ਯੁੱਧ ਵਿੱਤ ਮੰਤਰੀ ਵਿਰੁੱਧ! ਅਧਿਆਪਕਾਂ ਨੇ ਦਿੜ੍ਹਬਾ ਹਲਕੇ ਦੇ ਪਿੰਡਾਂ ‘ਚ ਖੋਲ੍ਹੀ ਹਰਪਾਲ ਚੀਮਾ ਦੀ ਪੋਲ
ਵਿੱਤ ਮੰਤਰੀ ਚੀਮਾ ‘ਤੇ ਲਾਰਾ ਲਾਊ ਨੀਤੀ ਦੇ ਆਰੋਪ; ਅਧਿਆਪਕਾਂ ਨੇ ਪਰਿਵਾਰਾਂ ਸਮੇਤ ਪਿੰਡ ਕੌਹਰੀਆਂ ਤੇ ਸ਼ਾਦੀਹਰੀ ‘ਚ ਵੰਡੇ ਪੋਸਟਰ

‘ਯੁੱਧ ਵਿੱਤ ਮੰਤਰੀ ਵਿਰੁੱਧ’ ਦੀ ਲਗਾਤਾਰਤਾ ਵਿੱਚ ਦਿੜ੍ਹਬਾ ਹਲਕੇ ਦੇ ਪਿੰਡ ਕੌਹਰੀਆਂ ਵਿੱਚ ਇਕੱਠੇ ਹੋਏ ਅਧਿਆਪਕਾਂ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਗੁੰਮਰਾਹ ਕੀਤੇ ਲੋਕਾਂ ਦੁਆਰਾ ਰੋਕੇ ਜਾਣ ਕਾਰਨ ਸਥਿਤੀ ਤਣਾਅਪੂਰਨ
ਸੰਗਰੂਰ 20 ਜੂਨ 2026-
3704 ਅਧਿਆਪਕ ਯੂਨੀਅਨ ਪੰਜਾਬ ਅਤੇ ਈਟੀਟੀ ਟੈਟ ਪਾਸ ਅਧਿਆਪਕ ਐਸੋਸੀਏਸ਼ਨ ਜੈ ਸਿੰਘ ਵਾਲਾ ਦੇ 180 ਅਧਿਆਪਕਾਂ ਵੱਲੋਂ ਦਿੜਬਾ ਹਲਕਾ ਦੇ ਵੱਖ ਵੱਖ ਪਿੰਡਾਂ ਵਿੱਚ ਭੰਡੀ ਪ੍ਰਚਾਰ ਦੀ ਲਗਾਤਾਰਤਾ ਵਿੱਚ ਅੱਜ ਮਿਤੀ 20 ਜੂਨ ਦਿਨ ਸ਼ਨੀਵਾਰ ਨੂੰ ਪਰਿਵਾਰਾਂ ਸਮੇਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਨਾਲ ਮਿਲ ਕੇ ਹਲਕਾ ਦਿੜਬਾ ਦੇ ਪਿੰਡ ਕੌਹਰੀਆ ਅਤੇ ਸ਼ਾਦੀਹਰੀ ਵਿਖੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਖਿਲਾਫ ਪੈਦਲ ਡੋਰ ਟੂ ਡੋਰ ਭੰਡੀ ਪ੍ਰਚਾਰ ਰੈਲੀ ਕਰਨ ਲਈ ਪਿੰਡ ਕੌਹਰੀਆਂ ਦੇ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋਏ।
ਇਹਨਾਂ ਅਧਿਆਪਕਾਂ ਵੱਲੋਂ ਘਰ ਘਰ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਦੇ ਝੂਠੇ ਵਾਅਦਿਆਂ ਸਬੰਧੀ ਪੈਂਫਲਿਟ ਵੰਡੇ ਜਾਣੇ ਸਨ ਅਤੇ ਹਰ ਗਲੀ ਮੁਹੱਲੇ ਵਿੱਚ ਪੋਸਟਰ ਵੀ ਚਿਪਕਾਏ ਜਾਣੇ ਸਨ, ਪ੍ਰੰਤੂ ਕੁਝ ਸ਼ਰਾਰਤੀ ਅਨਸਰ ਅਤੇ ਹਰਪਾਲ ਚੀਮਾ ਦੁਆਰਾ ਗੁੰਮਰਾਹ ਕੀਤੇ ਲੋਕਾਂ ਦੁਆਰਾ ਇਹਨਾਂ ਅਧਿਆਪਕਾਂ ਨੂੰ ਗੁਰਦੁਆਰਾ ਸਾਹਿਬ ਵਿੱਚ ਰੋਕ ਕੇ ਗੁਰਦੁਆਰਾ ਸਾਹਿਬ ਦਾ ਗੇਟ ਬੰਦ ਕਰਕੇ ਗੁਰਦੁਆਰਾ ਸਾਹਿਬ ਦੇ ਅੰਦਰ ਬੰਦ ਕਰ ਦਿੱਤਾ ਗਿਆ। ਇਸ ਰੈਲੀ ਵਿੱਚ ਜੀ.ਟੀ. ਯੂ. ਪੰਜਾਬ ਤੋਂ ਸੂਬਾ ਅਤੇ ਜ਼ਿਲ੍ਹਾ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਸ਼ਾਮਿਲ ਹੋਏ ਸਨ।
3704 ਅਧਿਆਪਕ ਯੂਨੀਅਨ ਤੋਂ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਅਤੇ 180 ਈਟੀਟੀ ਅਧਿਆਪਕ ਯੂਨੀਅਨ ਤੋਂ ਸੂਬਾ ਪ੍ਰਧਾਨ ਕਮਲ ਠਾਕੁਰ ਨੇ ਦੱਸਿਆ ਕਿ ਇਸ ਰੈਲੀ ਦੌਰਾਨ ਹਰਪਾਲ ਚੀਮਾ ਦੁਆਰਾ 2022 ਤੋਂ ਪਹਿਲਾਂ ਲੋਕਾਂ ਨਾਲ ਕੀਤੇ ਗਏ ਝੂਠੇ ਵਾਅਦਿਆਂ ਜਿਵੇਂ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਬੇਹਤਰ ਪੰਜਾਬ ਸਿਰਜਣ, ਬੇਰੁਜ਼ਗਾਰਾਂ ਨੂੰ ਨੌਕਰੀ ਦੇਣ, ਕਿਸਾਨਾਂ ਨੂੰ ਪੰਜ ਮਿੰਟ ਵਿੱਚ ਐਮਐਸਪੀ ਦੇਣ, ਹੜਾਂ ਦੌਰਾਨ ਮਰੀ ਮੁਰਗੀ ਤੱਕ ਦੇ ਵੀ ਪੈਸੇ ਦੇਣ ਆਦਿ ਦੀ ਪੋਲ ਹਲਕਾ ਨਿਵਾਸੀਆਂ ਦੇ ਘਰਾਂ ਵਿੱਚ ਜਾ ਕੇ ਖੋਲੀ ਜਾਣੀ ਸੀ।
ਇਸ ਸਮੇਂ ਸੂਬਾ ਆਗੂਆਂ ਨੇ ਦੱਸਿਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਲੰਬੇ ਸਮੇਂ ਤੋਂ 3704 ਅਤੇ 180 ਈ ਟੀ ਟੀ ਅਧਿਆਪਕਾ ਨਾਲ ਲਾਰੇਬਾਜੀ ਕਰਕੇ ਟਾਈਮ ਟਪਾਇਆ ਜਾ ਰਿਹਾ ਹੈ ਜਦ ਕਿ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੁਆਰਾ ਇਹਨਾਂ ਅਧਿਆਪਕਾਂ ਦੇ ਹੱਕ ਵਿੱਚ ਰਿਪੋਰਟ ਤਿਆਰ ਕਰਕੇ ਵਿੱਤ ਵਿਭਾਗ ਨੂੰ ਭੇਜੀ ਜਾ ਚੁੱਕੀ ਹੈ। ਸੂਬਾ ਆਗੂ ਗੌਰਵ ਕਾਂਤ ਅਤੇ ਜੀਵਨਜੋਤ ਸਿੰਘ ਨੇ ਦੱਸਿਆ ਕਿ ਮਸਲਾ ਹੱਲ ਨਾ ਹੋਣ ਤੱਕ ਇਹ ਸੰਘਰਸ਼ ਹਲਕੇ ਵਿੱਚ ਜਾਰੀ ਰਹੇਗਾ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਡੂਆਂ ਬਲਾਕ ਦਿੜਬਾ ਤੋਂ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਚੌਂਕ ਤੋਂ ਇਲਾਵਾ ਦਿੜਬਾ ਬਲਾਕ ਆਗੂ ਮਿਸ਼ਰਾ ਸਿੰਘ ਨਿਹਾਲਗੜ੍ਹ ਮੇਜਰ ਸਿੰਘ ਕੌਹਰੀਆਂ ਜੋਗਿੰਦਰ ਸਿੰਘ ਖੇੜੀ,ਇਕਾਈ ਪ੍ਰਧਾਨ ਰਘਵੀਰ ਸਿੰਘ ਕੌਹਰੀਆਂ ਅਤੇ ਸ਼ਾਦੀ ਹਰੀ ਤੋਂ ਇਕਾਈ ਪ੍ਰਧਾਨ ਗੇਬਾ ਸਿੰਘ ਵੱਡੀ ਗਿਣਤੀ ਵਿੱਚ ਕਿਸਾਨਾਂ ਸਮੇਤ ਹਾਜ਼ਰ ਸਨ। ਇਸ ਸਮੇਂ ਰਾਕੇਸ਼ ਗੁਰਦਾਸਪੁਰ,ਦਵਿੰਦਰ ਸਿੰਘ ਸੰਗਰੂਰ, ਜਸਵੀਰ ਸਿੰਘ ਪਟਿਆਲਾ, ਯਾਦਵਿੰਦਰ ਸਿੰਘ ਮੋਗਾ,ਗੁਰਪ੍ਰੀਤ ਸਿੱਧੂ ਪਟਿਆਲਾ,ਮਨਦੀਪ ਸਿੱਧੂ ਪਰਿਵਾਰਾਂ ਸਮੇਤ ਹਾਜ਼ਰ ਸਨ। ਆਗੂਆਂ ਵੱਲੋਂ ਇਹ ਗੱਲ ਸਪਸ਼ਟ ਕਹੀ ਗਈ ਕਿ ਉਹ ਆਪਣੀਆ ਹੱਕੀ ਮੰਗਾਂ ਹੱਲ ਕਰਵਾਏ ਬਿਨਾਂ ਜਾਂ ਰੈਲੀ ਕੀਤੇ ਬਿਨਾਂ ਇਸ ਹਲਕੇ ਵਿੱਚੋਂ ਨਹੀਂ ਜਾਣਗੇ।















