ਭਾਰਤ ‘ਚ 38 ਲੋਕਾਂ ਨੂੰ ਫ਼ਾਂਸੀ ਦੀ ਸਜ਼ਾ! ਹਾਈਕੋਰਟ ਨੇ 18 ਸਾਲ ਪੁਰਾਣੇ ਮਾਮਲੇ ‘ਚ ਸੁਣਾਇਆ ਵੱਡਾ ਫ਼ੈਸਲਾ
ਅਹਿਮਦਾਬਾਦ ਸੀਰੀਅਲ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਹਾਈਕੋਰਟ ਦਾ ਵੱਡਾ ਫੈਸਲਾ: 38 ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਬਰਕਰਾਰ, 11 ਨੂੰ ਉਮਰਕੈਦ
ਅਹਿਮਦਾਬਾਦ, 07 ਜੁਲਾਈ 2026-
ਸਾਲ 2008 ਦੇ ਅਹਿਮਦਾਬਾਦ ਸੀਰੀਅਲ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਗੁਜਰਾਤ ਹਾਈਕੋਰਟ ਵੱਲੋਂ ਅੱਜ ਇੱਕ ਇਤਿਹਾਸਕ ਅਤੇ ਵੱਡਾ ਫੈਸਲਾ ਸੁਣਾਇਆ ਗਿਆ ਹੈ। ਹਾਈਕੋਰਟ ਨੇ ਇਸ ਬਹੁ-ਚਰਚਿਤ ਮਾਮਲੇ ਵਿੱਚ ਹੇਠਲੀ ਅਦਾਲਤ (ਵਿਸ਼ੇਸ਼ ਅਦਾਲਤ) ਦੇ ਫੈਸਲੇ ‘ਤੇ ਆਪਣੀ ਪੂਰਨ ਸਹਿਮਤੀ ਜਤਾਉਂਦਿਆਂ 38 ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ।
ਅਦਾਲਤ ਦੇ ਇਸ ਫੈਸਲੇ ਨਾਲ ਦੇਸ਼ ਦੀ ਸੁਰੱਖਿਆ ਨੂੰ ਚੁਣੌਤੀ ਦੇਣ ਵਾਲੇ ਅੱਤਵਾਦੀਆਂ ਨੂੰ ਵੱਡਾ ਝਟਕਾ ਲੱਗਾ ਹੈ। ਇਸ ਦੇ ਨਾਲ ਹੀ ਹਾਈਕੋਰਟ ਨੇ 11 ਹੋਰ ਦੋਸ਼ੀਆਂ ਨੂੰ ਸੁਣਾਈ ਗਈ ਉਮਰਕੈਦ (ਆਜੀਵਨ ਕਾਰਾਵਾਸ) ਦੀ ਸਜ਼ਾ ਨੂੰ ਵੀ ਜਿਉਂ ਦਾ ਤਿਉਂ ਬਰਕਰਾਰ ਰੱਖਿਆ ਹੈ। ਮਾਮਲੇ ਵਿੱਚ ਦੋਸ਼ੀ ਪਾਏ ਗਏ ਸਾਰੇ 49 ਲੋਕਾਂ ਨੂੰ ਹੁਣ ਆਪਣੀ ਮੂਲ ਸਜ਼ਾ ਭੁਗਤਣੀ ਪਵੇਗੀ।
ਪੀੜਤਾਂ ਪਰਿਵਾਰਾਂ ਲਈ ਵੱਡੀ ਆਰਥਿਕ ਮਦਦ ਦਾ ਵੀ ਐਲਾਨ
ਸਜ਼ਾ ਬਰਕਰਾਰ ਰੱਖਣ ਦੇ ਨਾਲ-ਨਾਲ ਹਾਈਕੋਰਟ ਨੇ ਇਸ ਖ਼ੂਨੀ ਖੇਡ ਦਾ ਸ਼ਿਕਾਰ ਹੋਏ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਵੱਡੀ ਆਰਥਿਕ ਮਦਦ ਦਾ ਵੀ ਐਲਾਨ ਕੀਤਾ ਹੈ। ਅਦਾਲਤ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਧਮਾਕਿਆਂ ਵਿੱਚ ਜਾਨ ਗੁਆਉਣ ਵਾਲੇ ਮ੍ਰਿਤਕਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਲੋਕਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ।
ਜ਼ਿਕਰਯੋਗ ਹੈ ਕਿ 26 ਜੁਲਾਈ 2008 ਨੂੰ ਅਹਿਮਦਾਬਾਦ ਸ਼ਹਿਰ ਵਿੱਚ ਮਹਿਜ਼ 70 ਮਿੰਟਾਂ ਦੇ ਅੰਦਰ-ਅੰਦਰ 21 ਲੜੀਵਾਰ ਬੰਬ ਧਮਾਕੇ ਹੋਏ ਸਨ, ਜਿਨ੍ਹਾਂ ਵਿੱਚ 56 ਬੇਗੁਨਾਹ ਲੋਕਾਂ ਦੀ ਮੌਤ ਹੋ ਗਈ ਸੀ ਅਤੇ 200 ਤੋਂ ਵੱਧ ਲੋਕ ਗੰਭੀਰ ਜ਼ਖਮੀ ਹੋਏ ਸਨ। ਇਸ ਮਾਮਲੇ ਵਿੱਚ ਫਰਵਰੀ 2022 ਨੂੰ ਵਿਸ਼ੇਸ਼ ਅਦਾਲਤ ਨੇ ਸੁਣਵਾਈ ਕਰਦਿਆਂ 49 ਦੋਸ਼ੀਆਂ ਨੂੰ ਸਜ਼ਾ ਸੁਣਾਈ ਸੀ, ਜਿਸ ਨੂੰ ਹੁਣ ਗੁਜਰਾਤ ਹਾਈਕੋਰਟ ਨੇ ਵੀ ਸਹੀ ਠਹਿਰਾਇਆ ਹੈ।



















