ਪੰਜਾਬ ਦੇ ਅਧਿਆਪਕਾਂ ਨੂੰ ਗ਼ੈਰ ਵਿਦਿਅਕ ਕੰਮਾਂ ‘ਚ ਉਲਝਾਇਆ! ਹਜ਼ਾਰਾਂ ਟੀਚਰਾਂ ਨੇ ਸਾੜੀਆਂ ਸਰਕਾਰੀ ਪੱਤਰ ਦੀਆਂ ਕਾਪੀਆਂ
ਅਧਿਆਪਕਾਂ ਦੀ ਸਹੂਲਤਾਂ ‘ਤੇ ਕੱਟ ਲਾਉਣੇ ਬੰਦ ਕਰੇ ਸਰਕਾਰ-ਅਧਿਆਪਕ ਆਗੂ

ਮਾਨਸਾ,11 ਜੁਲਾਈ 2026
ਸਿੱਖਿਆ ਕ੍ਰਾਂਤੀ ਦਾ ਝੂਠਾ ਦਾਅਵਾ ਕਰਨ ਵਾਲੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਦਾਅਵੇ ਹਵਾ ਚ ਉਡਦੇ ਦਿਸ ਰਹੇ ਹਨ। ਸੂਬੇ ਭਰ ਦੇ ਅਧਿਆਪਕਾਂ ਵਿੱਚੋਂ 18000 ਅਧਿਆਪਕ ਐੱਸ ਆਈ ਆਰ ਕਰ ਰਹੇ ਹਨ। ਹਜ਼ਾਰਾਂ ਅਧਿਆਪਕ ਡਰੱਗ ਸਰਵੇ, ਜਨ ਗਣਨਾ ਅਤੇ ਮਾਵਾਂ ਧੀਆਂ ਸਤਿਕਾਰ ਯੋਜਨਾ ਵਿੱਚ ਲਗਾ ਰੱਖੀ ਹੈ ਅਤੇ ਵਿਦਿਆਰਥੀ ਸਕੂਲਾਂ ਵਿੱਚ ਅਧਿਆਪਕਾਂ ਨੂੰ ਉਡੀਕ ਕੇ ਮੁੜ ਜਾਂਦੇ ਹਨ|
ਬੀਤੇ ਕੱਲ ਸਿੱਖਿਆ ਸਕੱਤਰ ਵੱਲੋਂ ਕੱਢੇ ਗਏ ਇੱਕ ਪੱਤਰ ਅਨੁਸਾਰ ਸਮੁੱਚੇ ਅਧਿਆਪਕਾਂ ਨੂੰ ਦੂਜੇ ਸ਼ਨੀਵਾਰ ਦੀ ਅਤੇ ਐਤਵਾਰ ਦੀ ਛੁੱਟੀ ਹੋਣ ਦੇ ਬਾਵਜੂਦ ਸਕੂਲਾਂ ਵਿੱਚ ਹਾਜ਼ਰ ਰਹਿਣ ਦਾ ਹੁਕਮ ਚਾੜ ਦਿੱਤਾ ਗਿਆ|ਜਿਸ ਦੇ ਰੋਸ ਵਜੋਂ ਪੰਜਾਬ ਭਰ ਦੀਆਂ ਅਧਿਆਪਕ ਜਥੇਬੰਦੀਆਂ ਨੇ ਅੱਜ ਅਧਿਆਪਕਾਂ ਨੂੰ ਇਸ ਪੱਤਰ ਸਾੜਨ ਦਾ ਸੱਦਾ ਦਿੱਤਾ।
ਮਾਨਸਾ ਜ਼ਿਲ੍ਹੇ ਦੇ ਅਧਿਆਪਕ ਆਗੂਆਂ ਕਰਮਜੀਤ ਤਾਮਕੋਟ, ਅਮੋਲਕ ਡੇਲੂਆਣਾ, ਗੁਰਦਾਸ ਰਾਏਪੁਰ ਅਤੇ ਦਰਸ਼ਨ ਅਲੀਸ਼ੇਰ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵੱਖ ਵੱਖ ਸਕੂਲਾਂ ਵਿੱਚ ਅਧਿਆਪਕਾਂ ਨੇ ਇਸ ਪੱਤਰ ਦੀਆਂ ਕਾਪੀਆਂ ਸਾੜੀਆਂ|ਜ਼ਿਲ੍ਹੇ ਦੇ ਬੋਹਾ,ਰਾਏਪੁਰ, ਕੁਸਲਾ, ਭੈਣੀ ਬਾਘਾ,ਬੀਰੋਕੇ ਕਲਾਂ, ਬਾਜੇਵਾਲਾ, ਅੱਕਾਂਵਾਲੀ, ਰੱਲਾ,ਭੰਮੇ ਖੁਰਦ, ਅਕਲੀਆਂ,ਭਾਈਦੇਸਾ, ਬੋੜਾਵਾਲ, ਗਾਂਧੀ ਨਗਰ, ਨੰਦਗੜ, ਬਖਸ਼ੀਵਾਲਾ, ਨੰਗਲ ਖੁਰਦ, ਉਡਤ ਭਗਤ ਰਾਮ, ਉੱਭਾ ਬੁਰਜ ਢਿੱਲਵਾਂ,ਖਿਆਲੀ ਚਹਿਲਾ ਵਾਲੀ, ਬੀਰ ਹੋਡਲਾ, ਬਖਸ਼ੀਵਾਲਾ, ਤਾਮਕੋਟ, ਕੁਲਰੀਆਂ, ਜੋਗਾ,ਗੰਢੂ ਖੁਰਦ,ਜੱਟਾਣਾ ਕਲਾਂ, ਸਾਹਨੇਵਾਲੀ, ਦੂਲੋਵਾਲ,ਲਾਲਿਆਵਾਲੀ,ਬੁਰਜ ਰਾਠੀ,ਪੈਰੋਂ, ਧਰਮਪੁਰਾ ਸਮੇਤ ਸੈਂਕੜੇ ਸਕੂਲਾਂ ਵਿੱਚ ਵੱਡੀ ਗਿਣਤੀ ਅਧਿਆਪਕਾਂ ਨੇ ਅਧਿਆਪਕ ਮਾਰੂ ਪੱਤਰ ਦੀਆਂ ਕਾਪੀਆਂ ਸਾੜੀਆਂ|
ਅਧਿਆਪਕ ਆਗੂਆਂ ਲਖਵਿੰਦਰ ਮਾਨ, ਹੰਸਾ ਸਿੰਘ ਡੇਲੂਆਣਾ, ਹਰਜਿੰਦਰ ਅਨੂਪਗੜ ਅਤੇ ਬੇਅੰਤ ਰੜ ਨੇ ਕਿਹਾ ਕਿ ਸਰਕਾਰ ਲਗਾਤਾਰ ਅਧਿਆਪਕਾਂ ਦੀਆਂ ਸਹੂਲਤਾਂ ਤੇ ਕੱਟ ਲਾ ਰਹੀ ਹੈ|ਬਾਹਰਲੇ ਜਿਲਿਆਂ ਵਿੱਚ ਕੰਮ ਕਰਦੇ ਅਧਿਆਪਕ 3-300 ਕਿਲੋਮੀਟਰ ਦੂਰ ਤੋਂ ਆਪਣੇ ਘਰਾਂ ਨੂੰ ਚੱਲ ਪਏ ਸਨ ਪਰ ਇਸ ਮਾਰੂ ਪੱਤਰ ਦੇ ਜ਼ਾਰੀ ਹੋਣ ਕਾਰਨ ਉਹਨਾਂ ਨੂੰ ਰਸਤੇ ਵਿੱਚੋ ਮੁੜਨਾ ਪਿਆ|
ਅਧਿਆਪਕ ਆਗੂਆਂ ਰਾਜਵਿੰਦਰ ਬੈਹਣੀਵਾਲ, ਮਨਮੋਹਨ ਸਿੰਘ, ਬਲਵਿੰਦਰ ਉੱਲਕ,ਨਵੀਨ ਬੋਹਾ ਨੇ ਕਿਹਾ ਕਿ ਅਧਿਆਪਕਾਂ ਲਈ ਬੱਚਿਆਂ ਨੂੰ ਸਿੱਖਿਆ ਦੇਣਾ ਸਭ ਤੋਂ ਮਹੱਤਵਪੂਰਨ ਕੰਮ ਹੈ ਪਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਅਧਿਆਪਕਾਂ ਦਾ ਮੁੱਖ ਕੰਮ ਬੁਰੀ ਤਰਾਂ ਪਛੜ ਗਿਆ ਹੈ|ਆਗੂਆਂ ਨੇ ਮੰਗ ਕੀਤੀ ਕਿ ਬੀ ਐੱਲ ਓਜ਼ ਅਤੇ ਹੋਰ ਕੰਮਾਂ ਲਈ ਅਲੱਗ ਤੋਂ ਭਰਤੀ ਕੀਤੀ ਜਾਵੇ ਅਤੇ ਅਧਿਆਪਕਾਂ ਤੋਂ ਸਿਰਫ ਪੜਾਉਣ ਦਾ ਕੰਮ ਲਿਆ ਜਾਵੇ|















