ਸਰਕਾਰੀ ਸਕੂਲਾਂ ‘ਚ ਪ੍ਰਿੰਸੀਪਲ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ; ਕੱਢ ਰਹੀਆਂ ਨੇ ਸਿੱਖਿਆ ਕ੍ਰਾਂਤੀ ਦੀ ਫੂਕ!

On: ਜੂਨ 9, 2026 3:19 ਬਾਃ ਦੁਃ

 

ਪ੍ਰਿੰਸੀਪਲ ਦੀਆਂ ਹਜ਼ਾਰਾਂ ਖਾਲੀ ਅਸਾਮੀਆਂ ਕੱਢ ਰਹੀਆਂ ਨੇ ਸਿੱਖਿਆ ਕ੍ਰਾਂਤੀ ਦੀ ਫੂਕ! ਪੰਜਾਬ ਦੀ ਸਿੱਖਿਆ ਹੁਣ ਤੱਕ ਦੇ ਸਭ ਤੋ ਮਾੜੇ ਦੌਰ ਵਿੱਚ-ਡੀ. ਟੀ. ਐਫ਼

ਚੰਡੀਗੜ੍ਹ, 09 ਜੂਨ 2026-

ਭਗਵੰਤ ਮਾਨ ਦੀ ਪੰਜਾਬ ਸਰਕਾਰ ਵੱਲੋਂ ਨਿੱਤ ਦਿਨ ਸਿੱਖਿਆ ਦੀ ਕਾਇਆ ਪਲਟ ਵਰਗੇ ਝੂਠੇ ਇਸ਼ਤਿਹਾਰ ਦੇਰਹੀ ਹੈ, ਪਰ ਪ੍ਰਿੰਸੀਪਲਾਂ ਦੀਆਂ ਲਗਭਗ 60% ਖਾਲੀ ਅਸਾਮੀਆਂ ਇਸ ਝੂਠ ਦਾ ਪਰਦਾਫਾਸ਼ ਕਰ ਰਹੀਆਂ ਹਨ। ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ 1927 ਸੀਨੀਅਰ ਸੈਕੰਡਰੀ ਸਕੂਲਾਂ ਵਿੱਚੋ 1113 ਸਕੂਲ ਬਿਨਾਂ ਪ੍ਰਿੰਸੀਪਲਾਂ ਤੋ ਚੱਲ ਰਹੇ ਹਨ।

ਆਗੂਆਂ ਨੇ ਕਿਹਾ ਪੰਜਾਬ ਦੀ ਸਿੱਖਿਆ ਦੇ ਇਤਿਹਾਸ ਵਿੱਚ ਇਹ ਸਮਾਂ ਸਭ ਤੋ ਵੱਧ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਆਗੂਆਂ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਾ ਅਤੇ ਨਵਾਂ ਸ਼ਹਿਰ ਵਿੱਚ ਪ੍ਰਿੰਸੀਪਲਾਂ ਦੀ 86% ਅਸਾਮੀਆਂ ਖਾਲੀ ਪਈਆਂ ਹਨ। ਇਸੇ ਤਰਾਂ ਤਰਨਤਾਰਨ ਅਤੇ ਬਰਨਾਲਾ ਵਿੱਚ 80% ਸਕੂਲ ਬਿਨਾਂ ਪ੍ਰਿੰਸੀਪਲਾਂ ਤੋ ਚੱਲ ਰਹੇ ਹਨ। ਮੋਗਾ, ਕਪੂਰਥਲਾ ਅਤੇ ਜਲੰਧਰ ਵਿੱਚ ਲਗਭਗ 70% ਸਕੂਲਾਂ ਵਿੱਚ ਪ੍ਰਿੰਸੀਪਲ ਨਹੀਂ ਹਨ।

ਆਗੂਆਂ ਨੇ ਇਸ ਗੱਲ ‘ਤੇ ਹੈਰਾਨੀ ਪ੍ਰਗਟ ਕੀਤੀ ਕਿ 60% ਪ੍ਰਿੰਸੀਪਲਾਂ, ਹੈਡਮਾਸਟਰਾਂ, ਲੈਕਚਰਾਰਾਂ, ਮਾਸਟਰਾਂ ਅਤੇ ਈ ਟੀ ਟੀ ਅਧਿਆਪਕਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਸਰਕਾਰ ਪੰਜਾਬ ਨੂੰ ਸਿੱਖਿਆ ਵਿੱਚ ਪਹਿਲੇ ਨੰਬਰ ‘ਤੇ ਕਿਵੇਂ ਦਿਖਾ ਰਹੀ ਹੈ।

ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ,ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿਤ ਸਕੱਤਰ ਜਸਵਿੰਦਰ ਬਠਿੰਡਾ,ਪ੍ਰੈਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਕਿਹਾ ਕਿ ਇੱਕ ਅਪ੍ਰੈਲ ਤੋ ਸ਼ੁਰੂ ਹੋਏ ਸੈਸ਼ਨ ਵਿੱਚ ਸਕੂਲਾਂ ਦਾ ਅਕਾਦਮਿਕ ਮਾਹੌਲ ਬਿਲਕੁਲ ਖ਼ਤਮ ਹੋ ਚੁੱਕਾ ਹੈ ਕਿਉ ਕਿ 90% ਅਧਿਆਪਕ ਜਨ ਗਣਨਾ, ਐੱਸ ਆਈ ਆਰ, ਡਰੱਗ ਸਰਵੇ, ਚੋਣ ਡਿਊਟੀਆਂ ਅਤੇ ਹੋਰ ਗ਼ੈਰ ਵਿਦਿਅਕ ਕੰਮਾਂ ਵਿੱਚ ਉਲਝੇ ਹੋਏ ਹਨ।

ਸਕੂਲਾਂ ਵਿੱਚ ਵਿਦਿਆਰਥੀ ਖਾਲੀ ਬੈਠ ਕੇ ਮੁੜ ਰਹੇ ਹਨ ਅਤੇ ਸਰਕਾਰ ਇਸਨੂੰ ਸਿੱਖਿਆ ਕ੍ਰਾਂਤੀ ਦਾ ਨਾਂ ਦੇ ਰਹੀ ਹੈ। ਅਧਿਆਪਕ ਆਪਣੀਆਂ ਤਰੱਕੀਆਂ ਦੀਆਂ ਫ਼ਾਇਲਾਂ ਲਈ ਦਫਤਰਾਂ ਦੇ ਚੱਕਰ ਕੱਟ ਰਹੇ ਹਨ ਤੇ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ।

ਆਗੂਆਂ ਨੇ ਦੱਸਿਆ ਕਿ ਇਸ ਅਖੌਤੀ ਸਿੱਖਿਆ ਕ੍ਰਾਂਤੀ ਦੇ ਚਲਦੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ 9% ਘੱਟ ਚੁੱਕੀ ਹੈ। ਜਥੇਬੰਦੀ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਪ੍ਰਿੰਸੀਪਲਾਂ ਸਮੇਤ ਅਧਿਆਪਕਾਂ ਦੇ ਹਰੇਕ ਕਾਡਰ ਦੀਆਂ ਪ੍ਰੋਮੋਸ਼ਨਾਂ ਤੁਰੰਤ ਕੀਤੀਆਂ ਜਾਣ ਅਤੇ ਸਿੱਧੀ ਭਰਤੀ ਕੋਟੇ ਦੀਆਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ।

 

Join WhatsApp

Join Now

Leave a Comment