BREAKING: ਮੋਦੀ ਸਰਕਾਰ ਨੂੰ ਵੱਡਾ ਝਟਕਾ; ਕੇਂਦਰੀ ਮੰਤਰੀ ਨੇ ਦਿੱਤਾ ਅਸਤੀਫ਼ਾ
ਕੇਂਦਰੀ ਮੰਤਰੀ ਜਾਰਜ ਕੁਰੀਅਨ ਨੇ ਦਿੱਤਾ ਅਸਤੀਫ਼ਾ, ਰਾਸ਼ਟਰਪਤੀ ਵੱਲੋਂ ਪ੍ਰਵਾਨ; ਰਾਜ ਸਭਾ ਮੈਂਬਰਸ਼ਿਪ ਖ਼ਤਮ ਹੋਣ ਮਗਰੋਂ ਛੱਡਿਆ ਅਹੁਦਾ- ਮੋਦੀ ਸਰਕਾਰ ਵਿੱਚ ਘੱਟ ਗਿਣਤੀ ਮਾਮਲਿਆਂ ਅਤੇ ਪਸ਼ੂ ਪਾਲਣ ਵਿਭਾਗ ਦੇ ਕੇਂਦਰੀ ਰਾਜ ਮੰਤਰੀ ਸਨ ਕੁਰੀਅਨ
ਨਵੀਂ ਦਿੱਲੀ, 23 ਜੂਨ 2026-
ਮੋਦੀ ਸਰਕਾਰ ਵਿੱਚ ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਰਾਜ ਮੰਤਰੀ ਜਾਰਜ ਕੁਰੀਅਨ ਨੇ ਆਪਣੇ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦੀ ਰਾਜ ਸਭਾ ਮੈਂਬਰਸ਼ਿਪ ਦਾ ਕਾਰਜਕਾਲ ਖ਼ਤਮ ਹੋਣ ਕਾਰਨ ਉਨ੍ਹਾਂ ਨੇ ਕੇਂਦਰੀ ਮੰਤਰੀ ਮੰਡਲ ਛੱਡਣ ਦਾ ਫੈਸਲਾ ਕੀਤਾ ਹੈ। ਰਾਸ਼ਟਰਪਤੀ ਭਵਨ ਵੱਲੋਂ ਜਾਰੀ ਬਿਆਨ ਅਨੁਸਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਲਾਹ ‘ਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਜਾਰਜ ਕੁਰੀਅਨ ਦਾ ਅਸਤੀਫ਼ਾ ਤਤਕਾਲ ਪ੍ਰਭਾਵ ਨਾਲ ਪ੍ਰਵਾਨ ਕਰ ਲਿਆ ਹੈ।
ਜਾਰਜ ਕੁਰੀਅਨ ਮੋਦੀ ਸਰਕਾਰ ਵਿੱਚ ਘੱਟ ਗਿਣਤੀ ਮਾਮਲਿਆਂ ਦੇ ਨਾਲ-ਨਾਲ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਵਿੱਚ ਕੇਂਦਰੀ ਰਾਜ ਮੰਤਰੀ ਵਜੋਂ ਸੇਵਾਵਾਂ ਨਿਭਾ ਰਹੇ ਸਨ।

ਕੇਰਲ ਨਾਲ ਸਬੰਧਤ ਜਾਰਜ ਕੁਰੀਅਨ ਕੇਂਦਰ ਦੀ ਮੋਦੀ ਸਰਕਾਰ ਵਿੱਚ ਇਕਲੌਤੇ ਅਜਿਹੇ ਮੰਤਰੀ ਸਨ ਜੋ ਮਸੀਹੀ (ਈਸਾਈ) ਭਾਈਚਾਰੇ ਦੀ ਨੁਮਾਇੰਦਗੀ ਕਰਦੇ ਸਨ। ਉਹ ਮੱਧ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਸਨ ਅਤੇ ਉਨ੍ਹਾਂ ਦਾ ਇਹ ਕਾਰਜਕਾਲ 21 ਜੂਨ ਨੂੰ ਖ਼ਤਮ ਹੋ ਗਿਆ ਸੀ। ਭਾਰਤੀ ਜਨਤਾ ਪਾਰਟੀ (BJP) ਵੱਲੋਂ ਹਾਲ ਹੀ ਵਿੱਚ ਹੋਈਆਂ ਰਾਜ ਸਭਾ ਚੋਣਾਂ ਦੌਰਾਨ ਕੁਰੀਅਨ ਨੂੰ ਦੁਬਾਰਾ ਮੌਕਾ ਨਹੀਂ ਦਿੱਤਾ ਗਿਆ, ਜਿਸ ਦੇ ਚਲਦਿਆਂ ਉਨ੍ਹਾਂ ਨੇ ਕਾਰਜਕਾਲ ਖ਼ਤਮ ਹੋਣ ਦੇ ਦੂਜੇ ਹੀ ਦਿਨ ਮੰਤਰੀ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ।
ਰਵਨੀਤ ਬਿੱਟੂ ਫਿਲਹਾਲ ਮੰਤਰੀ ਅਹੁਦੇ ‘ਤੇ ਬਰਕਰਾਰ
ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਦੇ ਦੋ ਕੇਂਦਰੀ ਮੰਤਰੀਆਂ ਜਾਰਜ ਕੁਰੀਅਨ ਅਤੇ ਰਵਨੀਤ ਸਿੰਘ ਬਿੱਟੂ ਦਾ ਰਾਜ ਸਭਾ ਮੈਂਬਰ ਵਜੋਂ ਕਾਰਜਕਾਲ ਖ਼ਤਮ ਹੋਇਆ ਹੈ। ਜਿੱਥੇ ਕੁਰੀਅਨ ਮੱਧ ਪ੍ਰਦੇਸ਼ ਤੋਂ ਸੰਸਦ ਮੈਂਬਰ ਸਨ, ਉੱਥੇ ਹੀ ਰਵਨੀਤ ਸਿੰਘ ਬਿੱਟੂ ਰਾਜਸਥਾਨ ਤੋਂ ਰਾਜ ਸਭਾ ਦੇ ਮੈਂਬਰ ਸਨ। ਭਾਜਪਾ ਨੇ ਇਨ੍ਹਾਂ ਦੋਵਾਂ ਆਗੂਆਂ ਨੂੰ ਰਾਜ ਸਭਾ ਦਾ ਵਾਧੂ ਕਾਰਜਕਾਲ ਨਹੀਂ ਦਿੱਤਾ ਹੈ।
ਇਸ ਸਥਿਤੀ ਦੇ ਚਲਦਿਆਂ ਜਾਰਜ ਕੁਰੀਅਨ ਨੇ ਤਾਂ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ, ਪਰ ਰਵਨੀਤ ਸਿੰਘ ਬਿੱਟੂ ਫਿਲਹਾਲ ਆਪਣੇ ਮੰਤਰੀ ਅਹੁਦੇ ‘ਤੇ ਬਣੇ ਹੋਏ ਹਨ। ਸਾਲ 1960 ਵਿੱਚ ਕੇਰਲ ਦੇ ਕੋਟਾਯਮ ਵਿੱਚ ਜਨਮੇ ਜਾਰਜ ਕੁਰੀਅਨ ਪੇਸ਼ੇ ਤੋਂ ਸੁਪਰੀਮ ਕੋਰਟ ਦੇ ਵਕੀਲ ਹਨ। ਉਹ ਸਾਲ 1980 ਵਿੱਚ ਪਾਰਟੀ ਦੇ ਗਠਨ ਦੇ ਸਮੇਂ ਤੋਂ ਹੀ ਭਾਜਪਾ ਦੇ ਇੱਕ ਵਫ਼ਾਦਾਰ ਅਤੇ ਸਰਗਰਮ ਵਰਕਰ ਵਜੋਂ ਕੰਮ ਕਰ ਰਹੇ ਹਨ।
ਕੇਂਦਰੀ ਮੰਤਰੀ ਬਣਨ ਤੋਂ ਪਹਿਲਾਂ ਉਨ੍ਹਾਂ ਨੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ (National Commission for Minorities) ਦੇ ਵਾਈਸ-ਚੇਅਰਮੈਨ ਵਜੋਂ ਵੀ ਅਹਿਮ ਜ਼ਿੰਮੇਵਾਰੀ ਨਿਭਾਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੋਦੀ ਮੰਤਰਾਲੇ ਵਿੱਚ ਸ਼ਾਮਲ ਕੀਤਾ ਗਿਆ ਸੀ।















