Punjab News: ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਏਟਕ ਵੱਲੋਂ ਵਿਧਾਇਕ ਸਵਨਾ ਦੀ ਕੋਠੀ ਦਾ ਘਿਰਾਓ!
ਪਰਮਜੀਤ ਢਾਬਾਂ, ਫਾਜ਼ਿਲਕਾ-
ਆਲ ਇੰਡੀਆ ਆਂਗਣਵਾੜੀ ਵਰਕਰਜ਼/ਹੈਲਪਰ ਯੂਨੀਅਨ ਪੰਜਾਬ ਏਟਕ ਵੱਲੋਂ ਅੱਜ ਵਿਧਾਇਕ ਨਰਿੰਦਰ ਸਿੰਘ ਸਵਨਾ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਆਗੂਆਂ ਨੇ ਮੰਗ ਕਰਦਿਆਂ ਹੋਇਆ ਕਿਹਾ ਕਿ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਘੱਟੋ ਘੱਟ ਉਜਰਤਾਂ ਦੇ ਦਾਇਰੇ ਵਿੱਚ ਲਿਆਂਦਾ ਜਾਵੇ, ਜਿੰਨੀ ਦੇਰ ਉਜਰਤਾਂ ਨਹੀਂ ਦਿੱਤੀਆਂ ਜਾਂਦੀਆਂ। ਚੋਣਾਂ ਵਿੱਚ ਕੀਤੇ ਵਾਅਦੇ ਅਨੁਸਾਰ ਮਾਣ ਭੱਤਾ ਦੁਗਣਾ ਕੀਤਾ ਜਾਵੇ। ਹਰ ਸਾਲ ਵਰਕਰ ਹੈਲਪਰ 500 ਤੇ 250 ਦੀ ਬਜਾਏ 4000 ਇੰਕਰੀਮੈਂਟ ਵਿੱਚ ਵਾਧਾ ਕੀਤਾ ਜਾਵੇ। ਮੋਬਾਈਲ ਭੱਤਾ ਪੂਰਾ ਦਿੱਤਾ ਜਾਵੇ।
ਆਂਗਣਵਾੜੀ ਸੈਂਟਰਾਂ ਦੇ ਬੱਚੇ ਵਾਪਸ ਕਰਕੇ ਪ੍ਰੀ ਨਰਸਰੀ ਕਲਾਸਾਂ ਆਂਗਣਵਾੜੀ ਵਰਕਰਾਂ ਨੂੰ ਦਿੱਤੀਆਂ ਜਾਣ। ਵਾਧੂ ਚਾਰਜ 50 ਰੁਪਏ ਦੀ ਬਜਾਏ ਤਨਖਾਹ ਦਾ ਅੱਧ ਹਿੱਸਾ ਦਿੱਤਾ ਜਾਵੇ। ਪ੍ਰਮੋਸ਼ਨ ਹੋਈਆਂ ਵਰਕਰਾਂ ਨੂੰ ਪੂਰੀ ਤਨਖਾਹ ਦਿੱਤੀ ਜਾਵੇ। ਰਿਟਾਇਰਮੈਂਟ ਦੇ ਸਮੇਂ ਵਰਕਰ ਨੂੰ ਇਕ ਲੱਖ ਤੇ ਹੈਲਪਰ ਨੂੰ 50 ਹਜਾਰ ਦੀ ਬਜਾਏ 4 ਲੱਖ ਦਿੱਤਾ ਜਾਵੇ। ਟੀਏ ਵਿੱਚ ਵਾਧਾ ਕਰਕੇ DA ਵੀ ਤੁਰੰਤ ਲਾਗੂ ਕੀਤਾ ਜਾਵੇ। ਹੈਲਪਰ, ਵਰਕਰ, ਸੁਪਰਵਾਈਜ਼ਰ ਤੇ ਸੀ ਡੀ ਪੀ ਓ ਦੀ ਭਰਤੀ ਦੀ ਚੱਲ ਰਹੀ ਢਿੱਲੀ ਕਾਰਵਾਈ ਨੂੰ ਹੋਰ ਤੇਜ਼ ਕੀਤਾ ਜਾਵੇ।
ਸੂਬਾ ਪ੍ਰਧਾਨ ਸਰੋਜ ਛਪੜੀ ਵਾਲਾ ਅਤੇ ਜ਼ਿਲ੍ਹਾ ਪ੍ਰਧਾਨ ਸੁਨੀਲ ਕੌਰ ਬੇਦੀ ਨੇ ਕਿਹਾ ਕਿ 13 ਅਕਤੂਬਰ ਦੀ ਮੀਟਿੰਗ ਵਿੱਚ ਵਿਧਾਇਕ ਜਗਦੀਪ ਕੁਮਾਰ ਗੋਲਡੀ ਹਲਕਾ ਜਲਾਲਾਬਾਦ ਅਤੇ ਨਰਿੰਦਰ ਸਿੰਘ ਸਵਨਾ ਹਲਕਾ ਫਾਜ਼ਿਲਕਾ ਦੋਵੇਂ ਮੌਜੂਦ ਸਨ। ਇਹਨਾਂ ਦੀ ਮੌਜੂਦਗੀ ਵਿੱਚ ਮਹਿਕਮੇ ਦੇ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਈ ਮੰਗਾਂ ਤੇ ਸਹਿਮਤੀ ਕਰਦੇ ਹੋਏ ਉਨਾਂ ਨੂੰ ਹੱਲ ਕਰਕੇ ਅਗਲੀ ਮੀਟਿੰਗ ਦਾ ਸਮਾਂ 3 ਨਵੰਬਰ ਦਾ ਦਿੱਤਾ ਗਿਆ ਹੈ। ਫ਼ਾਜ਼ਿਲਕਾ ਦੇ ਵਿਧਾਇਕ ਸਵਨਾ ਤੋਂ ਮੰਗ ਕੀਤੀ ਗਈ ਕਿ 3 ਨਵੰਬਰ ਨੂੰ ਮਹਿਕਮੇ ਦੇ ਮੰਤਰੀ ਦੀ ਮੀਟਿੰਗ ਦਾ ਤੇ ਮੁੱਖ ਮੰਤਰੀ ਦੀ ਮੀਟਿੰਗ ਦਾ ਲਿਖਤੀ ਪੱਤਰ ਸਾਨੂੰ ਜਾਰੀ ਕਰਵਾਇਆ ਜਾਵੇ।
ਵਿਧਾਇਕ ਸਵਨਾ ਨੇ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਕੱਲ੍ਹ ਤੱਕ ਤੁਹਾਨੂੰ ਦੋਹਾਂ ਮੀਟਿੰਗਾਂ ਦਾ ਲਿਖਤੀ ਸਮਾਂ ਦੇ ਦਿੱਤਾ ਜਾਵੇਗਾ ਤਾਂ ਜੋ ਕੇਸ ਵਿੱਤ ਵਿਭਾਗ ਕੋਲ ਮਨਜ਼ੂਰੀ ਲਈ ਭੇਜੇ ਗਏ ਹਨ, ਉਹ ਵੀ ਤੁਰੰਤ ਹੱਲ ਕਰਵਾਏ ਜਾਣਗੇ। ਜਥੇਬੰਦੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੱਲ੍ਹ ਤੱਕ ਸਾਨੂੰ ਲਿਖਤੀ ਪੱਤਰ ਨਾ ਮਿਲੇ ਤਾਂ ਫਿਰ ਵਾਅਦਾ ਖਿਲਾਫੀ ਅਨੁਸਾਰ ਵਿਧਾਇਕ ਸਵਨਾ ਫਾਜ਼ਿਲਕਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਹੋਰਾਂ ਤੋਂ ਇਲਾਵਾ ਬਲਾਕ ਪ੍ਰਧਾਨ ਜਲਾਲਾਬਾਦ ਬਲਵਿੰਦਰ ਕੌਰ ਮੁਹੰਮਦੇ ਵਾਲਾ, ਮੀਤ ਪ੍ਰਧਾਨ ਰਾਜ ਲਾਧੂਕਾ, ਮੀਤ ਪ੍ਰਧਾਨ ਆਸ਼ਾ ਚੱਕ ਦੁਮਾਲ, ਮੀਤ ਸਕੱਤਰ ਨੀਲਮ ਹੌਜ ਖਾਸ, ਕੈਲਾਸ਼ ਰਾਣੀ, ਸੀਮਾ ਰਾਣੀ ਜਲਾਲਾਬਾਦ ਗੁਰਜੀਤ ਕੌਰ, ਅਨੀਤਾ ਰਾਣੀ ਨੂਰ ਸਮੰਦ, ਰਜਨੀ ਰਾਣੀ ਮੰਡੀ ਲਾਧੂਕਾ, ਕੁਸਮ ਲਤਾ, ਅਮਰਜੀਤ ਕੌਰ, ਮੰਜੂ ਬਾਲਾ ਅਤੇ ਕੁਲਜੀਤ ਕੌਰ ਵੀ ਹਾਜ਼ਰ ਸਨ।
















