21 ਘੰਟਿਆਂ ਦੀ ਜੱਦੋਜਹਿਦ ਤੋਂ ਬਾਅਦ ਬੋਰਵੈੱਲ ‘ਚੋਂ ਬਾਹਰ ਕੱਢਿਆ 4 ਸਾਲਾ ਨਿਰਵੈਰ, ਡਾਕਟਰਾਂ ਨੇ ਐਲਾਨਿਆ ਮ੍ਰਿਤਕ
ਅੰਬਾਲਾ, 1 ਜੁਲਾਈ 2026:
ਅੰਬਾਲਾ ਦੇ ਪਿੰਡ ਧਨੌਰਾ ਵਿੱਚ ਮੰਗਲਵਾਰ ਸਵੇਰੇ ਇੱਕ ਖੁੱਲ੍ਹੇ ਬੋਰਵੈੱਲ ਵਿੱਚ ਡਿੱਗੇ 4 ਸਾਲਾ ਮਾਸੂਮ ਬੱਚੇ ਨਿਰਵੈਰ ਸਿੰਘ ਦੇ ਮਾਮਲੇ ਵਿੱਚ ਇੱਕ ਬੇਹੱਦ ਮੰਦਭਾਗੀ ਅਤੇ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪ੍ਰਸ਼ਾਸਨ, ਫ਼ੌਜ ਅਤੇ ਡਿਜ਼ਾਸਟਰ ਰਿਸਪਾਂਸ ਫੋਰਸਾਂ ਵੱਲੋਂ ਚਲਾਏ ਗਏ ਇੱਕ ਲੰਬੇ ਅਤੇ ਮੁਸ਼ਕਲ ਬਚਾਅ ਕਾਰਜ (Rescue Operation) ਤੋਂ ਬਾਅਦ ਬੁੱਧਵਾਰ ਤੜਕਸਾਰ ਕਰੀਬ 3:25 ਵਜੇ ਬੱਚੇ ਨੂੰ ਬਾਹਰ ਤਾਂ ਕੱਢ ਲਿਆ ਗਿਆ, ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਅੰਬਾਲਾ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਨਿਰਵੈਰ ਸਿੰਘ ਮੰਗਲਵਾਰ ਸਵੇਰੇ ਕਰੀਬ 6:30 ਵਜੇ ਆਪਣੇ ਪਿਤਾ ਮਨਜੀਤ ਸਿੰਘ ਨਾਲ ਖੇਤਾਂ ਵਿੱਚ ਗਏ ਆਪਣੇ ਦਾਦਾ ਜੀ ਨੂੰ ਰੋਟੀ ਦੇਣ ਗਿਆ ਸੀ। ਖੇਤਾਂ ਵਿੱਚ ਖੇਡਦੇ-ਖੇਡਦੇ ਉਹ ਅਚਾਨਕ ਗੁਆਂਢੀ ਦੇ ਇੱਕ ਖੁੱਲ੍ਹੇ ਪਏ ਬੋਰਵੈੱਲ ਵਿੱਚ ਜਾ ਡਿੱਗਿਆ। ਬੱਚੇ ਦੀਆਂ ਚੀਕਾਂ ਸੁਣ ਕੇ ਪਿਤਾ ਅਤੇ ਦਾਦਾ ਨੇ ਤੁਰੰਤ ਰੌਲਾ ਪਾਇਆ, ਜਿਸ ਤੋਂ ਬਾਅਦ ਸਥਾਨਕ ਲੋਕ ਅਤੇ ਐਮਰਜੈਂਸੀ ਰਿਸਪਾਂਸ ਟੀਮਾਂ ਮੌਕੇ ‘ਤੇ ਪਹੁੰਚੀਆਂ। ਪਰ ਸ਼ੁਰੂਆਤੀ ਪੱਧਰ ‘ਤੇ ਕੀਤੀਆਂ ਕੋਸ਼ਿਸ਼ਾਂ ਸਫ਼ਲ ਨਹੀਂ ਹੋ ਸਕੀਆਂ।
ਹਾਦਸੇ ਦੀ ਗੰਭੀਰਤਾ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF), ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਅਤੇ ਭਾਰਤੀ ਫੌਜ ਦੇ ਜਵਾਨਾਂ ਨੂੰ ਮੌਕੇ ‘ਤੇ ਸੱਦਿਆ। ਭਾਰੀ ਮਸ਼ੀਨਰੀ ਅਤੇ ਜੇਸੀਬੀ (JCB) ਦੀ ਮਦਦ ਨਾਲ ਬੋਰਵੈੱਲ ਦੇ ਸਮਾਨਾਂਤਰ ਖੁਦਾਈ ਦਾ ਕੰਮ ਸ਼ੁਰੂ ਕੀਤਾ ਗਿਆ। ਇਹ ਸਾਂਝਾ ਬਚਾਅ ਕਾਰਜ ਬੁੱਧਵਾਰ ਤੜਕੇ 3:25 ਵਜੇ ਜਾ ਕੇ ਮੁਕੰਮਲ ਹੋਇਆ।

ਮੈਡੀਕਲ ਅਫਸਰ ਡਾ. ਰਿਸ਼ੀਪਾਲ ਨੇ ਦੱਸਿਆ ਕਿ ਜਿਵੇਂ ਹੀ ਬੱਚੇ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢਿਆ ਗਿਆ, ਮੌਕੇ ‘ਤੇ ਹੀ ਮੌਜੂਦ ਮੈਡੀਕਲ ਟੀਮ ਨੇ ਉਸ ਦੀ ਜਾਂਚ ਕੀਤੀ ਅਤੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਵੱਲੋਂ ਉਸ ਨੂੰ ਬਚਾਉਣ ਦੀ ਹਰ ਮੁਮਕਿਨ ਕੋਸ਼ਿਸ਼ ਕੀਤੀ ਗਈ, ਪਰ ਹਸਪਤਾਲ ਪਹੁੰਚਣ ‘ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਡਾਕਟਰਾਂ ਮੁਤਾਬਕ ਬੋਰਵੈੱਲ ਦੇ ਅੰਦਰ ਪਾਣੀ ਵੀ ਮੌਜੂਦ ਸੀ, ਜਿਸ ਕਾਰਨ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ।
ਮਾਸੂਮ ਨਿਰਵੈਰ ਦੀ ਮੌਤ ਦੀ ਖ਼ਬਰ ਤੋਂ ਬਾਅਦ ਪੂਰੇ ਇਲਾਕੇ ਅਤੇ ਪੀੜਤ ਪਰਿਵਾਰ ਦੇ ਘਰ ਵਿੱਚ ਮਾਤਮ ਦਾ ਮਾਹੌਲ ਹੈ। ਇਸ ਹਾਦਸੇ ਨੇ ਇੱਕ ਵਾਰ ਫਿਰ ਖੁੱਲ੍ਹੇ ਛੱਡੇ ਬੋਰਵੈੱਲਾਂ ਦੇ ਖ਼ਤਰੇ ਅਤੇ ਜ਼ਮੀਨੀ ਮਾਲਕਾਂ ਦੀ ਲਾਪਰਵਾਹੀ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।















