Local Holiday! ਪੰਜਾਬ ਦੇ ਇਸ ਜ਼ਿਲ੍ਹੇ ‘ਚ ਕੱਲ੍ਹ ਸਰਕਾਰੀ ਛੁੱਟੀ, DC ਵੱਲੋਂ ਹੁਕਮ ਜਾਰੀ

On: ਜੂਨ 25, 2026 8:51 ਪੂਃ ਦੁਃ

 

Local Holiday! ਪੰਜਾਬ ਦੇ ਇਸ ਜ਼ਿਲ੍ਹੇ ‘ਚ ਕੱਲ੍ਹ ਸਰਕਾਰੀ ਛੁੱਟੀ, DC ਵੱਲੋਂ ਹੁਕਮ ਜਾਰੀ

ਅਹਿਮ ਖ਼ਬਰ: ਮੁਹੱਰਮ (ਯੋਮ-ਏ-ਅਸ਼ੂਰਾ) ਮੌਕੇ 26 ਜੂਨ ਨੂੰ ਜ਼ਿਲ੍ਹੇ ਵਿੱਚ ਸਥਾਨਕ ਛੁੱਟੀ ਦਾ ਐਲਾਨ- ਜ਼ਿਲ੍ਹਾ ਮੈਜਿਸਟਰੇਟ ਵਿਰਾਜ ਐੱਸ. ਤਿੜਕੇ ਵੱਲੋਂ ਹੁਕਮ ਜਾਰੀ; ਸਮੂਹ ਸਰਕਾਰੀ ਦਫ਼ਤਰ ਅਤੇ ਵਿੱਦਿਅਕ ਅਦਾਰੇ ਰਹਿਣਗੇ ਬੰਦ

ਪ੍ਰੀਖਿਆਵਾਂ ਵਾਲੇ ਸਕੂਲਾਂ-ਕਾਲਜਾਂ ‘ਤੇ ਲਾਗੂ ਨਹੀਂ ਹੋਣਗੇ ਛੁੱਟੀ ਦੇ ਇਹ ਹੁਕਮ- ਹਜ਼ਰਤ ਇਮਾਮ ਹੁਸੈਨ (ਅ.) ਅਤੇ ਉਨ੍ਹਾਂ ਦੇ ਸਾਥੀਆਂ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ‘ਯੋਮ-ਏ-ਅਸ਼ੂਰਾ’

ਮਾਲੇਰਕੋਟਲਾ, 25 ਜੂਨ 2026-

ਮੁਹੱਰਮ (ਯੋਮ-ਏ-ਅਸ਼ੂਰਾ) ਦੇ ਪਵਿੱਤਰ ਅਤੇ ਇਤਿਹਾਸਕ ਦਿਹਾੜੇ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ ਹੈ। ਜ਼ਿਲ੍ਹਾ ਮੈਜਿਸਟਰੇਟ ਮਾਲੇਰਕੋਟਲਾ ਵਿਰਾਜ ਐੱਸ. ਤਿੜਕੇ ਨੇ ਇੱਕ ਵਿਸ਼ੇਸ਼ ਬਿਆਨ ਜਾਰੀ ਕਰਦਿਆਂ ਮੁਹੱਰਮ ਮੌਕੇ 26 ਜੂਨ ਨੂੰ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਸਥਾਨਕ ਛੁੱਟੀ (Local Holiday) ਦਾ ਐਲਾਨ ਕੀਤਾ ਹੈ।

ਜ਼ਿਲ੍ਹਾ ਮੈਜਿਸਟਰੇਟ ਨੇ ਹੁਕਮਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨਿਸ਼ਚਿਤ ਤਾਰੀਖ਼ ਯਾਨੀ 26 ਜੂਨ ਨੂੰ ਮਾਲੇਰਕੋਟਲਾ ਜ਼ਿਲ੍ਹੇ ਦੀ ਹਦੂਦ ਅੰਦਰ ਆਉਂਦੇ ਸਮੂਹ ਸਰਕਾਰੀ, ਅਰਧ-ਸਰਕਾਰੀ ਦਫ਼ਤਰਾਂ ਸਮੇਤ ਸਾਰੇ ਸਰਕਾਰੀ ਅਤੇ ਗ਼ੈਰ-ਸਰਕਾਰੀ (ਪ੍ਰਾਈਵੇਟ) ਵਿੱਦਿਅਕ ਅਦਾਰੇ ਪੂਰੀ ਤਰ੍ਹਾਂ ਬੰਦ ਰਹਿਣਗੇ।

ਪ੍ਰਸ਼ਾਸਨ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਜਿਹੜੇ ਸਕੂਲਾਂ ਜਾਂ ਕਾਲਜਾਂ ਵਿੱਚ ਬੋਰਡ ਅਤੇ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ (Examinations) ਪਹਿਲਾਂ ਤੋਂ ਨਿਰਧਾਰਿਤ ਸ਼ੈਡਿਊਲ ਮੁਤਾਬਕ ਚੱਲ ਰਹੀਆਂ ਹਨ, ਉਨ੍ਹਾਂ ’ਤੇ ਛੁੱਟੀ ਦੇ ਇਹ ਹੁਕਮ ਲਾਗੂ ਨਹੀਂ ਹੋਣਗੇ। ਅਜਿਹੇ ਅਦਾਰਿਆਂ ਵਿੱਚ ਪ੍ਰੀਖਿਆਵਾਂ ਆਮ ਵਾਂਗ ਸੁਚਾਰੂ ਰੂਪ ਵਿੱਚ ਕਰਵਾਈਆਂ ਜਾਣਗੀਆਂ।

ਜ਼ਿਕਰਯੋਗ ਹੈ ਕਿ ‘ਯੋਮ-ਏ-ਅਸ਼ੂਰਾ’ ਮੁੱਖ ਰੂਪ ਵਿੱਚ ਕਰਬਲਾ ਦੇ ਮੈਦਾਨ ਵਿੱਚ ਹਜ਼ਰਤ ਇਮਾਮ ਹੁਸੈਨ (ਅ.) ਅਤੇ ਉਨ੍ਹਾਂ ਦੇ 72 ਸਾਥੀਆਂ ਵੱਲੋਂ ਹੱਕ-ਸੱਚ ਅਤੇ ਇਨਸਾਫ਼ ਦੀ ਖ਼ਾਤਰ ਦਿੱਤੀ ਗਈ ਮਹਾਨ ਤੇ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਬਹੁਤ ਹੀ ਗੰਭੀਰਤਾ ਤੇ ਅਕੀਦਤ ਨਾਲ ਮਨਾਇਆ ਜਾਂਦਾ ਹੈ।

ਹਜ਼ਰਤ ਇਮਾਮ ਹੁਸੈਨ (ਅ.), ਇਸਲਾਮ ਦੇ ਆਖਰੀ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤੇ (ਧੀ ਬੀਬੀ ਫਾਤਿਮਾ ਅਤੇ ਹਜ਼ਰਤ ਅਲੀ ਦੇ ਸਪੁੱਤਰ) ਸਨ। ਮਾਲੇਰਕੋਟਲਾ ਦੀ ਇਤਿਹਾਸਕ ਅਤੇ ਸੱਭਿਆਚਾਰਕ ਸਾਂਝ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਹਰ ਸਾਲ ਇਹ ਸਥਾਨਕ ਛੁੱਟੀ ਘੋਸ਼ਿਤ ਕੀਤੀ ਜਾਂਦੀ ਹੈ।

 

Join WhatsApp

Join Now

Leave a Comment