ਤਰਕਸ਼ੀਲ ਸੁਸਾਇਟੀ ਵੱਲੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਉਤੇ ਤੁਰੰਤ ਪਾਬੰਦੀ ਲਾਉਣ ਦੀ ਮੰਗ

On: ਜੂਨ 17, 2026 10:00 ਬਾਃ ਦੁਃ

 

ਤਰਕਸ਼ੀਲ ਸੁਸਾਇਟੀ ਵੱਲੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਉਤੇ ਤੁਰੰਤ ਪਾਬੰਦੀ ਲਾਉਣ ਦੀ ਮੰਗ

ਫ਼ਿਰਕੂ ਰਾਜਨੀਤੀ ਕਰਨ ਦੀ ਬਜਾਏ ਲੋਕਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਕਰੇ ਸਰਕਾਰ

ਅਗਸਤ ਮਹੀਨੇ ਤਿੰਨ ਦਿਨਾਂ ਪੁਸਤਕ ਮੇਲਾ ਲਾਉਣ ਦਾ ਫੈਸਲਾ

ਸੰਗਰੂਰ 17 ਜੂਨ 2026- 

ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੀ ਇਕ ਵਿਸ਼ੇਸ਼ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਸੂਬਾਈ ਜੱਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਹੇਠ ਵੱਖ ਵੱਖ ਧਾਰਮਿਕ ਸਥਾਨਾਂ ਦੀ ਕਰਵਾਈ ਜਾ ਰਹੀ ਮੁਫ਼ਤ ਯਾਤਰਾ ਨੂੰ ਸਰਾਸਰ ਗੈਰ ਸੰਵਿਧਾਨਕ ਅਤੇ ਕਰੋੜਾਂ ਰੁਪਏ ਦੇ ਜਨਤਕ ਸਰਮਾਏ ਦੀ ਬਰਬਾਦੀ ਕਰਾਰ ਦਿੰਦਿਆਂ ਇਸ ਫ਼ਜ਼ੂਲਖਰਚੀ ਉਤੇ ਤੁਰੰਤ ਰੋਕ ਲਾਉਣ ਦੀ ਜ਼ੋਰਦਾਰ ਮੰਗ ਕੀਤੀ ਗਈ। ਇਸ ਮੌਕੇ ਵਿਗਿਆਨਕ ਚੇਤਨਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਤਰਕਸ਼ੀਲ਼ ਬੁੱਧੀਜੀਵੀ ਡਾਕਟਰ ਨਰਿੰਦਰ ਦਾਭੋਲਕਰ ਨੂੰ ਸਮਰਪਿਤ ਤਿੰਨ ਦਿਨਾਂ ਪੁਸਤਕ ਮੇਲਾ ਅਗਸਤ ਮਹੀਨੇ ਵਿੱਚ ਤਰਕਸ਼ੀਲ਼ ਭਵਨ ਬਰਨਾਲੇ ਵਿਖੇ ਲਾਏ ਜਾਣ ਦਾ ਫੈਸਲਾ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਕਮੇਟੀ ਆਗੂਆਂ ਮਾਸਟਰ ਰਾਜਿੰਦਰ ਭਦੌੜ, ਹੇਮ ਰਾਜ ਸਟੈਨੋਂ , ਜੋਗਿੰਦਰ ਕੁੱਲੇਵਾਲ ਸੁਰਜੀਤ ਟਿੱਬਾ ਅਤੇ ਗੁਰਪ੍ਰੀਤ ਸ਼ਹਿਣਾ ਨੇ ਕਿਹਾ ਕਿ ਭਾਰਤੀ ਸੰਵਿਧਾਨ ਅਨੁਸਾਰ ਭਾਰਤੀ ਸਟੇਟ ਦਾ ਇਕ ਧਰਮ ਨਿਰਲੇਪ ਆਧਾਰ ਹੈ ਅਤੇ ਪੰਜਾਬ ਸਰਕਾਰ ਸਮੇਤ ਕਿਸੇ ਵੀ ਹਕੂਮਤ ਨੂੰ ਲੋਕਾਂ ਤੋਂ ਟੈਕਸਾਂ ਦੇ ਰੂਪ ਵਿੱਚ ਇਕੱਠੇ ਕੀਤੇ ਕੀਮਤੀ ਜਨਤਕ ਸਰਮਾਏ ਨੂੰ ਧਾਰਮਿਕ ਕਾਰਜਾਂ ਉਤੇ ਖਰਚ ਕਰਨ ਦਾ ਕੋਈ ਕਾਨੂੰਨੀ ਤੇ ਨੈਤਿਕ ਅਧਿਕਾਰ ਨਹੀ ਹੈ, ਖਾਸ ਕਰਕੇ ਉਦੋਂ ਜਦੋਂ ਕਰੋੜਾਂ ਕਿਸਾਨ, ਮਜ਼ਦੂਰ ਅਤੇ ਪਿਛੜੇ ਵਰਗਾਂ ਦੇ ਲੋਕ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੀਆਂ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹੋਣ।

ਸੂਬਾ ਕਮੇਟੀ ਆਗੂਆਂ ਰਾਜੇਸ਼ ਅਕਲੀਆ,ਸੁਖਵਿੰਦਰ ਬਾਗਪੁਰ, ਰਾਜਪਾਲ ਸਿੰਘ ਅਤੇ ਕੁਲਜੀਤ ਫਾਜ਼ਿਲਕਾ ਨੇ ਇਸ ਯੋਜਨਾ ਦਾ ਡਟਵਾਂ ਵਿਰੋਧ ਕਰਦਿਆਂ ਕਿਹਾ ਕਿ ਤੀਰਥ ਯਾਤਰਾ ਯੋਜਨਾ ਦਾ ਆਮ ਲੋਕਾਂ ਦੇ ਬੁਨਿਆਦੀ ਵਿਕਾਸ ਜਾਂ ਬੁਨਿਆਦੀ ਲੋੜਾਂ ਦੀ ਪੂਰਤੀ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਇਹ ਧਾਰਮਿਕ ਆਸਥਾ ਹੇਠ ਵੋਟਾਂ ਬਟੋਰਨ ਦੀ ਨਿਰੋਲ ਫ਼ਿਰਕੂ ਸਿਆਸਤ ਹੈ। ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਅਕਾਲੀ ਭਾਜਪਾ ਸਰਕਾਰ ਵੇਲੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨੂੰ ਵਾਪਸ ਲੈਣ ਦੇ ਹੁਕਮ ਦਿੱਤੇ ਗਏ ਸਨ ਤਾਂ ਫਿਰ ਆਪ ਸਰਕਾਰ ਵਲੋਂ ਇਹ ਯੋਜਨਾ ਕਿਸ ਅਧਾਰ ਤੇ ਦੋਬਾਰਾ ਲਾਗੂ ਕੀਤੀ ਗਈ ਹੈ?

ਇਸ ਮੌਕੇ ਸੂਬਾ ਕਮੇਟੀ ਆਗੂਆਂ ਰਾਮ ਸਵਰਨ ਲੱਖੇਵਾਲੀ, ਸੁਮੀਤ ਅੰਮ੍ਰਿਤਸਰ ਅਤੇ ਜਸਵਿੰਦਰ ਫਗਵਾੜਾ ਨੇ ਦੋਸ਼ ਲਾਇਆ ਕਿ ਇਕ ਪਾਸੇ ਪੰਜਾਬ ਸਰਕਾਰ ਵੱਲੋਂ ਖਜ਼ਾਨਾ ਖਾਲੀ ਦਾ ਬਹਾਨਾ ਬਣਾ ਕੇ ਸਰਕਾਰੀ ਮੁਲਾਜ਼ਮਾਂ ਦਾ 18% ਡੀ ਏ, ਪੁਰਾਣੀ ਪੈਨਸ਼ਨ ਅਤੇ 34 ਤਰ੍ਹਾਂ ਦੇ ਭੱਤੇ ਖਤਮ ਕਰ ਦਿੱਤੇ ਗਏ ਹਨ,ਪੰਜਾਬ ਦੇ ਲੱਖਾਂ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਉਤੇ ਸਰਕਾਰੀ ਨੌਕਰੀਆਂ ਮੰਗਣ ਤੇ ਅਣਮਨੁੱਖੀ ਤਸ਼ੱਦਦ ਕੀਤਾ ਜਾ ਰਿਹਾ ਹੈ, ਕਿਸਾਨਾਂ, ਮਜ਼ਦੂਰਾਂ ਨੂੰ ਭੁੱਖਿਆਂ ਮਰਨ ਤੇ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਜਨਤਕ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ।

ਪਰ ਇਸਦੇ ਬਿੱਲਕੁਲ ਉਲਟ ਰੋਜ਼ਾਨਾ ਬੇਲੋੜੀ ਫੋਕੀ ਇਸ਼ਤਿਹਾਰਬਾਜੀ ਅਤੇ ਤੀਰਥ ਯਾਤਰਾ ਦੀ ਫ਼ਿਰਕੂ ਸਿਆਸਤ ਉਤੇ ਕਰੋੜਾਂ ਰੁਪਏ ਦੀ ਬਰਬਾਦੀ ਕੀਤੀ ਜਾ ਰਹੀ ਹੈ। ਮੀਟਿੰਗ ਵਿੱਚ ਜੋਨ ਆਗੂਆਂ ਮਾਸਟਰ ਪਰਮ ਵੇਦ, ਜਸਵੰਤ ਜੀਰਖ, ਸੁਖਦੇਵ ਫਗਵਾੜਾ, ਅਜੀਤ ਪ੍ਰਦੇਸੀ, ਮੈਡਮ ਕੁਲਵੰਤ ਕੌਰ, ਸੁਖਵਿੰਦਰ ਗੋਗਾ, ਬਲਰਾਜ ਮੌੜ, ਪ੍ਰਵੀਨ ਜੰਡਵਾਲਾ, ਅੰਮ੍ਰਿਤ ਰਿਸ਼ੀ ਅਤੇ ਜਸਵੀਰ ਸੋਨੀ ਵੱਲੋਂ ਪੰਜਾਬ ਵਿੱਚ ਅੰਧ ਵਿਸ਼ਵਾਸ਼ ਰੋਕੂ ਕਾਨੂੰਨ ਬਣਾਉਣ ਲਈ ਜਨਤਕ ਸੰਘਰਸ਼ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਗਿਆ।

 

Join WhatsApp

Join Now

Leave a Comment