ਪੰਜਾਬੀ ਦੇ ਸਮਕਾਲੀ ਪਾਠਕ ਅਤੇ ਬਦਲਦੇ ਪੜ੍ਹਨ ਸਭਿਆਚਾਰ ਬਾਰੇ ਵਿਚਾਰ-ਵਟਾਂਦਰਾ
ਪੰਜਾਬ ਨੈੱਟਵਰਕ, ਚੰਡੀਗੜ੍ਹ:
ਪੰਜਾਬ ਅਧਿਐਨ ਸਕੂਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਰੂਸਾ 2.0 ਦੇ ਸਹਿਯੋਗ ਨਾਲ “ਪੰਜਾਬੀ ਦਾ ਸਮਕਾਲੀ ਪਾਠਕ : ਬਦਲਦਾ ਪੜ੍ਹਨ ਸਭਿਆਚਾਰ, ਮੀਡੀਆ ਅਤੇ ਨਵੀਆਂ ਸਾਹਿਤਕ ਸੰਭਾਵਨਾਵਾਂ” ਵਿਸ਼ੇ ’ਤੇ ਲੋਕ ਸੰਪਰਕ ਅਤੇ ਜਨਤਕ ਭਾਗੀਦਾਰੀ ਗਤੀਵਿਧੀ ਦਾ ਆਯੋਜਨ ਮੋਹਨ ਸਿੰਘ ਦੀਵਾਨਾ ਹਾਲ ਵਿਖੇ ਕੀਤਾ ਗਿਆ। ਇਸ ਵਿੱਚ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਅਧਿਆਪਕਾਂ, ਵਿਦਿਆਰਥੀਆਂ ਅਤੇ ਖੋਜਾਰਥੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ।
ਉਦਘਾਟਨੀ ਸੈਸ਼ਨ ਵਿੱਚ ਵਿਭਾਗ ਦੀ ਮੁਖੀ ਡਾ. ਪਰਮਜੀਤ ਕੌਰ ਸਿੱਧੂ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਮਕਾਲੀ ਪੰਜਾਬੀ ਪਾਠਕ ਵਿੱਚ ਵੱਡੀਆਂ ਸੰਭਾਵਨਾਵਾਂ ਹਨ ਅਤੇ ਸਾਹਿਤ ਤੇ ਪਾਠਕ ਦਰਮਿਆਨ ਗੰਭੀਰ ਸੰਵਾਦ ਦੀ ਲੋੜ ਹੈ। ਪ੍ਰੋ. ਗੰਗਾ ਰਾਮ ਚੌਧਰੀ, ਕੋਆਰਡੀਨੇਟਰ, ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ (ਰੂਸਾ), ਨੇ ਕਿਹਾ ਕਿ ਅੱਜ ਦਾ ਪਾਠਕ ਸੁਚੇਤ ਹੈ ਅਤੇ ਉਸ ਲਈ ਅਨੁਕੂਲ ਸਾਹਿਤਕ ਵਾਤਾਵਰਣ ਸਿਰਜਣ ਦੀ ਲੋੜ ਹੈ। ਕੁੰਜੀਵਤ ਭਾਸ਼ਣ ਪ੍ਰਸਿੱਧ ਲੇਖਕ ਅਤੇ ਚਿੰਤਕ ਡਾ. ਮਨਮੋਹਨ ਦੁਆਰਾ ਦਿੱਤਾ ਗਿਆ। ਉਹਨਾਂ ਕਿਹਾ ਕਿ ਪਾਠਕ ਦੇ ਨਾਲ-ਨਾਲ ਪੜ੍ਹਨ ਦੀ ਤਕਨੀਕ ਵੀ ਬਦਲ ਰਹੀ ਹੈ। ਉਨ੍ਹਾਂ ਪਾਠਕ ਦੀ ਅਹਿਮੀਅਤ ਅਤੇ ਪੁਸਤਕ ਤੇ ਸਾਹਿਤ ਦੀ ਮਨੁੱਖੀ ਜੀਵਨ ਵਿੱਚ ਭੂਮਿਕਾ ਨੂੰ ਰੇਖਾਂਕਿਤ ਕੀਤਾ। ਪ੍ਰਧਾਨਗੀ ਭਾਸ਼ਣ ਵਿੱਚ ਪ੍ਰੋ. ਸੁਰਿੰਦਰ ਕੁਮਾਰ ਦਵੇਸ਼ਵਰ ਨੇ ਕਿਹਾ ਕਿ ਪਾਠਕ ਇੱਕ ਵਿਲੱਖਣ ਉਪ-ਸਭਿਆਚਾਰ ਹੈ ਅਤੇ ਮੀਡੀਆ ਜਾਂ ਆਰਟੀਫ਼ਿਸ਼ਲ ਇੰਟੈਲੀਜੈਂਸ ਕਿਤਾਬੀ ਸਭਿਆਚਾਰ ਦੀ ਥਾਂ ਨਹੀਂ ਲੈ ਸਕਦੇ। ਇਸ ਸ਼ੈਸ਼ਨ ਦਾ ਮੰਚ ਸੰਚਾਲਨ ਪ੍ਰੋ. ਉਮਾ ਸੇਠੀ ਨੇ ਕੀਤਾ।
ਪਹਿਲੇ ਅਕਾਦਮਿਕ ਸੈਸ਼ਨ ਵਿੱਚ ਪ੍ਰਕਾਸ਼ਕ ਹਰੀਸ਼ ਜੈਨ, ਲੇਖਕ ਜੰਗ ਬਹਾਦਰ ਗੋਇਲ ਅਤੇ ਜਸਬੀਰ ਭੁੱਲਰ, ਡਾ. ਪ੍ਰਵੀਨ ਅਤੇ ਜਸਪਾਲ ਸਿੰਘ ਨੇ ਪੈਨਲਿਸਟ ਵਜੋਂ ਸ਼ਮੂਲੀਅਤ ਕੀਤੀ। ਇਹਨਾਂ ਸਭ ਨੇ ਪੰਜਾਬੀ ਪੁਸਤਕਾਂ, ਅਨੁਵਾਦ, ਲੇਖਕ ਦੀਆਂ ਚੁਣੌਤੀਆਂ ਅਤੇ ਪਾਠਕ ਪੈਦਾ ਕਰਨ ਬਾਰੇ ਵਿਚਾਰ ਸਾਂਝੇ ਕੀਤੇ। ਸੈਸ਼ਨ ਦਾ ਸੰਚਾਲਨ ਪ੍ਰੋ. ਸਰਬਜੀਤ ਸਿੰਘ ਨੇ ਕੀਤਾ।
ਦੂਜੇ ਅਕਾਦਮਿਕ ਸੈਸ਼ਨ ਵਿੱਚ ਡਾ. ਭੁਪਿੰਦਰ ਸਿੰਘ, ਪ੍ਰੋ. ਸੀ. ਪੀ. ਕੰਬੋਜ, ਡਾ. ਬਲਵਿੰਦਰ, ਜਸਪਾਲ ਸਿੰਘ, ਗਗਨਦੀਪ ਸਿੰਘ ਅਤੇ ਹਰਦੀਪ ਸਿੰਘ ਨੇ ਨਵੇਂ ਪਾਠਕ, ਡਿਜ਼ੀਟਲ ਮਾਧਿਅਮ ਅਤੇ ਬਦਲਦੇ ਸਾਹਿਤਕ ਸਰੋਕਾਰਾਂ ਬਾਰੇ ਵਿਚਾਰ ਪ੍ਰਗਟ ਕੀਤੇ। ਬੁਲਾਰਿਆਂ ਨੇ ਕਿਹਾ ਕਿ ਨਵੇਂ ਮਾਧਿਅਮ ਸਾਹਿਤ ਦੇ ਵਿਰੋਧੀ ਨਹੀਂ, ਸਗੋਂ ਇਸ ਦੇ ਪ੍ਰਸਾਰ ਦੀਆਂ ਨਵੀਆਂ ਸੰਭਾਵਨਾਵਾਂ ਪੈਦਾ ਕਰਦੇ ਹਨ। ਇਸ ਸ਼ੈਸ਼ਨ ਦਾ ਮੰਚ ਸੰਚਾਲਨ ਪ੍ਰੋ. ਯੋਗਰਾਜ ਅੰਗਰਿਸ਼ ਨੇ ਕੀਤਾ।
ਅੰਤ ਵਿੱਚ ਪ੍ਰੋ. ਅਕਵਿੰਦਰ ਕੌਰ ਤਨਵੀ ਨੇ ਸਭ ਦਾ ਧੰਨਵਾਦ ਕੀਤਾ। ਸਮੁੱਚੇ ਤੌਰ ’ਤੇ ਪ੍ਰੋਗਰਾਮ ਨੇ ਪੰਜਾਬੀ ਦੇ ਸਮਕਾਲੀ ਪਾਠਕ, ਪੜ੍ਹਨ ਸਭਿਆਚਾਰ ਅਤੇ ਡਿਜ਼ੀਟਲ ਯੁੱਗ ਵਿੱਚ ਸਾਹਿਤ ਦੀਆਂ ਨਵੀਆਂ ਸੰਭਾਵਨਾਵਾਂ ਬਾਰੇ ਸਾਰਥਕ ਸੰਵਾਦ ਦਾ ਮੰਚ ਪ੍ਰਦਾਨ ਕੀਤਾ। ਇਸ ਪ੍ਰੋਗਰਾਮ ਦੀ ਖੂਬਸੂਰਤੀ ਇਹ ਰਹੀ ਕਿ ਇਸ ਵਿੱਚ ਪਾਠਕ ਦੇ ਰੂਪ ਵਿੱਚ ਵਿਦਿਆਰਥੀਆਂ ਨੇ ਆਪਣੀ ਭਰਵੀਂ ਹਾਜ਼ਰੀ ਦਰਜ ਕਰਾਈ।
















