1974 ਦੇ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਦਾ ਇਤਿਹਾਸ; ਯਾਦਗਾਰ ਟਰੱਸਟ ਦੀ ਅਹਿਮ ਮੀਟਿੰਗ ‘ਚ ਕਈ ਅਹਿਮ ਏਜੰਡਿਆਂ ‘ਤੇ ਲੱਗੀ ਮੋਹਰ

On: ਜੂਨ 14, 2026 10:11 ਬਾਃ ਦੁਃ

 

1974 ਦੇ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਦਾ ਇਤਿਹਾਸ; ਯਾਦਗਾਰ ਟਰੱਸਟ ਦੀ ਅਹਿਮ ਮੀਟਿੰਗ ‘ਚ ਕਈ ਅਹਿਮ ਏਜੰਡਿਆਂ ‘ਤੇ ਲੱਗੀ ਮੋਹਰ

ਪ੍ਰਧਾਨ ਕ੍ਰਿਸ਼ਨ ਮੰਨਣ ਦੀ ਪ੍ਰਧਾਨਗੀ ਹੇਠ ਹੋਈ ਜ਼ਰੂਰੀ ਮੀਟਿੰਗ; ਸਕੱਤਰ ਗੁਰਦਿਆਲ ਸਿੰਘ ਨੇ ਪੇਸ਼ ਕੀਤੇ ਏਜੰਡੇ- 1974 ਦੇ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਦੇ ਇਤਿਹਾਸ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਬਣੇਗੀ ਫੇਸਬੁੱਕ ਆਈ.ਡੀ.

ਰਾਮਪੁਰਾ ਫੂਲ, 14 ਜੂਨ 2026-

ਸ਼ਹੀਦ ਬੇਰੁਜ਼ਗਾਰ ਅਧਿਆਪਕ ਯਾਦਗਾਰ ਟਰੱਸਟ ਰਾਮਪੁਰਾ ਫੂਲ ਦੀ ਇੱਕ ਅਹਿਮ ਅਤੇ ਜ਼ਰੂਰੀ ਮੀਟਿੰਗ ਯਾਦਗਾਰ ਹਾਲ ਵਿਖੇ ਹੋਈ। ਇਹ ਮੀਟਿੰਗ ਟਰੱਸਟ ਦੇ ਪ੍ਰਧਾਨ ਕ੍ਰਿਸ਼ਨ ਮੰਨਣ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ, ਜਿਸ ਵਿੱਚ ਟਰੱਸਟ ਦੇ ਸਕੱਤਰ ਗੁਰਦਿਆਲ ਸਿੰਘ ਵੱਲੋਂ ਸੰਸਥਾ ਦੀ ਮਜ਼ਬੂਤੀ ਅਤੇ ਭਵਿੱਖੀ ਰੂਪ-ਰੇਖਾ ਨੂੰ ਲੈ ਕੇ ਕਈ ਅਹਿਮ ਏਜੰਡੇ ਪੇਸ਼ ਕੀਤੇ ਗਏ, ਜਿਨ੍ਹਾਂ ਨੂੰ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ।

ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਯਾਦਗਾਰ ਹਾਲ ਨੂੰ ਅੰਦਰੋਂ ਪ੍ਰਾਈਮਰ (ਰੰਗ-ਰੋਗਨ) ਕਰਵਾਇਆ ਜਾਵੇਗਾ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਟਰੱਸਟ ਮੈਂਬਰ ਅਸ਼ੋਕ ਕੁਮਾਰ, ਗੁਰਮੇਲ ਸਿੰਘ, ਅੰਗਰੇਜ਼ ਸਿੰਘ ਅਤੇ ਗੁਰਚਰਨ ਸਿੰਘ ਗਿੱਲ ਦੀ ਵਿਸ਼ੇਸ਼ ਡਿਊਟੀ ਲਗਾਈ ਗਈ। ਹਾਲ ਦੇ ਬਾਕੀ ਰਹਿੰਦੇ ਵਿਕਾਸ ਕਾਰਜਾਂ ਲਈ ਫੰਡ ਦੀ ਲੋੜ ਨੂੰ ਮੁੱਖ ਰੱਖਦਿਆਂ ਰਾਮਪੁਰਾ ਫੂਲ ਵਿੱਚ ਰਹਿਣ ਵਾਲੇ ਟਰੱਸਟ ਮੈਂਬਰਾਂ ਨੂੰ ਫੰਡ ਅਤੇ ਸਹਾਇਤਾ ਰਾਸ਼ੀ ਇਕੱਤਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਸ਼ਹੀਦ ਬੇਰੁਜ਼ਗਾਰ ਅਧਿਆਪਕਾਂ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਣ ਅਤੇ 1974 ਦੇ ਇਤਿਹਾਸਕ ਬੇਰੁਜ਼ਗਾਰ ਅਧਿਆਪਕ ਸੰਘਰਸ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਟਰੱਸਟ ਦੀ ਇੱਕ ਅਧਿਕਾਰਤ ਫੇਸਬੁੱਕ ਆਈ.ਡੀ. (Facebook ID) ਬਣਾਉਣ ਦਾ ਫੈਸਲਾ ਹੋਇਆ। ਇਸ ਤਕਨੀਕੀ ਜ਼ਿੰਮੇਵਾਰੀ ਲਈ ਗਗਨ ਗਰੋਵਰ ਅਤੇ ਸੰਦੀਪ ਕੁਮਾਰ ਦੀ ਡਿਊਟੀ ਲਾਈ ਗਈ ਤਾਂ ਜੋ ਟਰੱਸਟ ਦੀਆਂ ਸਰਗਰਮੀਆਂ ਨੂੰ ਸੰਘਰਸ਼ ਨਾਲ ਜੁੜੇ ਲੋਕਾਂ ਤੱਕ ਡਿਜੀਟਲ ਮਾਧਿਅਮ ਰਾਹੀਂ ਪਹੁੰਚਾਇਆ ਜਾ ਸਕੇ। ਇਸ ਤੋਂ ਇਲਾਵਾ, ਟਰੱਸਟ ਦਾ ਬੈਂਕ ਖਾਤਾ ਸੁਚਾਰੂ ਰੂਪ ਵਿੱਚ ਚਾਲੂ ਕਰਨ ਲਈ ‘ਦਰਪਣ ਆਈ.ਡੀ.’ ਬਣਾਉਣ ਦਾ ਕੰਮ ਅਸ਼ੋਕ ਕੁਮਾਰ ਅਤੇ ਗੁਰਚਰਨ ਸਿੰਘ ਗਿੱਲ ਨੂੰ ਸੌਂਪਿਆ ਗਿਆ।

ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਵੱਖ-ਵੱਖ ਜਨਤਕ ਜਥੇਬੰਦੀਆਂ ਨਾਲ ਤਾਲਮੇਲ ਵਧਾਇਆ ਜਾਵੇਗਾ ਤਾਂ ਜੋ ਹੋਰ ਸੰਗਠਨ ਵੀ ਇਸ ਯਾਦਗਾਰ ਹਾਲ ਨਾਲ ਜੁੜ ਸਕਣ। ਇਸ ਦੇ ਨਾਲ ਹੀ ਆਉਂਦੀ 22 ਜੁਲਾਈ ਨੂੰ ਸ਼ਹੀਦ ਅਧਿਆਪਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਅਤੇ 15 ਸਤੰਬਰ ਨੂੰ ਸ਼ਹੀਦ ਅਧਿਆਪਕਾਂ ਦੀ ਯਾਦ ਵਿੱਚ ਯਾਦਗਾਰ ਹਾਲ ਰਾਮਪੁਰਾ ਫੂਲ ਵਿਖੇ ਇੱਕ ਵਿਸ਼ਾਲ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਉਣ ਲਈ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸ ਮੀਟਿੰਗ ਵਿੱਚ ਟਰੱਸਟ ਦੇ ਪ੍ਰਧਾਨ ਕ੍ਰਿਸ਼ਨ ਮੰਨਣ ਅਤੇ ਸਕੱਤਰ ਸਰਦਾਰ ਗੁਰਦਿਆਲ ਸਿੰਘ ਤੋਂ ਇਲਾਵਾ ਮੈਂਬਰ ਗੁਰਚਰਨ ਸਿੰਘ ਗਿੱਲ, ਗੁਰਮੇਲ ਸਿੰਘ, ਰਣਜੋਧ ਸਿੰਘ, ਜੁਗਰਾਜ ਸਿੰਘ, ਅੰਗਰੇਜ਼ ਸਿੰਘ, ਰੇਸ਼ਮ ਸਿੰਘ ਖੇਮੂਆਣਾ, ਜਸਵਿੰਦਰ ਸਿੰਘ, ਜਗਸੀਰ ਸਿੰਘ ਢੱਡੇ, ਸੰਦੀਪ ਕੁਮਾਰ ਅਤੇ ਪੁਨੀਤ ਕੁਮਾਰ ਗਰਗ ਸਮੇਤ ਕਈ ਹੋਰ ਆਗੂ ਅਤੇ ਮੈਂਬਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

 

Join WhatsApp

Join Now

Leave a Comment