Rape Case Registered: ਵਿਆਹ ਦਾ ਝਾਂਸਾ ਦੇ ਕੇ ਕੁੜੀ ਨਾਲ ਬਲਾਤਕਾਰ, FIR ਦਰਜ
ਵਿਆਹ ਦਾ ਝਾਂਸਾ ਦੇ ਕੇ ਜਿਸਮਾਨੀ ਸਬੰਧ ਬਣਾਉਣ ਵਾਲੇ ਨੌਜਵਾਨ ‘ਤੇ ਜਬਰ-ਜ਼ਨਾਹ ਦਾ ਮਾਮਲਾ ਦਰਜ; ਮੁਲਜ਼ਮ ਫ਼ਰਾਰ
ਢਕੌਲੀ ਥਾਣਾ ਪੁਲਿਸ ਨੇ ਪੀੜਤ ਕੁੜੀ ਦੀ ਸ਼ਿਕਾਇਤ ‘ਤੇ ਡੇਰਾਬੱਸੀ ਦੇ ਨੌਜਵਾਨ ਖ਼ਿਲਾਫ਼ ਕੀਤੀ ਕਾਰਵਾਈ- ਜਨਵਰੀ 2026 ਤੋਂ ਵਿਆਹ ਦਾ ਵਾਅਦਾ ਕਰਕੇ ਬਣਾ ਰਿਹਾ ਸੀ ਸਬੰਧ; ਬਾਅਦ ਵਿੱਚ ਮੁਕਰਿਆ
ਜ਼ੀਰਕਪੁਰ/ਢਕੌਲੀ, 18 ਜੂਨ 2026 –
Rape Case Registered! ਜ਼ੀਰਕਪੁਰ ਦੇ ਅਧੀਨ ਆਉਂਦੇ ਢਕੌਲੀ ਥਾਣੇ ਦੀ ਪੁਲਿਸ ਨੇ ਵਿਆਹ ਦਾ ਝਾਂਸਾ ਦੇ ਕੇ ਇੱਕ ਕੁੜੀ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ ਇੱਕ ਨੌਜਵਾਨ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ‘ਤੇ ਆਰੋਪ ਹੈ ਕਿ ਉਸ ਨੇ ਵਿਆਹ ਦਾ ਝੂਠਾ ਵਾਅਦਾ ਕਰਕੇ ਪੀੜਤਾ ਨਾਲ ਲਗਾਤਾਰ ਜਿਸਮਾਨੀ ਸਬੰਧ ਬਣਾਏ ਅਤੇ ਬਾਅਦ ਵਿੱਚ ਆਪਣੇ ਵਾਅਦੇ ਤੋਂ ਮੁਕਰ ਗਿਆ। ਆਰੋਪੀ ਫਿਲਹਾਲ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
25 ਸਾਲਾ ਪੀੜਤ ਕੁੜੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਜੀਤ ਨੇ ਉਸ ਨਾਲ ਵਿਆਹ ਕਰਨ ਦਾ ਪੱਕਾ ਵਾਅਦਾ ਕੀਤਾ ਸੀ। ਉਸ ਦੇ ਇਸੇ ਭਰੋਸੇ ਸਦਕਾ ਜਨਵਰੀ 2026 ਤੋਂ ਉਨ੍ਹਾਂ ਦੇ ਆਪਸੀ ਜਿਸਮਾਨੀ ਸਬੰਧ ਬਣਦੇ ਆ ਰਹੇ ਸਨ। ਜਦੋਂ ਵੀ ਕੁੜੀ ਨੇ ਉਸ ‘ਤੇ ਵਿਆਹ ਕਰਵਾਉਣ ਲਈ ਦਬਾਅ ਪਾਇਆ, ਤਾਂ ਆਰੋਪੀ ਨੇ ਟਾਲ-ਮਟੋਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਅਖ਼ੀਰ ਵਿੱਚ ਸਾਫ਼ ਤੌਰ ‘ਤੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।
ਪੀੜਤਾ ਦੇ ਬਿਆਨਾਂ ਦੇ ਆਧਾਰ ‘ਤੇ ਢਕੌਲੀ ਥਾਣਾ ਪੁਲਿਸ ਨੇ ਮੁਲਜ਼ਮ ਜੀਤ ਸਿੰਘ ਖ਼ਿਲਾਫ਼ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 69 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਵਾਰਦਾਤ ਤੋਂ ਬਾਅਦ ਆਰੋਪੀ ਆਪਣੇ ਟਿਕਾਣਿਆਂ ਤੋਂ ਫ਼ਰਾਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਦੀਆਂ ਟੀਮਾਂ ਵੱਲੋਂ ਵੱਖ-ਵੱਖ ਥਾਵਾਂ ‘ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਮਾਮਲੇ ਦੀ ਅਗਲੇਰੀ ਜਾਂਚ ਨਿਯਮਾਂ ਅਨੁਸਾਰ ਜਾਰੀ ਹੈ।

















