-ਦੋ ਧਿਰਾਂ ਵਿਚਾਲੇ ਹੋਏ ਤਕਰਾਰ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਲਾਇਸੈਂਸੀ ਪਿਸਤੌਲਾਂ ਨਾਲ ਤਾਬੜਤੋੜ ਫਾਇਰਿੰਗ ਕੀਤੀ ਗਈ। ਇਸ ਗੋਲੀਬਾਰੀ ਦੌਰਾਨ ਇੱਕ ਨਿਹੰਗ ਸਿੰਘ (Nihang Singh) ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਫਾਰਚੂਨਰ ਸਵਾਰ ਦੂਜੀ ਧਿਰ ਦੇ ਤਿੰਨ ਨੌਜਵਾਨ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋ ਗਏ
ਬਟਾਲਾ, 5 ਜੂਨ 2026: ਗੁਰਦਾਸਪੁਰ ਦੇ ਅਧੀਨ ਆਉਂਦੇ ਸ਼ਹਿਰ ਬਟਾਲਾ ਦੇ ਸਿੰਬਲ ਚੌਕ ਵਿੱਚ ਸ਼ੁੱਕਰਵਾਰ ਦੁਪਹਿਰ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਵਾਹਨ ਲੰਘਾਉਣ ਵਰਗੇ ਮਾਮੂਲੀ ਝਗੜੇ ਨੇ ਇੱਕ ਖੂਨੀ ਝੜਪ ਦਾ ਰੂਪ ਧਾਰ ਲਿਆ। ਬਟਾਲਾ-ਗੁਰਦਾਸਪੁਰ ਸੜਕ ‘ਤੇ ਸਥਿਤ ਇਸ ਰੁਝੇਵੇਂ ਵਾਲੇ ਚੌਕ ਵਿੱਚ ਦੋ ਧਿਰਾਂ ਵਿਚਾਲੇ ਹੋਏ ਤਕਰਾਰ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਲਾਇਸੈਂਸੀ ਪਿਸਤੌਲਾਂ ਨਾਲ ਤਾਬੜਤੋੜ ਫਾਇਰਿੰਗ ਕੀਤੀ ਗਈ। ਇਸ ਗੋਲੀਬਾਰੀ ਦੌਰਾਨ ਇੱਕ ਨਿਹੰਗ ਸਿੰਘ (Nihang Singh) ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਫਾਰਚੂਨਰ ਸਵਾਰ ਦੂਜੀ ਧਿਰ ਦੇ ਤਿੰਨ ਨੌਜਵਾਨ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਬੇਹੱਦ ਗੰਭੀਰ ਹੈ।
ਚਸ਼ਮਦੀਦ ਜਸਪਾਲ ਸਿੰਘ ਮੁਤਾਬਕ ਦੁਪਹਿਰ ਕਰੀਬ 2:20 ਵਜੇ ਦੋਵਾਂ ਧਿਰਾਂ ਵਿਚਾਲੇ ਗੱਡੀ ਕਰਾਸ ਕਰਨ (ਲੰਘਾਉਣ) ਨੂੰ ਲੈ ਕੇ ਤਿੱਖੀ ਬਹਿਸ ਹੋ ਰਹੀ ਸੀ। ਮਾਹੌਲ ਗਰਮ ਹੁੰਦਾ ਦੇਖ ਜਦੋਂ ਆਸ-ਪਾਸ ਦੇ ਲੋਕਾਂ ਨੇ ਝਗੜਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ, ਤਾਂ ਫਾਰਚੂਨਰ ਗੱਡੀ ਵਿੱਚ ਬੈਠੇ ਇੱਕ ਨੌਜਵਾਨ ਨੇ ਅਚਾਨਕ ਆਪਣੀ ਪਿਸਤੌਲ ਕੱਢ ਲਈ। ਲੋਕਾਂ ਨੂੰ ਪਿੱਛੇ ਹਟਾਉਣ ਲਈ ਉਸ ਨੇ ਸੜਕ ਵੱਲ 2 ਤੋਂ 3 ਹਵਾਈ ਫਾਇਰ ਕਰ ਦਿੱਤੇ।
ਹਵਾਈ ਫਾਇਰ ਹੁੰਦੇ ਦੇਖ ਉੱਥੇ ਮੌਜੂਦ ਨਿਹੰਗ ਸਿੰਘ ਦੀਪਇੰਦਰ ਸਿੰਘ ਨੇ ਵੀ ਆਪਣੀ ਲਾਇਸੈਂਸੀ ਪਿਸਤੌਲ ਕੱਢ ਲਈ ਅਤੇ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਨਾਲ ਇੱਕ ਗੋਲੀ ਫਾਰਚੂਨਰ ਸਵਾਰ ਨੌਜਵਾਨ ਦੀ ਲੱਤ ਅਤੇ ਸਰੀਰ ਦੇ ਹੋਰ ਹਿੱਸੇ ਵਿੱਚ ਲੱਗੀ। ਇਸ ਤੋਂ ਗੁੱਸੇ ਵਿੱਚ ਆਏ ਦੂਜੇ ਫਾਰਚੂਨਰ ਸਵਾਰ ਨੌਜਵਾਨ ਨੇ ਨਿਹੰਗ ਸਿੰਘ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਹ ਗੋਲੀਆਂ ਲੱਗਣ ਕਰਕੇ ਮੌਕੇ ‘ਤੇ ਹੀ ਜ਼ਮੀਨ ‘ਤੇ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ।
ਘਟਨਾ ਵਿੱਚ ਇੱਕ ਹੋਰ ਖੌਫਨਾਕ ਮੋੜ ਉਦੋਂ ਆਇਆ ਜਦੋਂ ਨਿਹੰਗ ਸਿੰਘ ਨੂੰ ਗੋਲੀ ਮਾਰਨ ਤੋਂ ਤੁਰੰਤ ਬਾਅਦ ਉਕਤ ਹਮਲਾਵਰ ਨੌਜਵਾਨ ਨੇ ਆਪਣੀ ਹੀ ਪਿਸਤੌਲ ਨਾਲ ਆਪਣੇ ਸਿਰ ਵਿੱਚ ਵੀ ਗੋਲੀ ਮਾਰ ਲਈ। ਇਸੇ ਦੌਰਾਨ ਫਾਰਚੂਨਰ ਸਵਾਰਾਂ ਦੇ ਇੱਕ ਹੋਰ ਸਾਥੀ ਨੇ ਜਦੋਂ ਆਪਣੇ ਸਾਥੀ ਨੂੰ ਜ਼ਖ਼ਮੀ ਦੇਖਿਆ, ਤਾਂ ਉਸ ਨੇ ਗੁੱਸੇ ਵਿੱਚ ਆ ਕੇ ਜ਼ਮੀਨ ‘ਤੇ ਨਿਢਾਲ ਪਏ ਨਿਹੰਗ ਸਿੰਘ ਦੇ ਉੱਪਰ ਚੜ੍ਹ ਕੇ 2 ਤੋਂ 3 ਹੋਰ ਫਾਇਰ ਕੀਤੇ। ਚਸ਼ਮਦੀਦ ਅਨੁਸਾਰ ਮੌਕੇ ‘ਤੇ ਕਰੀਬ 15 ਰਾਊਂਡ ਫਾਇਰਿੰਗ ਹੋਈ, ਜਿਸ ਵਿੱਚੋਂ ਪੁਲਿਸ ਨੂੰ ਹੁਣ ਤੱਕ 9 ਤੋਂ 10 ਖੋਲ ਮਿਲ ਚੁੱਕੇ ਹਨ।
ਮ੍ਰਿਤਕ ਦੀ ਪਛਾਣ ਦੀਪਇੰਦਰ ਸਿੰਘ ਉਰਫ਼ ਦੀਪ ਸ਼ੁੱਕਰਪੁਰਾ ਵਜੋਂ ਹੋਈ ਹੈ, ਜੋ ਬਟਾਲਾ ਦਾ ਹੀ ਰਹਿਣ ਵਾਲਾ ਸੀ ਅਤੇ ਇਲਾਕੇ ਵਿੱਚ ਇੱਕ ਨਸ਼ਾ ਮੁਕਤੀ ਕੇਂਦਰ (ਡੀ-ਐਡੀਕਸ਼ਨ ਸੈਂਟਰ) ਚਲਾਉਂਦਾ ਸੀ। ਦੂਜੇ ਪਾਸੇ, ਫਾਰਚੂਨਰ ਸਵਾਰ ਨੌਜਵਾਨ ਬਟਾਲਾ ਦੇ ਹੀ ਇੱਕ ਨਾਮਵਰ ਗਨ ਹਾਊਸ ਚਲਾਉਣ ਵਾਲੇ ਪਰਿਵਾਰ ਨਾਲ ਸਬੰਧਤ ਦੱਸੇ ਜਾ ਰਹੇ ਹਨ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਭਾਰੀ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ ਬਟਾਲਾ ਦੇ ਐਸ.ਐਸ.ਪੀ. (SSP) ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਹਾਦਸੇ ਦਾ ਕਾਰਨ ਗੱਡੀ ਕਰਾਸ ਕਰਨ ਦਾ ਵਿਵਾਦ ਹੀ ਸਾਹਮਣੇ ਆਇਆ ਹੈ। ਦੋਵਾਂ ਧਿਰਾਂ ਕੋਲ ਲਾਇਸੈਂਸੀ ਹਥਿਆਰ ਸਨ। ਬਟਾਲਾ ਦੇ ਐਸ.ਐਸ.ਪੀ. (SSP) ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਫੋਰੈਂਸਿਕ ਟੀਮ ਦੀ ਮਦਦ ਨਾਲ ਮੌਕੇ ਤੋਂ ਸਬੂਤ ਇਕੱਠੇ ਕੀਤੇ ਹਨ। ਦੂਜੇ ਪਾਸੇ, ਦਿਨ-ਦਿਹਾੜੇ ਬਾਜ਼ਾਰ ਦੇ ਵਿਚਕਾਰ ਹੋਈ ਇਸ ਖੂਨੀ ਵਾਰਦਾਤ ਤੋਂ ਬਾਅਦ ਸਥਾਨਕ ਵਪਾਰੀਆਂ ਅਤੇ ਆਮ ਲੋਕਾਂ ਵਿੱਚ ਭਾਰੀ ਸਹਿਮ ਦਾ ਮਾਹੌਲ ਹੈ।













