BREAKING: ਨੌਜਵਾਨ ਵੱਲੋਂ ਚਾਚੇ ਅਤੇ ਦੋਸਤ ਦਾ ਗੋਲੀਆਂ ਮਾਰ ਕੇ ਕਤਲ

On: ਜੂਨ 18, 2026 6:56 ਬਾਃ ਦੁਃ

 

BREAKING: ਨੌਜਵਾਨ ਵੱਲੋਂ ਚਾਚੇ ਅਤੇ ਦੋਸਤ ਦਾ ਗੋਲੀਆਂ ਮਾਰ ਕੇ ਕਤਲ

ਲਾਲੜੂ ਅਗਵਾ ਕਾਂਡ ‘ਚ ਖ਼ੌਫਨਾਕ ਮੋੜ: ਸਫ਼ਾਰੀ ‘ਚ ਚਾਚੇ ਦੀ ਲਾਸ਼ ਲੈ ਕੇ ਭੱਜੇ ਮੁਲਜ਼ਮ ਨੇ ਦੋਸਤ ਨੂੰ ਵੀ ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ, ਦੋਵੇਂ ਲਾਸ਼ਾਂ ਨਹਿਰ ‘ਚ ਸੁੱਟੀਆਂ

ਪਾਣੀਪਤ ਦੇ ਉਗਰਾਖੇੜੀ ਦੇ ਮੁਲਜ਼ਮ ਸਾਹਿਲ ਮਲਿਕ ਨੇ ਲਾਲੜੂ ਦੇ ਘੋਲੂ ਮਾਜਰਾ ‘ਚ ਚਾਚੇ ‘ਤੇ ਚਲਾਈਆਂ ਸਨ ਗੋਲੀਆਂ- ਗੱਡੀ ‘ਚ ਚਾਚੇ ਨੂੰ ਅਗਵਾ ਕਰਕੇ ਭੱਜਦਿਆਂ ਪਾਣੀਪਤ ਟੋਲ ਪਲਾਜ਼ਾ ‘ਤੇ ਦੋਸਤ ਨੂੰ ਬੁਲਾ ਕੇ ਉਸ ਦਾ ਵੀ ਕੀਤਾ ਕਤਲ

ਲਾਲੜੂ/ਪਾਣੀਪਤ, 18 ਜੂਨ 2026- ਲਾਲੜੂ ਵਿਖੇ ਬੀਤੀ ਦੇਰ ਸ਼ਾਮ ਚਾਚੇ ਨੂੰ ਗੋਲੀਆਂ ਮਾਰ ਕੇ ਅਗਵਾ ਕਰਨ ਦੇ ਮਾਮਲੇ ਵਿੱਚ ਇੱਕ ਬੇਹੱਦ ਖ਼ੌਫਨਾਕ ਅਤੇ ਰੂਹ ਕੰਬਾਊ ਖ਼ੁਲਾਸਾ ਸਾਹਮਣੇ ਆਇਆ ਹੈ। ਪਾਣੀਪਤ ਦੇ ਪਿੰਡ ਉਗਰਾਖੇੜੀ ਦੇ ਰਹਿਣ ਵਾਲੇ ਸਿਰਫਿਰੇ ਮੁਲਜ਼ਮ ਸਾਹਿਲ ਮਲਿਕ ਨੇ ਨਾ ਸਿਰਫ਼ ਆਪਣੇ ਚਾਚੇ ਰਾਹੁਲ ਮਲਿਕ ਦਾ ਕਤਲ ਕੀਤਾ, ਬਲਕਿ ਵਾਰਦਾਤ ਤੋਂ ਬਾਅਦ ਫ਼ਰਾਰ ਹੁੰਦਿਆਂ ਰਸਤੇ ਵਿੱਚ ਆਪਣੇ ਇੱਕ ਜਿਗਰੀ ਦੋਸਤ ਅੰਕੁਸ਼ ਨੂੰ ਵੀ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਮੁਲਜ਼ਮ ਨੇ ਪੁਲਿਸ ਤੋਂ ਬਚਣ ਲਈ ਦੋਵਾਂ ਦੀਆਂ ਲਾਸ਼ਾਂ ਨੂੰ ਹਰਿਆਣਾ ਵਿੱਚ ਨਹਿਰ ਦੇ ਕਿਨਾਰੇ ਸੁੱਟ ਦਿੱਤਾ ਅਤੇ ਖ਼ੁਦ ਫ਼ਰਾਰ ਹੋ ਗਿਆ। ਜ਼ਿਕਰਯੋਗ ਹੈ ਕਿ ਬੀਤੀ ਦੇਰ ਸ਼ਾਮ ਲਾਲੜੂ ਨੇੜਲੇ ਪਿੰਡ ਘੋਲੂ ਮਾਜਰਾ ਵਿਖੇ ਸਥਿਤ ਇੱਕ ਦਫ਼ਤਰ ਵਿੱਚ ਮੁਲਜ਼ਮ ਸਾਹਿਲ ਨੇ ਕਿਸੇ ਰੰਜਿਸ਼ ਤਹਿਤ ਆਪਣੇ ਚਾਚੇ ਰਾਹੁਲ ਮਲਿਕ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਸਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਖੂਨ ਨਾਲ ਲੱਥਪੱਥ ਚਾਚੇ ਨੂੰ ਉਸੇ ਦੀ ਹੀ ਸਫ਼ਾਰੀ ਗੱਡੀ ਵਿੱਚ ਸੁੱਟ ਕੇ ਅਤੇ ਦਫ਼ਤਰ ਵਿੱਚ ਲੱਗਿਆ ਸੀਸੀਟੀਵੀ ਦਾ ਡੀਵੀਆਰ (DVR) ਉਖਾੜ ਕੇ ਪਾਣੀਪਤ ਵੱਲ ਫ਼ਰਾਰ ਹੋ ਗਿਆ ਸੀ।

ਪੰਜਾਬ ਪੁਲਿਸ ਵੱਲੋਂ ਮੁਲਜ਼ਮ ਦੇ ਮੋਬਾਈਲ ਨੰਬਰ ਨੂੰ ਟ੍ਰੇਸਿੰਗ ‘ਤੇ ਲਗਾ ਕੇ ਲਗਾਤਾਰ ਉਸ ਦਾ ਪਿੱਛਾ ਕੀਤਾ ਜਾ ਰਿਹਾ ਸੀ। ਪੁਲਿਸ ਦੀ ਗ੍ਰਿਫ਼ਤ ਤੋਂ ਬਚਣ ਲਈ ਮੁਲਜ਼ਮ ਸਾਹਿਲ ਨੇ ਪਾਣੀਪਤ ਪਹੁੰਚਣ ਤੋਂ ਪਹਿਲਾਂ ਆਪਣੇ ਦੋਸਤ ਅੰਕੁਸ਼ (ਵਾਸੀ ਹਰੀ ਨਗਰ, ਪਾਣੀਪਤ) ਨੂੰ ਫ਼ੋਨ ਕਰਕੇ ਪਾਣੀਪਤ ਟੋਲ ਪਲਾਜ਼ਾ ‘ਤੇ ਬੁਲਾ ਲਿਆ। ਮ੍ਰਿਤਕ ਅੰਕੁਸ਼ ਦੇ ਪਿਤਾ ਮੁਤਾਬਕ ਉਨ੍ਹਾਂ ਦਾ ਲੜਕਾ ਅਜੇ ਡਿਊਟੀ ਤੋਂ ਹੀ ਘਰ ਪਰਤਿਆ ਸੀ ਅਤੇ ਫ਼ੋਨ ਆਉਣ ‘ਤੇ ਤੁਰੰਤ ਨਿਕਲ ਗਿਆ। ਜਿਵੇਂ ਹੀ ਅੰਕੁਸ਼ ਟੋਲ ਪਲਾਜ਼ਾ ‘ਤੇ ਸਾਹਿਲ ਦੀ ਗੱਡੀ ਵਿੱਚ ਬੈਠਾ, ਤਾਂ ਸਾਹਿਲ ਨੇ ਉਸ ਨੂੰ ਵੀ ਗੋਲੀ ਮਾਰ ਦਿੱਤੀ।

ਪੁਲਿਸ ਵੱਲੋਂ ਲਗਾਤਾਰ ਪਿੱਛਾ ਕੀਤੇ ਜਾਣ ਦਾ ਸ਼ੱਕ ਹੋਣ ‘ਤੇ ਮੁਲਜ਼ਮ ਸਾਹਿਲ ਘਬਰਾ ਗਿਆ। ਉਸ ਨੇ ਚਲਦੀ ਗੱਡੀ ਵਿੱਚੋਂ ਹੀ ਆਪਣੇ ਚਾਚੇ ਰਾਹੁਲ ਮਲਿਕ ਅਤੇ ਦੋਸਤ ਅੰਕੁਸ਼ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਨੂੰ ਨਹਿਰ ਦੇ ਕਿਨਾਰੇ ਸੁੱਟ ਦਿੱਤਾ ਅਤੇ ਗੱਡੀ ਭਜਾ ਕੇ ਮੌਕੇ ਤੋਂ ਫ਼ਰਾਰ ਹੋ ਗਿਆ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੰਜਾਬ ਪੁਲਿਸ ਅਤੇ ਪਾਣੀਪਤ ਜ਼ਿਲ੍ਹੇ ਦੀ ਸਮਾਲਖਾ ਪੁਲਿਸ, ਸੈਕਟਰ-29 ਥਾਣਾ ਪੁਲਿਸ ਸਮੇਤ ਤਿੰਨੋਂ ਸੀਆਈਏ (CIA) ਦੀਆਂ ਟੀਮਾਂ ਅਤੇ ਸਮਾਲਖਾ ਦੇ ਐਸਐਚਓ ਨਰਿੰਦਰ ਕਾਦਿਆਨ ਭਾਰੀ ਫੋਰਸ ਨਾਲ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਕਰੀਬ ਦੋ ਘੰਟੇ ਦੀ ਮੁਸ਼ੱਕਤ ਅਤੇ ਜਾਂਚ-ਪੜਤਾਲ ਤੋਂ ਬਾਅਦ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪਾਣੀਪਤ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਪੁਲਿਸ ਵੱਲੋਂ ਮੁਲਜ਼ਮ ਸਾਹਿਲ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

 

Join WhatsApp

Join Now

Leave a Comment