ਗਿਆਨੀ ਹਰਪ੍ਰੀਤ ਸਿੰਘ ਪਤਾ ਨਹੀਂ ਇੰਨੇ ਭੁਲੱਕੜ ਕਿਉਂ ਨੇ! ਗਿਆਨੀ ਰਘਬੀਰ ਸਿੰਘ ਦਾ ਪਲਟਵਾਰ
ਚੰਡੀਗੜ੍ਹ, 15 ਜੂਨ 2026- ਸਿੱਖ ਜਗਤ ਅਤੇ ਪੰਥਕ ਸਿਆਸਤ ਦੇ ਗਲਿਆਰਿਆਂ ਤੋਂ ਇੱਕ ਬਹੁਤ ਹੀ ਅਹਿਮ ਅਤੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਇਤਰਾਜ਼ਾਂ ‘ਤੇ ਤਿੱਖਾ ਪਲਟਵਾਰ ਕੀਤਾ ਹੈ। ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਗਿਆਨੀ ਰਘਬੀਰ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ‘ਤੇ ਸਿਆਸੀ ਲੋਕਾਂ ਨਾਲ ਮਿਲ ਕੇ ‘ਕੱਲੀ ਸਿਆਸਤ’ ਕਰਨ ਅਤੇ ਧਰਮ ਦੇ ਪੱਖ ਨੂੰ ਕਮਜ਼ੋਰ ਕਰਨ ਦੇ ਗੰਭੀਰ ਦੋਸ਼ ਲਗਾਏ ਹਨ।
ਗਿਆਨੀ ਰਘਬੀਰ ਸਿੰਘ ਨੇ ਸਖ਼ਤ ਲਹਿਜੇ ਵਿੱਚ ਸਵਾਲ ਪੁੱਛਦਿਆਂ ਕਿਹਾ, “ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਗਿਆਨੀ ਹਰਪ੍ਰੀਤ ਸਿੰਘ ਇੰਨੇ ਭੁਲੱਕੜ ਕਿਉਂ ਹੋ ਗਏ ਹਨ?” ਉਨ੍ਹਾਂ ਖ਼ੁਲਾਸਾ ਕੀਤਾ ਕਿ ਅਜੇ ਦੋ-ਤਿੰਨ ਮਹੀਨੇ ਪਹਿਲਾਂ ਹੀ 328 ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ. (SIT) ਖ਼ੁਦ ਬਠਿੰਡਾ ਵਿਖੇ ਗਿਆਨੀ ਹਰਪ੍ਰੀਤ ਸਿੰਘ ਦੇ ਘਰ ਗਈ ਸੀ, ਜਿੱਥੇ ਉਨ੍ਹਾਂ ਨੇ ਐਸ.ਆਈ.ਟੀ. ਸਾਹਮਣੇ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਏ ਸਨ। ਗਿਆਨੀ ਰਘਬੀਰ ਸਿੰਘ ਨੇ ਸਵਾਲ ਚੁੱਕਿਆ ਕਿ ਜੇਕਰ ਉਹ ਹੁਣ ਸਵਾਲ ਖੜ੍ਹੇ ਕਰ ਰਹੇ ਹਨ, ਤਾਂ ਉਨ੍ਹਾਂ ਨੇ ਖ਼ੁਦ ਕਿਸ ਹੈਸੀਅਤ ਵਿੱਚ ਐਸ.ਆਈ.ਟੀ. ਨੂੰ ਆਪਣੇ ਬਿਆਨ ਦਰਜ ਕਰਵਾਏ ਸਨ? ਕੀ ਉਹ ਉਸ ਵੇਲੇ ਤਖ਼ਤ ਦੇ ਜਥੇਦਾਰ ਨਹੀਂ ਸਨ?
ਵੀਡੀਓ ਵਿੱਚ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੀਆਂ ਮੌਜੂਦਾ ਗਤੀਵਿਧੀਆਂ ਤੋਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉਹ ਇਸ ਵੇਲੇ ਪੂਰੀ ਤਰ੍ਹਾਂ ਸਿਆਸਤ ਦੇ ਪੱਖ ਵਿੱਚ ਆ ਗਏ ਹਨ ਅਤੇ ਧਰਮ ਦੇ ਪੱਖ ਨੂੰ ਲਗਾਤਾਰ ਕਮਜ਼ੋਰ ਕਰ ਰਹੇ ਹਨ। ਉਨ੍ਹਾਂ ਨਸੀਹਤ ਦਿੰਦਿਆਂ ਕਿਹਾ ਕਿ ਜਿਸ ਪਵਿੱਤਰ ਤਖ਼ਤ ‘ਤੇ ਗਿਆਨੀ ਹਰਪ੍ਰੀਤ ਸਿੰਘ ਨੇ ਸੇਵਾ ਕੀਤੀ ਹੈ, ਉੱਥੇ ਮੀਰੀ-ਪੀਰੀ ਦੇ ਸਿਧਾਂਤ ਮੁਤਾਬਕ ਧਰਮ ਅਤੇ ਸਿਆਸਤ ਇਕੱਠੇ ਹਨ ਅਤੇ ਸਿਆਸਤ ਹਮੇਸ਼ਾ ਧਰਮ ਤੋਂ ਸੇਧ ਲੈ ਕੇ ਚੱਲਦੀ ਹੈ।
ਗਿਆਨੀ ਰਘਬੀਰ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਿੱਧੀ ਸਲਾਹ ਦਿੱਤੀ ਕਿ ਉਹ ਸਿਆਸੀ ਲੋਕਾਂ ਦੇ ਬਹਿਕਾਵੇ ਵਿੱਚ ਆ ਕੇ ਉਨ੍ਹਾਂ ਨਾਲ ਮਿਲ ਕੇ ਸਿਰਫ਼ ਰਾਜਨੀਤੀ ਚਮਕਾਉਣ ਦਾ ਕੰਮ ਨਾ ਕਰਨ। ਉਨ੍ਹਾਂ ਕਿਹਾ ਕਿ ਕੋਈ ਵੀ ਗੱਲਬਾਤ ਜਾਂ ਫੈਸਲਾ ਹੋਵੇ, ਉਹ ਹਮੇਸ਼ਾ ਧਰਮ ਦੇ ਦਾਇਰੇ ਵਿੱਚ ਰਹਿ ਕੇ ਅਤੇ ਧਰਮ ਤੋਂ ਸੇਧ ਲੈ ਕੇ ਹੀ ਕੀਤਾ ਜਾਣਾ ਚਾਹੀਦਾ ਹੈ।

















