Breaking: ਮੋਹਾਲੀ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਜਾਣੋ ਕੌਣ?

On: ਜੂਨ 9, 2026 3:56 ਬਾਃ ਦੁਃ

 

Breaking: ਮੋਹਾਲੀ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ- ਸਰਬਜੀਤ ਸਿੰਘ ਦੇ ਨਾਮ ‘ਤੇ ਲਗਾਈ ਮੋਹਰ

ਪੰਜਾਬ ਨੈੱਟਵਰਕ

ਚੰਡੀਗੜ੍ਹ, 09 ਜੂਨ 2026- ਮੋਹਾਲੀ ਨਗਰ ਨਿਗਮ ਦੇ ਇਤਿਹਾਸ ਵਿੱਚ ਅੱਜ ਇੱਕ ਨਵਾਂ ਅਧਿਆਇ ਜੁੜ ਗਿਆ ਹੈ। ਲੰਬੇ ਸਮੇਂ ਤੋਂ ਚੱਲ ਰਹੀਆਂ ਅਟਕਲਾਂ ‘ਤੇ ਵਿਰਾਮ ਲਗਾਉਂਦੇ ਹੋਏ, ਅੱਜ ਆਮ ਆਦਮੀ ਪਾਰਟੀ (AAP) ਦੇ ਸੀਨੀਅਰ ਆਗੂ ਸਰਬਜੀਤ ਸਿੰਘ ਨੂੰ ਸਰਬਸੰਮਤੀ ਨਾਲ ਮੋਹਾਲੀ ਦਾ ਨਵਾਂ ਮੇਅਰ ਚੁਣ ਲਿਆ ਗਿਆ ਹੈ। ਇਸ ਦੇ ਨਾਲ ਹੀ ਹਰਪਾਲ ਚੰਨਾ ਨੂੰ ਡਿਪਟੀ ਮੇਅਰ ਅਤੇ ਆਰਪੀ ਸ਼ਰਮਾ ਨੂੰ ਸੀਨੀਅਰ ਡਿਪਟੀ ਮੇਅਰ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ।

ਨਗਰ ਨਿਗਮ ਦਫ਼ਤਰ ਵਿਖੇ ਆਯੋਜਿਤ ਹਾਊਸ ਦੀ ਵਿਸ਼ੇਸ਼ ਮੀਟਿੰਗ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਮੀਟਿੰਗ ਦੀ ਸ਼ੁਰੂਆਤ ਵਿੱਚ ਚੋਣਾਂ ਵਿੱਚ ਜਿੱਤੇ ਹੋਏ ਸਮੂਹ ਕੌਂਸਲਰਾਂ (MCs) ਨੂੰ ਅਹੁਦੇ ਅਤੇ ਭੇਦਗੁਪਤ ਰੱਖਣ ਦੀ ਸਹੁੰ ਚੁਕਵਾਈ ਗਈ। ਸਹੁੰ ਚੁੱਕਣ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਤੁਰੰਤ ਬਾਅਦ ਹੀ ਸਰਬਜੀਤ ਸਿੰਘ ਦੇ ਨਾਮ ਦਾ ਰਸਮੀ ਐਲਾਨ ਕੀਤਾ ਗਿਆ।

ਦੱਸਣਾ ਬਣਦਾ ਹੈ ਕਿ, ਨਵੇਂ ਚੁਣੇ ਗਏ ਮੇਅਰ ਸਰਬਜੀਤ ਸਿੰਘ ਮੋਹਾਲੀ ਦੇ ਵਿਧਾਇਕ (MLA) ਕੁਲਵੰਤ ਸਿੰਘ ਦੇ ਸਪੁੱਤਰ ਹਨ। ਰਾਜਨੀਤਿਕ ਹਲਕਿਆਂ ਵਿੱਚ ਇਸ ਨਿਯੁਕਤੀ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦੀ ਨਿਯੁਕਤੀ ਨਾਲ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ, ਕਿਉਂਕਿ ਉਨ੍ਹਾਂ ਕੋਲ ਪਹਿਲਾਂ ਹੀ ਸਥਾਨਕ ਰਾਜਨੀਤੀ ਦਾ ਤਜਰਬਾ ਹੈ।

ਮੇਅਰ ਵਜੋਂ ਆਪਣੀ ਨਿਯੁਕਤੀ ਤੋਂ ਬਾਅਦ ਸਰਬਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਹਿਲ ਮੋਹਾਲੀ ਨੂੰ ਇੱਕ ‘ਸਮਾਰਟ ਅਤੇ ਸਾਫ਼-ਸੁਥਰਾ’ ਸ਼ਹਿਰ ਬਣਾਉਣਾ ਹੋਵੇਗੀ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵੀ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਸ਼ਹਿਰ ਦੇ ਬੁਨਿਆਦੀ ਢਾਂਚੇ ਅਤੇ ਨਾਗਰਿਕ ਸਹੂਲਤਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦੇਵੇਗੀ।

ਮੋਹਾਲੀ ਸ਼ਹਿਰ ਵਾਸੀਆਂ ਨੂੰ ਹੁਣ ਉਮੀਦ ਹੈ ਕਿ ਨਵੀਂ ਅਗਵਾਈ ਸ਼ਹਿਰ ਵਿੱਚ ਬੰਦ ਪਏ ਵਿਕਾਸ ਪ੍ਰੋਜੈਕਟਾਂ ਨੂੰ ਮੁੜ ਸੁਰਜੀਤ ਕਰੇਗੀ ਅਤੇ ਸਫਾਈ, ਸੜਕਾਂ ਤੇ ਪਾਣੀ ਦੀ ਸਪਲਾਈ ਵਰਗੀਆਂ ਬੁਨਿਆਦੀ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰੇਗੀ।

 

Join WhatsApp

Join Now

Leave a Comment