ਬੇਰੁਜ਼ਗਾਰ ਅਧਿਆਪਕਾਂ ਨੇ ਤੋੜੇ ਪੁਲਿਸ ਬੈਰੀਕੇਡ! CM ਰਿਹਾਇਸ਼ ਵੱਲ ਕੂਚ ਦੌਰਾਨ ਜ਼ਬਰਦਸਤ ਧੱਕਾ-ਮੁੱਕੀ- ਕਈ ਅਧਿਆਪਕ ਹਿਰਾਸਤ ਲਏ ਚ

On: ਜੂਨ 4, 2026 2:28 ਬਾਃ ਦੁਃ

 

ਬੇਰੁਜ਼ਗਾਰ ਅਧਿਆਪਕਾਂ ਨੇ ਤੋੜੇ ਪੁਲਿਸ ਬੈਰੀਕੇਡ! ਆਰਟ ਐਂਡ ਕਰਾਫਟ ਅਤੇ ਬੀ.ਐਡ. ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਗੁਰਦੁਆਰਾ ਅੰਬ ਸਾਹਿਬ ਤੋਂ ਸ਼ੁਰੂ ਕੀਤਾ ਸੀ ਮਾਰਚ- ਕਈ ਅਧਿਆਪਕ ਹਿਰਾਸਤ ਵਿੱਚ ਲਏ; ਪ੍ਰਸ਼ਾਸਨ ਨੇ ਤੁਰੰਤ ਮੀਟਿੰਗ ਕਰਵਾਉਣ ਦਾ ਦਿੱਤਾ ਭਰੋਸਾ

ਚੰਡੀਗੜ੍ਹ/ਮੋਹਾਲੀ, 4 ਜੂਨ 2026: ਪੰਜਾਬ ਵਿੱਚ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰਾਂ ਦਾ ਗੁੱਸਾ ਲਗਾਤਾਰ ਵਧਦਾ ਜਾ ਰਿਹਾ ਹੈ। ਬੀਤੇ ਦਿਨ 3 ਜੂਨ ਨੂੰ ਮੋਹਾਲੀ-ਚੰਡੀਗੜ੍ਹ ਸਰਹੱਦ ‘ਤੇ ਉਸ ਵੇਲੇ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਮੁੱਖ ਮੰਤਰੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਆਰਟ ਐਂਡ ਕਰਾਫਟ ਅਤੇ ਬੀ.ਐਡ. ਟੈਟ (TET) ਪਾਸ ਬੇਰੁਜ਼ਗਾਰ ਅਧਿਆਪਕਾਂ ਦੀ ਪੁਲਿਸ ਪ੍ਰਸ਼ਾਸਨ ਨਾਲ ਜ਼ਬਰਦਸਤ ਧੱਕਾ-ਮੁੱਕੀ ਹੋਈ। ਮੋਹਾਲੀ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਖੇ ਇਕੱਠੇ ਹੋ ਕੇ ਕਰੀਬ 300 ਅਧਿਆਪਕਾਂ ਨੇ ਮੁੱਖ ਮੰਤਰੀ ਦੀ ਕੋਠੀ ਵੱਲ ਰਵਾਨਗੀ ਸ਼ੁਰੂ ਕੀਤੀ ਸੀ।

ਜਿਵੇਂ ਹੀ ਪ੍ਰਦਰਸ਼ਨਕਾਰੀ ਅਧਿਆਪਕ ਚੰਡੀਗੜ੍ਹ ਪ੍ਰਸ਼ਾਸਨ ਅਤੇ ਪੰਜਾਬ ਪੁਲਿਸ ਵੱਲੋਂ ਲਗਾਏ ਗਏ ਸੁਰੱਖਿਆ ਬੈਰੀਕੇਡਾਂ ਨੇੜੇ ਪਹੁੰਚੇ, ਤਾਂ ਮਾਹੌਲ ਗਰਮਾ ਗਿਆ। ਅਧਿਆਪਕਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪੰਜਾਬ ਪੁਲਿਸ ਦੇ ਬੈਰੀਕੇਡਾਂ ਨੂੰ ਤੋੜ ਦਿੱਤਾ ਅਤੇ ਚੰਡੀਗੜ੍ਹ ਵੱਲ ਕੂਚ ਕੀਤਾ। ਚੰਡੀਗੜ੍ਹ ਸਰਹੱਦ ‘ਤੇ ਵੀ ਪੁਲਿਸ ਵੱਲੋਂ ਉਨ੍ਹਾਂ ਨੂੰ ਰੋਕਣ ਲਈ ਸਖ਼ਤ ਪ੍ਰਬੰਧ ਕੀਤੇ ਗਏ ਸਨ, ਜਿੱਥੇ ਦੋਵਾਂ ਧਿਰਾਂ ਵਿਚਾਲੇ ਕਾਫੀ ਧੱਕਾ-ਮੁੱਕੀ ਹੋਈ। ਇਸ ਖਿੱਚੋਤਾਣ ਦੌਰਾਨ ਪੁਲਿਸ ਨੇ ਕਈ ਅਧਿਆਪਕਾਂ ਨੂੰ ਹਿਰਾਸਤ ਵਿੱਚ ਵੀ ਲਿਆ।

ਮਾਹੌਲ ਬਹੁਤਾ ਖ਼ਰਾਬ ਹੁੰਦਾ ਦੇਖ ਪੁਲਿਸ ਪ੍ਰਸ਼ਾਸਨ ਅਤੇ ਬੇਰੁਜ਼ਗਾਰ ਅਧਿਆਪਕਾਂ ਦੇ ਆਗੂਆਂ ਵਿਚਕਾਰ ਗੱਲਬਾਤ ਦਾ ਦੌਰ ਸ਼ੁਰੂ ਹੋਇਆ। ਇਸ ਗੱਲਬਾਤ ਦੌਰਾਨ ਪ੍ਰਸ਼ਾਸਨ ਨੇ ਅਧਿਆਪਕਾਂ ਦੀ ਪਹਿਲਾਂ ਤੋਂ ਰੱਦ ਹੋਈ 4 ਜੂਨ (ਅੱਜ) ਦੀ ਮੀਟਿੰਗ ਨੂੰ ਤੁਰੰਤ ਬਹਾਲ ਕਰਵਾਉਣ ਦਾ ਵਾਅਦਾ ਕੀਤਾ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਸਹਿਮਤੀ ਬਣੀ। ਇਸ ਦੇ ਨਾਲ ਹੀ ਉੱਚ ਅਧਿਕਾਰੀਆਂ ਨੇ ਆਗੂਆਂ ਨੂੰ ਆਉਂਦੀ 9 ਜੂਨ ਨੂੰ ਇੱਕ ਅਹਿਮ ਪੈਨਲ ਮੀਟਿੰਗ ਕਰਵਾਉਣ ਦਾ ਵੀ ਪੁਖ਼ਤਾ ਭਰੋਸਾ ਦਿੱਤਾ ਹੈ।

ਆਰਟ ਐਂਡ ਕਰਾਫਟ ਦੇ ਸੂਬਾ ਪ੍ਰਧਾਨ ਰਾਕੇਸ਼ ਮਾਨਸਾ ਅਤੇ ਬੀ.ਐਡ. ਟੈਟ ਪਾਸ ਯੂਨੀਅਨ ਦੇ ਸੂਬਾ ਪ੍ਰਧਾਨ ਜਸਵੰਤ ਨੇ ਸਾਂਝਾ ਫੈਸਲਾ ਲੈਂਦਿਆਂ ਕਿਹਾ ਕਿ ਜੇਕਰ 4 ਜੂਨ ਦੀ ਮੀਟਿੰਗ ਵਿੱਚ ਅਧਿਆਪਕਾਂ ਦੇ ਹੱਕ ਵਿੱਚ ਕੋਈ ਠੋਸ ਫੈਸਲਾ ਸਿਰੇ ਨਹੀਂ ਲੱਗਦਾ, ਤਾਂ ਜਲਦ ਹੀ ਇੱਕ ਹੋਰ ਵੱਡੇ ਅਤੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਆਰਟ ਐਂਡ ਕਰਾਫਟ ਅਤੇ ਮਾਸਟਰ ਕੇਡਰ ਦੀਆਂ ਨਵੀਆਂ ਭਰਤੀਆਂ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ, ਇਹ ਬੇਰੁਜ਼ਗਾਰ ਨੌਜਵਾਨ ਸੜਕਾਂ ‘ਤੇ ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਬੂਹੇ ਖੜਕਾਉਂਦੇ ਰਹਿਣਗੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਅਗਲੀ ਰਣਨੀਤੀ ਤਹਿਤ ਇੱਕ ਵੱਡੇ ਇਕੱਠ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਬਾਹਰ ਪੱਕਾ ਮੋਰਚਾ (ਧਰਨਾ) ਲਗਾਇਆ ਜਾਵੇਗਾ।

 

 

Join WhatsApp

Join Now

Leave a Comment