਂ। ਭਵਿੱਖ਼ ਦੇ ਅਲਾਰਮ, ਤੁਹਾਡੀ ਰਾਤਾਂ ਦੀ ਨੀਂਦ ਅਤੇ ਦਿਨ ਦੇ ਚੈਨ ਨੂੰ ਝਪਟਾ ਮਾਰ ਰਹੇ ਨੇ।

ਸੁਮੇਲ ਸਿੱਧੂ ਨੇ ਕਿਹਾ ਕਿ ਨਿੱਕੜੀ ਉਮਰੇ ਅੰਬਰੀ ਪਰਵਾਜ਼ ਭਰਦੀਆਂ ਬੌਧਿਕ ਗੱਲਾਂ ਕਰਦਾ ਸ਼ਹੀਦ ਭਗਤ ਸਿੰਘ ਸਮਾਜਕ ਤਬਦੀਲੀ ਲਈ ਵਿਸ਼ਾਲ ਅਤੇ ਮਜ਼ਬੂਤ ਲੋਕ ਲਹਿਰ ਉਸਾਰਨ ਦੀ ਲੋੜ ‘ਤੇ ਜ਼ੋਰ ਦਿੰਦਾ ਹੈ। ਉਹ ਨਾਲ ਹੀ ਸੁਚੇਤ ਕਰਦਾ ਹੈ ਕਿ ਹਰੇਕ ਲੋਕ ਲਹਿਰ ਜ਼ਰੂਰੀ ਨਹੀਂ ਕਿ ਉਹ ਲੋਕਾਂ ਦੇ ਬੁਨਿਆਦੀ ਮੁੱਦਿਆਂ ਅਤੇ ਬੁਨਿਆਦੀ ਸਮਾਜਕ ਤਬਦੀਲੀ ਨੂੰ ਪਰਨਾਈ ਹੋਵੇ। ਚੜ੍ਹਦੀ ਜੁਆਨੀ ਵਿੱਚ ਹੀ ਮਾਰਕਸ ਦੀ ‘ਕੈਪੀਟਲ’ ਪੜ੍ਹਨ ਵਾਲੇ, ਹਰ ਵੰਨਗੀ ਦੇ ਵੱਟਾਂ ਬੰਨਿਆਂ ਵੰਡਾਂ ਤੋਂ ਉਪਰ ਉੱਠਕੇ ਮਲਕ ਭਾਗੋਆਂ ਦੀ ਅਜਾਰੇਦਾਰੀ ਨੂੰ ਚੁਣੌਤੀ ਦਿੰਦਿਆਂ ਭਾਈ ਲਾਲੋਆਂ ਕਿਰਤੀਆਂ ਲਈ ਸਾਂਝੀਵਾਲਤਾ ਸਮਾਜਵਾਦ ਸਿਰਜਣ ਦੇ ਸੰਕਲਪ ਨੂੰ ਪ੍ਰਨਾਏ ਭਗਤ ਸਿੰਘ ਨੂੰ ਆਵਾਰਾ ਕਿਸਮ ਦੀਆਂ ਬੌਣੀਆਂ ਟਿੱਪਣੀਆਂ, ਅਰਾਜਕਤਾਵਾਦੀ ਵਰਗੇ ਲਕਬਾਂ ਨਾਲ ਸੰਬੋਧਨ ਕਰਨ ਵਾਲਿਆਂ ਦਾ ਚੰਨ ‘ਤੇ ਥੁੱਕਿਆ ਆਪਣੇ ਹੀ ਮੂੰਹ ‘ਤੇ ਆਣ ਪੈਂਦਾ ਹੈ।

ਸੁਮੇਲ ਸਿੰਘ ਸਿੱਧੂ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਨੂੰ ਕਿਸੇ ਵਿਸ਼ੇਸ਼ ਧਰਮ, ਜਾਤੀ ਨਾਲ ਨਰੜ ਕਰਨਾ ਇਤਿਹਾਸਕਾਰੀ ਨਹੀਂ, ਕਿਉਂਕਿ ਭਗਤ ਸਿੰਘ ਭਾਸ਼ਾ ਦੇ ਸੁਆਲ ਨੂੰ ਵਿਗਿਆਨਕ ਦ੍ਰਿਸ਼ਟੀ ਤੋਂ ਬੇਹੱਦ ਸਾਹਵੇਂ ਅੰਦਾਜ਼ ਨਾਲ ਨਜਿੱਠਦਾ ਹੈ। ਉਹਨਾਂ ਵਿਸ਼ੇਸ਼ ਧਿਆਨ ਖਿਚਦਿਆਂ ਕਿਹਾ ਕਿ ਕਿਸੇ ਫ਼ਿਰਕੇਦਾਰਾਨਾ ਕੱਟੜ ਧਾਰਮਿਕ ਤੰਗ ਵਲਗਣਾ ਦੀ ਬਜਾਏ ਸਾਨੂੰ ਆਪਣੀ ਜ਼ਮੀਨ ਦੇ ਪਤਾਲ ਅੰਦਰ ਜੜ੍ਹਾਂ ਲਾਉਣ ਅਤੇ ਅੰਬਰ ਵੱਲ ਪਰਵਾਜ਼ ਭਰਨ ਲਈ ਆਪਣੇ ਲੋਕ-ਪੱਖੀ, ਵਿਗਿਆਨਕ, ਅਗਾਂਹਵਧੂ ਇਨਕਲਾਬੀ ਇਤਿਹਾਸ, ਸਾਹਿਤ ਸਭਿਆਚਾਰ ਨਾਲ ਮਜ਼ਬੂਤ ਨਾਤਾ ਗੰਢਣ ਦੀ ਲੋੜ ਹੈ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ, ਕਮੇਟੀ ਮੈਂਬਰ ਮੰਗਤ ਰਾਮ ਪਾਸਲਾ ਅਤੇ ਸੁਰਿੰਦਰ ਕੁਮਾਰੀ ਕੋਛੜ ਨੇ ਵੀ ਇਸ ਮੌਕੇ ਵਿਚਾਰ-ਚਰਚਾ ਵਿੱਚ ਸਾਰਥਕ ਯੋਗਦਾਨ ਪਾਇਆ ਅਤੇ ਸੁਮੇਲ ਸਿੰਘ ਸਿੱਧੂ ਨੇ ਇਹਨਾਂ ਵਿਚਾਰਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਸਮੂਹ ਹਾਜ਼ਰੀਨ ਵੱਲੋਂ ਸੁਮੇਲ ਸਿੰਘ ਸਿੱਧੂ ਨੂੰ ਬੱਬਰ ਅਕਾਲੀ ਲਹਿਰ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ ਦਾ ਚਿੰਨ੍ਹ ਅਤੇ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਸਨਮਾਨਤ ਕੀਤਾ ਗਿਆ।

ਅੱਜ ਦੀ ਵਿਚਾਰ-ਚਰਚਾ ਦਾ ਆਗਾਜ਼ ਮੰਗਤ ਰਾਮ ਪਾਸਲਾ ਦੇ ਲਿਖੇ ਮਾਸਟਰ ਰਾਮ ਕੁਮਾਰ ਭਦੌੜ ਦੁਆਰਾ ਸੰਗੀਤਬੱਧ ਕੀਤੇ ਸੰਦੀਪ ਭਦੌੜ ਦੀ ਆਵਾਜ਼ ‘ਚ ਗਾਏ ਗੀਤ ‘ਉੱਜੜੇ ਬਾਗਾਂ ਦੀ ਕੋਇਲ’ ਨਾਲ ਹੋਇਆ। ਇਸ ਮੌਕੇ ਹੀ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਤ ਇਹ ਵਿਚਾਰ-ਚਰਚਾ ਉਸ ਮੌਕੇ ਹੋਰ ਵੀ ਸਾਰਥਕ ਅਤੇ ਇਤਿਹਾਸਕ ਕਦਮ ਹੈ ਜਦੋਂ ਭਗਤ ਸਿੰਘ ਦੀ ਵਿਚਾਰਧਾਰਾ, ਉਸਦੇ ਇਨਕਲਾਬੀ ਉਦੇਸ਼ਾਂ ਨੂੰ ਮਿੱਟੀ ‘ਚ ਮਿਲਾਉਣ ਲਈ ਹੱਲਾ ਬੋਲਿਆ ਜਾ ਰਿਹਾ ਹੈ।

ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਵਿਸ਼ਾਲ ਜਨਤਕ ਸਰਗਰਮੀਆਂ ਦੇ ਨਾਲ-ਨਾਲ ਅਜੇਹੀਆਂ ਬੌਧਿਕ ਵਿਚਾਰਾਂ ਜਾਰੀ ਰੱਖਣ ਦੀ ਲੋੜ ਹੈ। ਇਸ ਮੌਕੇ ਕਮੇਟੀ ਮੈਂਬਰ ਪਰਗਟ ਸਿੰਘ ਜਾਮਾਰਾਏ, ਹਰਵਿੰਦਰ ਭੰਡਾਲ, ਚਰੰਜੀ ਲਾਲ ਕੰਗਣੀਵਾਲ, ਪ੍ਰੋ. ਤੇਜਿੰਦਰ ਵਿਰਲੀ, ਡਾ. ਸੈਲੇਸ਼, ਹਰਮੇਸ਼ ਮਾਲੜੀ, ਮਨਜੀਤ ਸਿੰਘ ਬਾਸਰਕੇ, ਦੇਵਰਾਜ ਨਯੀਅਰ ਤੋਂ ਇਲਾਵਾ ਉੱਘੇ ਪੱਤਰਕਾਰ ਸਤਨਾਮ ਮਾਣਕ, ਕਵੀ ਲਖਵਿੰਦਰ ਜੌਹਲ, ਪ੍ਰੋ. ਜਗਵਿੰਦਰ ਜੋਧਾ, ਡਾ. ਸੁਖਵਿੰਦਰ ਸੰਘਾ, ਕਿਸਾਨ ਆਗੂ ਮਨੋਹਰ ਸਿੰਘ ਗਿੱਲ ਵੀ ਹਾਜ਼ਰ ਸਨ। ਸਮਾਗਮ ਦਾ ਮੰਚ ਸੰਚਾਲਨ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਰਦਿਆਂ ਕਿਹਾ ਕਿ ਵਿਚਾਰਾਂ ਅਤੇ ਅਮਲਾਂ ਵਿੱਚ ਸੁਮੇਲ ਕਰਨ ‘ਤੇ ਜ਼ੋਰ ਦੇਣਾ ਸੁਮੇਲ ਸਿੰਘ ਸਿੱਧੂ ਦੇ ਭਾਸ਼ਣ ਦਾ ਵਿਸ਼ੇਸ਼ ਗੁਣਵੰਤਾ ਭਰਿਆ ਪੱਖ ਸੀ।

 

Leave a Comment