Powercom Contract Employees Protest! ਪਰਿਵਾਰਾਂ ਸਮੇਤ ਡਟੇ ਥਰਮਲ ਦੇ ਠੇਕਾ ਮੁਲਾਜ਼ਮ; ਬਿਜਲੀ ਮੰਤਰੀ ਅਤੇ ਮੈਨੇਜਮੈਂਟ ਲਿਖਤੀ ਸਹਿਮਤੀ ਦੇ ਕੇ ਹੁਣ ਵਾਅਦੇ ਤੋਂ ਭੱਜ ਰਹੇ ਨੇ ਪਿੱਛੇ!
ਆਗੂਆਂ ਦਾ ਵੱਡਾ ਦੋਸ਼- “ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਅਤੇ ਮੈਨੇਜਮੈਂਟ ਲਿਖਤੀ ਸਹਿਮਤੀ ਦੇ ਕੇ ਹੁਣ ਵਾਅਦੇ ਤੋਂ ਭੱਜ ਰਹੇ ਨੇ ਪਿੱਛੇ”
ਮੁਲਾਜ਼ਮਾਂ ਦਾ ਐਲਾਨ- ਜਦੋਂ ਤੱਕ ਵਿਭਾਗ ਵਿੱਚ ਮਰਜ਼ ਕਰਨ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ, ਸੰਘਰਸ਼ ਰਹੇਗਾ ਜਾਰੀ
ਲਹਿਰਾ ਮੁਹੱਬਤ, 17 ਜੂਨ 2026:
ਪਾਵਰਕਾਮ ਅਤੇ ਟ੍ਰਾਂਸਕੋ ਆਊਟਸੋਰਸਡ ਮੁਲਾਜ਼ਮ ਤਾਲਮੇਲ ਕਮੇਟੀ (ਪੰਜਾਬ) ਦੇ ਸੱਦੇ ‘ਤੇ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਠੇਕਾ ਮੁਲਾਜ਼ਮਾਂ ਵੱਲੋਂ ਵਿਭਾਗ ਵਿੱਚ ਮਰਜ਼ (ਪੱਕਾ) ਕਰਨ ਦੀ ਮੰਗ ਨੂੰ ਲੈ ਕੇ ਵਿੱਢਿਆ ਗਿਆ ਤਿੱਖਾ ਸੰਘਰਸ਼ ਲਗਾਤਾਰ ਨੌਵੇਂ ਦਿਨ ਵੀ ਜਾਰੀ ਰਿਹਾ। ਮੁਲਾਜ਼ਮਾਂ ਵੱਲੋਂ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ 09 ਜੂਨ ਤੋਂ ਸ਼ੁਰੂ ਕੀਤਾ ਗਿਆ ਇਹ ਧਰਨਾ ਹੁਣ ਹੋਰ ਪ੍ਰਚੰਡ ਹੁੰਦਾ ਜਾ ਰਿਹਾ ਹੈ।
ਧਰਨੇ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂਆਂ ਜਗਸੀਰ ਸਿੰਘ ਭੰਗੂ, ਬਾਦਲ ਸਿੰਘ ਭੁੱਲਰ, ਗੁਰਪ੍ਰੀਤ ਸਿੰਘ, ਗੁਰਜੰਟ ਸਿੰਘ ਬਾਲਿਆਂਵਾਲੀ ਅਤੇ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ‘ਤੇ ਵਾਅਦਾਖ਼ਿਲਾਫ਼ੀ ਦੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਸਰਕਾਰ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਤੋਂ ਲਗਾਤਾਰ ਟਾਲਾ ਵੱਟ ਰਹੀ ਹੈ।
ਆਗੂਆਂ ਨੇ ਖੁਲਾਸਾ ਕੀਤਾ ਕਿ ਮੁਲਾਜ਼ਮਾਂ ਦੇ ਲਗਾਤਾਰ ਸੰਘਰਸ਼ ਦੇ ਦਬਾਅ ਸਦਕਾ ਲੰਘੀ 24 ਮਈ ਨੂੰ ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਵਿੱਚ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਨੇ ਇੱਕ ਬੈਠਕ ਦੌਰਾਨ ਚੋਣ ਜਾਬਤੇ ਤੋਂ ਬਾਅਦ ਮੁਲਾਜ਼ਮਾਂ ਨੂੰ ਮਹਿਕਮੇ ਹੇਠ ਲਿਆਉਣ (ਮਰਜ਼ ਕਰਨ) ਦੀ ਸਹਿਮਤੀ ਦਿੱਤੀ ਸੀ, ਪਰ ਹੁਣ ਮੈਨੇਜਮੈਂਟ ਅਤੇ ਸਰਕਾਰ ਆਪਣੇ ਇਸ ਵਾਅਦੇ ਤੋਂ ਪਿੱਛੇ ਭੱਜ ਰਹੀ ਹੈ।
ਨੋਟੀਫਿਕੇਸ਼ਨ ਜਾਰੀ ਹੋਣ ਤੱਕ ਜਾਰੀ ਰਹੇਗਾ ਮੋਰਚਾ
ਮੁਲਾਜ਼ਮ ਆਗੂਆਂ ਨੇ ਸਾਫ਼ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਪਾਵਰ ਕਾਰਪੋਰੇਸ਼ਨ ਦੇ ਸਮੂਹ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਮਰਜ਼ ਕਰਨ ਦਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਹ ਪੱਕਾ ਮੋਰਚਾ ਅਤੇ ਧਰਨਾ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗਾ। ਅੱਜ ਦੇ ਧਰਨੇ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਦਾ ਸਮਰਥਨ ਕਰਨ ਲਈ ਕਈ ਪ੍ਰਮੁੱਖ ਜਥੇਬੰਦੀਆਂ ਮੈਦਾਨ ਵਿੱਚ ਨਿੱਤਰੀਆਂ।
ਭਰਾਤਰੀ ਹਮਾਇਤ ਵਜੋਂ ਭਾਰਤੀ ਕਿਸਾਨ ਯੂਨੀਅਨ (BKU) ਉਗਰਾਹਾਂ ਦੇ ਔਰਤ ਵਿੰਗ ਦੀ ਸੂਬਾ ਪ੍ਰਧਾਨ ਹਰਿੰਦਰ ਬਿੰਦੂ, ਰਾਮਪੁਰਾ ਬਲਾਕ ਦੇ ਪ੍ਰਧਾਨ ਮਾਸਟਰ ਸੁਖਦੇਵ ਸਿੰਘ ਜਵੰਦਾ ਅਤੇ ਜਿਉਂਦ ਬਲਾਕ ਦੇ ਪ੍ਰਧਾਨ ਗੁਲਾਬ ਸਿੰਘ ਜਿਉਂਦ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਤੋਂ ਇਲਾਵਾ ਇੰਪਲਾਈਜ ਫੈਡਰੇਸ਼ਨ ਚਹਿਲ ਗਰੁੱਪ ਵੱਲੋਂ ਰਘੁਵੀਰ ਸਿੰਘ ਸੈਣੀ ਤੇ ਰਾਜਿੰਦਰ ਸਿੰਘ ਨਿੰਮਾ, ਅਤੇ ਟੀ.ਐੱਸ.ਯੂ. (TSU) ਵੱਲੋਂ ਰਾਮਪੁਰਾ ਬਲਾਕ ਪ੍ਰਧਾਨ ਅੰਗਰੇਜ਼ ਸਿੰਘ ਧੂਰਕੋਟ ਲਹਿਰਾ ਸਮੇਤ ਆਗੂ ਰਾਜ ਮਹੇਸ਼ ਨੇ ਵੀ ਧਰਨੇ ਨੂੰ ਸੰਬੋਧਨ ਕਰਦਿਆਂ ਮੁਲਾਜ਼ਮਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ।

















