ਮਹਿਲ ਕਲਾਂ ‘ਚ ਹੰਗਾਮਾ: CM ਭਗਵੰਤ ਮਾਨ ਦੀ ‘ਲੋਕ ਮਿਲਣੀ’ ਤੋਂ ਪਹਿਲਾਂ ਕਿਸਾਨਾਂ ਦੀ ਘੇਰਾਬੰਦੀ; ਗੁੱਸੇ ‘ਚ ਆਏ ਕਿਸਾਨ ਝੋਨੇ ਦੇ ਖੇਤਾਂ ‘ਚ ਹੀ ਡਟੇ
ਜਥੇਬੰਦੀ ਦਾ ਵੱਡਾ ਦੋਸ਼- “ਸਰਕਾਰ ਦੇ ਇਸ਼ਾਰੇ ‘ਤੇ ਪੁਲੀਸ ਨੇ ਖੇਤਾਂ ਵਿੱਚ ਘੇਰ ਕੇ ਹਿਰਾਸਤ ‘ਚ ਲੈਣ ਦੀ ਕੀਤੀ ਕੋਸ਼ਿਸ਼।”
ਮਹਿਲ ਕਲਾਂ/ਬਰਨਾਲਾ, 30 ਜੂਨ 2026-
ਮਹਿਲ ਕਲਾਂ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ‘ਲੋਕ ਮਿਲਣੀ’ ਪ੍ਰੋਗਰਾਮ ਦੌਰਾਨ ਉਸ ਵੇਲੇ ਵੱਡਾ ਸਿਆਸੀ ਤੇ ਪ੍ਰਸ਼ਾਸਨਿਕ ਵਿਵਾਦ ਖੜ੍ਹਾ ਹੋ ਗਿਆ, ਜਦੋਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਦੇ ਸੈਂਕੜੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਪੁਲੀਸ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਤੱਕ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਰੋਕ ਲਿਆ ਗਿਆ। ਕਿਸਾਨ ਜਥੇਬੰਦੀ ਨੇ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਦੋਸ਼ ਲਾਇਆ ਕਿ ਸਰਕਾਰ ਦੇ ਇਸ਼ਾਰੇ ’ਤੇ ਪੁਲੀਸ ਵੱਲੋਂ ਉਨ੍ਹਾਂ ਦੀ ਖੇਤਾਂ ਵਿੱਚ ਨਾਜਾਇਜ਼ ਘੇਰਾਬੰਦੀ ਕੀਤੀ ਗਈ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣ ਦੀ ਨਾਕਾਮ ਕੋਸ਼ਿਸ਼ ਵੀ ਕੀਤੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ, ਜ਼ਿਲ੍ਹਾ ਆਗੂ ਕਰਨੈਲ ਸਿੰਘ ਗਾਂਧੀ ਦੀ ਅਗਵਾਈ ਹੇਠ ਕਿਸਾਨ ਅਤੇ ਮਜ਼ਦੂਰ ਫ਼ਸਲਾਂ ਦੀ ਐਮ.ਐਸ.ਪੀ. (MSP) ਦੀ ਕਾਨੂੰਨੀ ਗਾਰੰਟੀ, ਕਰਜ਼ਾ ਮੁਆਫ਼ੀ ਅਤੇ ਹੋਰ ਭੱਖਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਮੰਗ ਪੱਤਰ ਦੇਣ ਲਈ ਕਾਫ਼ਲੇ ਦੇ ਰੂਪ ਵਿੱਚ ਰਵਾਨਾ ਹੋਏ ਸਨ। ਪਰ ਮੁੱਖ ਮੰਤਰੀ ਦੀ ਸੁਰੱਖਿਆ ਅਤੇ ਪ੍ਰੋਗਰਾਮ ਦਾ ਹਵਾਲਾ ਦਿੰਦੇ ਹੋਏ ਭਾਰੀ ਪੁਲੀਸ ਫੋਰਸ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਪੁਲੀਸ ਦੀ ਇਸ ਧੱਕੇਸ਼ਾਹੀ ਵਾਲੀ ਕਾਰਵਾਈ ਦੇ ਵਿਰੋਧ ਵਿੱਚ ਗੁੱਸੇ ‘ਚ ਆਏ ਕਿਸਾਨ ਕੱਦੂ ਕੀਤੇ ਹੋਏ ਅਤੇ ਲੱਗੇ ਹੋਏ ਝੋਨੇ ਦੇ ਖੇਤਾਂ ਵਿੱਚ ਹੀ ਧਰਨਾ ਲਾ ਕੇ ਡਟ ਗਏ। ਕਿਸਾਨਾਂ ਨੇ ਖੇਤਾਂ ਦੇ ਵਿੱਚੋਂ ਹੀ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਤਿੱਖਾ ਰੋਸ ਪ੍ਰਗਟਾਇਆ।
ਖੇਤਾਂ ਵਿੱਚ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਜਗਪਾਲ ਸਿੰਘ ਸਹਿਜੜਾ ਨੇ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਨੂੰ ਕਿਸਾਨਾਂ ਦੇ ਸਭ ਤੋਂ ਵੱਡੇ ਹਮਾਇਤੀ ਅਤੇ ‘ਕਿਸਾਨ ਦਾ ਪੁੱਤ’ ਅਖਵਾਉਂਦੇ ਹਨ, ਪਰ ਦੂਜੇ ਪਾਸੇ ਜਦੋਂ ਸੂਬੇ ਦਾ ਅੰਨਦਾਤਾ ਆਪਣੇ ਹੱਕਾਂ ਲਈ ਸ਼ਾਂਤਮਈ ਢੰਗ ਨਾਲ ਉਨ੍ਹਾਂ ਨੂੰ ਮਿਲਣ ਜਾਂਦਾ ਹੈ ਤਾਂ ਪੁਲੀਸ ਦੀ ਮਦਦ ਨਾਲ ਉਨ੍ਹਾਂ ਦੀ ਆਵਾਜ਼ ਨੂੰ ਬੇਰਹਿਮੀ ਨਾਲ ਦਬਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਿੱਧੇ ਤੌਰ ‘ਤੇ ਲੋਕਤੰਤਰ ਦਾ ਘਾਣ ਹੈ ਅਤੇ ਮੌਜੂਦਾ ਸਰਕਾਰ ਦਾ ਦੋਹਰਾ ਚਿਹਰਾ ਜਨਤਾ ਦੇ ਸਾਹਮਣੇ ਬੇਨਕਾਬ ਕਰਦਾ ਹੈ। ਉਨ੍ਹਾਂ ਅਫ਼ਸੋਸ ਜਤਾਇਆ ਕਿ ਮੁੱਖ ਮੰਤਰੀ ਦੇ ਪਿੰਡਾਂ ਦੇ ਦੌਰਿਆਂ ਦੌਰਾਨ ਅਜਿਹਾ ਦਹਿਸ਼ਤ ਦਾ ਮਾਹੌਲ ਪਹਿਲਾਂ ਪੰਜਾਬ ਵਿੱਚ ਕਦੇ ਨਹੀਂ ਦੇਖਿਆ ਗਿਆ।
ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਸਖ਼ਤ ਲਫ਼ਜ਼ਾਂ ਵਿੱਚ ਚਿਤਾਵਨੀ ਦਿੱਤੀ ਕਿ ਉਹ ਸਰਕਾਰ ਦੀਆਂ ਅਜਿਹੀਆਂ ਧੱਕੇਸ਼ਾਹੀਆਂ ਅਤੇ ਡਰਾਵੇਬਾਜ਼ੀਆਂ ਅੱਗੇ ਕਦੇ ਵੀ ਝੁਕਣਗੇ ਨਹੀਂ। ਉਨ੍ਹਾਂ ਸਪੱਸ਼ਟ ਕੀਤਾ ਕਿ ਫ਼ਸਲਾਂ ‘ਤੇ ਕਾਨੂੰਨੀ ਐਮ.ਐਸ.ਪੀ., ਕਿਸਾਨਾਂ-ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਆਫ਼ੀ ਅਤੇ ਹੋਰ ਜਨਤਕ ਮੁੱਦਿਆਂ ਨੂੰ ਲੈ ਕੇ ਜਥੇਬੰਦੀ ਦਾ ਸੰਘਰਸ਼ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਮਜ਼ਬੂਤੀ ਅਤੇ ਤਿੱਖੇ ਰੂਪ ਵਿੱਚ ਜਾਰੀ ਰਹੇਗਾ।

















