Punjab Weather Update: ਪੰਜਾਬ ‘ਚ ਅਗਲੇ 5 ਦਿਨਾਂ ਲਈ ਯੈਲੋ ਅਲਰਟ ਜਾਰੀ! ਕਈ ਇਲਾਕਿਆਂ ‘ਚ ਪਿਆ ਮੀਂਹ
ਪਠਾਨਕੋਟ ਵਿੱਚ 61 ਐਮਐਮ ਤੇ ਹੁਸ਼ਿਆਰਪੁਰ ‘ਚ 5.5 ਐਮਐਮ ਪਿਆ ਮੀਂਹ; ਚੰਡੀਗੜ੍ਹ ਵਿੱਚ ਵੀ ਵਰ੍ਹੇ ਬੱਦਲ- ਅਗਲੇ 2-3 ਦਿਨਾਂ ਵਿੱਚ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਚ ਮੌਨਸੂਨ ਦੇਵੇਗਾ ਦਸਤਕ
ਚੰਡੀਗੜ੍ਹ, 1 ਜੁਲਾਈ 2026: ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਅਤੇ ਹੁੰਮਸ ਤੋਂ ਬਾਅਦ ਅੱਜ ਤੜਕੇ ਮੌਸਮ ਦਾ ਮਿਜ਼ਾਜ ਪੂਰੀ ਤਰ੍ਹਾਂ ਬਦਲ ਗਿਆ ਹੈ। ਸੂਬੇ ਦੇ ਕਈ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਨੇ ਦਸਤਕ ਦਿੱਤੀ ਹੈ, ਜਦੋਂ ਕਿ ਬਾਕੀ ਸਮੁੱਚੇ ਪੰਜਾਬ ਵਿੱਚ ਘਣੇ ਬੱਦਲ ਛਾਏ ਹੋਏ ਹਨ।
ਮੱਠੀਆਂ-ਮੱਠੀਆਂ ਠੰਡੀਆਂ ਹਵਾਵਾਂ ਚੱਲਣ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਮੌਸਮ ਵਿਭਾਗ ਤੋਂ ਮਿਲੇ ਅੰਕੜਿਆਂ ਅਨੁਸਾਰ ਪਠਾਨਕੋਟ ਵਿੱਚ ਸਭ ਤੋਂ ਵੱਧ 61 ਐਮਐਮ (mm) ਅਤੇ ਹੁਸ਼ਿਆਰਪੁਰ ਵਿੱਚ 5.5 ਐਮਐਮ (mm) ਮੀਂਹ ਰਿਕਾਰਡ ਕੀਤਾ ਗਿਆ ਹੈ।
ਮੌਸਮ ਵਿੱਚ ਆਈ ਇਸ ਤਬਦੀਲੀ ਨੇ ਆਮ ਲੋਕਾਂ ਦੇ ਨਾਲ-ਨਾਲ ਝੋਨੇ ਦੀ ਲਵਾਈ ਕਰ ਰਹੇ ਕਿਸਾਨਾਂ ਨੂੰ ਵੀ ਵੱਡੀ ਰਾਹਤ ਦਿੱਤੀ ਹੈ। ਪਿਛਲੇ ਦਿਨੀਂ ਪੈ ਰਹੀ ਕੜਾਕੇ ਦੀ ਧੁੱਪ ਕਾਰਨ ਝੋਨੇ ਦੇ ਖੇਤ ਸੁੱਕਣ ਕੰਢੇ ਪਹੁੰਚ ਗਏ ਸਨ, ਪਰ ਇਸ ਬਾਰਸ਼ ਨੇ ਫ਼ਸਲਾਂ ਨੂੰ ਨਵਾਂ ਜੀਵਨ ਦਿੱਤਾ ਹੈ।
ਦੂਜੇ ਪਾਸੇ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕੌਮ) ਦੇ ਅਧਿਕਾਰੀਆਂ ਨੇ ਵੀ ਸੁੱਖ ਦਾ ਸਾਹ ਲਿਆ ਹੈ। ਦੱਸਣਯੋਗ ਹੈ ਕਿ ਗਰਮੀ ਕਰਕੇ ਪੰਜਾਬ ਵਿੱਚ ਬਿਜਲੀ ਦੀ ਮੰਗ 17 ਹਜ਼ਾਰ ਮੈਗਾਵਾਟ ਤੋਂ ਵੀ ਪਾਰ ਚਲੀ ਗਈ ਸੀ, ਜਿਸ ਵਿੱਚ ਅੱਜ ਮੌਸਮ ਠੰਡਾ ਹੋਣ ਕਾਰਨ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਅਗਲੇ 5 ਤੋਂ 6 ਦਿਨਾਂ ਲਈ ‘ਯੈਲੋ ਅਲਰਟ’ ਅਤੇ ਮੌਨਸੂਨ ਦੀ ਭਵਿੱਖਬਾਣੀ
ਮੌਸਮ ਵਿਗਿਆਨੀਆਂ ਮੁਤਾਬਕ ਪੰਜਾਬ ਵਿੱਚ 1 ਜੁਲਾਈ ਤੋਂ 5 ਜੁਲਾਈ ਤੱਕ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਅਤੇ ਕਈ ਥਾਵਾਂ ‘ਤੇ ਗਰਜ-ਚਮਕ ਨਾਲ ਮੀਂਹ ਪਵੇਗਾ। ਇਸ ਸਥਿਤੀ ਦੇ ਮੱਦੇਨਜ਼ਰ ਵਿਭਾਗ ਵੱਲੋਂ ਅਗਲੇ 5-6 ਦਿਨਾਂ ਲਈ ਸੂਬੇ ਵਿੱਚ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ ਅਗਲੇ 2 ਤੋਂ 3 ਦਿਨਾਂ ਦੇ ਅੰਦਰ ਮੌਨਸੂਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਦਸਤਕ ਦੇ ਦੇਵੇਗਾ, ਜਿਸ ਤੋਂ ਬਾਅਦ ਗਰਮੀ ਦਾ ਪ੍ਰਕੋਪ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ।
ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਅੱਜ ਸਵੇਰੇ ਮੌਸਮ ਸੁਹਾਵਣਾ ਹੋ ਗਿਆ। ਸਵੇਰ ਤੋਂ ਹੀ ਸ਼ਹਿਰ ਵਿੱਚ ਬੱਦਲਵਾਈ ਛਾਈ ਹੋਈ ਸੀ ਅਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਸਨ। ਇਸ ਤੋਂ ਬਾਅਦ ਸਵੇਰੇ ਕਰੀਬ 10:15 ਵਜੇ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਜ਼ੋਰਦਾਰ ਮੀਂਹ ਸ਼ੁਰੂ ਹੋ ਗਿਆ।
ਮੌਸਮ ਮਾਹਰਾਂ ਨੇ ਚੰਡੀਗੜ੍ਹ ਵਿੱਚ 1 ਜੁਲਾਈ ਤੋਂ 6 ਜੁਲਾਈ ਤੱਕ ਰੁਕ-ਰੁਕ ਕੇ ਹਲਕਾ ਅਤੇ ਦਰਮਿਆਨਾ ਮੀਂਹ ਪੈਣ ਅਤੇ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੈ।

















