Weather Update: ਪੰਜਾਬ ‘ਚ ਕੱਲ੍ਹ ਦਸਤਕ ਦੇਵੇਗਾ ਮੌਨਸੂਨ; ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਪੈਣ ਬਾਰੇ ‘ਯੈਲੋ ਅਲਰਟ’ ਜਾਰੀ
1 ਜੁਲਾਈ ਤੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਬਦਲੇਗਾ ਮੌਸਮ- ਪੰਜਾਬ ਵਿੱਚ 2 ਜੁਲਾਈ ਤੋਂ ਪਵੇਗਾ ਮੌਨਸੂਨ ਦਾ ਮੀਂਹ
2 ਤੋਂ 5 ਜੁਲਾਈ ਤੱਕ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਦੀ ਭਵਿੱਖਬਾਣੀ
ਚੰਡੀਗੜ੍ਹ, 30 ਜੂਨ 2026
ਭਿਆਨਕ ਗਰਮੀ ਅਤੇ ਨਮੀ (ਹੁੰਮਸ) ਭਰੇ ਮੌਸਮ ਦੀ ਮਾਰ ਝੱਲ ਰਹੇ ਪੰਜਾਬ ਦੇ ਵਸਨੀਕਾਂ ਲਈ ਇੱਕ ਬਹੁਤ ਹੀ ਰਾਹਤ ਭਰੀ ਖ਼ਬਰ ਹੈ। ਸੂਬੇ ਵਿੱਚ ਮੌਨਸੂਨ ਜਲਦ ਹੀ ਦਸਤਕ ਦੇਣ ਜਾ ਰਿਹਾ ਹੈ, ਜਿਸ ਨਾਲ ਨਾ ਸਿਰਫ਼ ਤਾਪਮਾਨ ਵਿੱਚ ਗਿਰਾਵਟ ਆਵੇਗੀ, ਸਗੋਂ ਕਈ ਇਲਾਕਿਆਂ ਵਿੱਚ ਭਾਰੀ ਬਾਰਿਸ਼ ਵੀ ਦੇਖਣ ਨੂੰ ਮਿਲੇਗੀ।

ਮੌਸਮ ਵਿਭਾਗ (IMD) ਵੱਲੋਂ ਜਾਰੀ ਤਾਜ਼ਾ ਅਪਡੇਟ ਅਨੁਸਾਰ, ਮੌਨਸੂਨ ਦੇ ਕੱਲ੍ਹ ਪੰਜਾਬ ਵਿੱਚ ਪ੍ਰਵੇਸ਼ ਕਰਨ ਦੀ ਪੂਰੀ ਉਮੀਦ ਹੈ। ਇਸ ਦੇ ਪ੍ਰਭਾਵ ਸਦਕਾ 1 ਜੁਲਾਈ (ਕੱਲ੍ਹ) ਤੋਂ ਪੰਜਾਬ, ਹਰਿਆਣਾ ਅਤੇ ਰਾਜਧਾਨੀ ਚੰਡੀਗੜ੍ਹ ਦੇ ਮੌਸਮ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲੇਗੀ ਅਤੇ ਅਸਮਾਨ ਵਿੱਚ ਬੱਦਲ ਛਾਏ ਰਹਿਣਗੇ।
ਵਿਭਾਗ ਨੇ ਦੱਸਿਆ ਕਿ ਪੰਜਾਬ ਵਿੱਚ ਮੌਨਸੂਨ ਦੀ ਬਾਰਿਸ਼ ਬਾਕਾਇਦਾ ਰੂਪ ਵਿੱਚ 2 ਜੁਲਾਈ ਤੋਂ ਸ਼ੁਰੂ ਹੋ ਜਾਵੇਗੀ। ਮੌਸਮ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਿਭਾਗ ਵੱਲੋਂ ਸੂਬੇ ਵਿੱਚ ‘ਯੈਲੋ ਅਲਰਟ’ ਵੀ ਜਾਰੀ ਕੀਤਾ ਗਿਆ ਹੈ। ਭਵਿੱਖਬਾਣੀ ਮੁਤਾਬਕ 2 ਜੁਲਾਈ ਤੋਂ ਲੈ ਕੇ 5 ਜੁਲਾਈ ਦੇ ਵਿਚਕਾਰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਚੱਲਣ ਅਤੇ ਗਰਜ-ਚਮਕ ਦੇ ਨਾਲ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਇਸ ਆਉਣ ਵਾਲੀ ਬਾਰਿਸ਼ ਨਾਲ ਜਿੱਥੇ ਆਮ ਜਨਤਾ ਨੂੰ ਅੱਤ ਦੀ ਗਰਮੀ ਤੋਂ ਨਿਜਾਤ ਮਿਲੇਗੀ, ਉੱਥੇ ਹੀ ਖੇਤੀਬਾੜੀ ਖੇਤਰ, ਖ਼ਾਸ ਕਰਕੇ ਝੋਨੇ ਦੀ ਫ਼ਸਲ ਲਈ ਇਹ ਪਾਣੀ ਬੇਹੱਦ ਫਾਇਦੇਮੰਦ ਸਾਬਤ ਹੋਵੇਗਾ।
















