Cloud bursts twice in 60 minutes! 60 ਮਿੰਟਾਂ ਅੰਦਰ ਦੋ ਵਾਰ ਫਟਿਆ ਬੱਦਲ, ਪਹਿਲਗਾਮ ‘ਚ ਹੋਟਲਾਂ ਤੇ ਘਰਾਂ ਅੰਦਰ ਵੜਿਆ ਹੜ੍ਹ ਦਾ ਪਾਣੀ
ਸ੍ਰੀਨਗਰ/ਅਨੰਤਨਾਗ, 12 ਜੁਲਾਈ 2026- ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ ਹੈ, ਜਿੱਥੇ ਮਹਿਜ਼ 60 ਮਿੰਟਾਂ ਦੇ ਅੰਦਰ-ਅੰਦਰ ਬੱਦਲ ਫਟਣ ਦੀਆਂ ਦੋ ਵੱਡੀਆਂ ਘਟਨਾਵਾਂ ਵਾਪਰੀਆਂ ਹਨ। ਸ਼ਨੀਵਾਰ ਰਾਤ ਨੂੰ ਹੋਈ ਇਸ ਅਚਾਨਕ ਬਾਰਸ਼ ਕਾਰਨ ਪ੍ਰਸਿੱਧ ਸੈਲਾਨੀ ਸਥਾਨ ਪਹਿਲਗਾਮ ਅਤੇ ਸ਼ੰਗੁਸ ਇਲਾਕੇ ਵਿੱਚ ਭਿਆਨਕ ਹੜ੍ਹ ਆ ਗਿਆ। ਹੜ੍ਹ ਦਾ ਪਾਣੀ ਇੱਥੋਂ ਦੇ ਕਈ ਹੋਟਲਾਂ, ਆਲੀਸ਼ਾਨ ਰਿਜ਼ੋਰਟਾਂ ਅਤੇ ਸਥਾਨਕ ਲੋਕਾਂ ਦੇ ਘਰਾਂ ਵਿੱਚ ਵੜ ਗਿਆ, ਜਿਸ ਕਾਰਨ ਸੈਰ-ਸਪਾਟਾ (Tourism) ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਮੌਸਮ ਵਿਭਾਗ ਅਤੇ ਪ੍ਰਸ਼ਾਸਨ ਨੇ ਸੈਲਾਨੀਆਂ ਨੂੰ ਖਾਸ ਸਾਵਧਾਨੀ ਵਰਤਣ ਦੇ ਨਿਰਦੇਸ਼ ਦਿੱਤੇ ਹਨ ਅਤੇ ਮੀਂਹ ਦੌਰਾਨ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਬੱਦਲ ਫਟਣ ਕਾਰਨ ਖੇਤੀ ਅਤੇ ਖੜ੍ਹੀਆਂ ਫਸਲਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਪਾਣੀ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਦੇਖਦੇ ਹੀ ਦੇਖਦੇ ਰਿਹਾਇਸ਼ੀ ਇਲਾਕਿਆਂ, ਖੇਤਾਂ ਅਤੇ ਹੋਟਲਾਂ ਵਿੱਚ ਮਲਬਾ ਜਮ੍ਹਾ ਹੋ ਗਿਆ। ਰਾਹਤ ਦੀ ਗੱਲ ਇਹ ਹੈ ਕਿ ਇਸ ਪੂਰੀ ਤਬਾਹੀ ਦੌਰਾਨ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ, ਪਰ ਇਲਾਕੇ ਵਿੱਚ ਮਾਲੀ ਨੁਕਸਾਨ ਵੱਡੇ ਪੱਧਰ ‘ਤੇ ਹੋਇਆ ਹੈ।
ਕਈ ਥਾਵਾਂ ‘ਤੇ ਲੈਂਡਸਲਾਈਡ ਹੋਣ ਕਾਰਨ ਸੜਕਾਂ ‘ਤੇ ਮਲਬਾ ਜਮ੍ਹਾ ਹੋ ਗਿਆ, ਜਿਸ ਨੂੰ ਹਟਾਉਣ ਲਈ ਰਾਹਤ ਅਤੇ ਬਚਾਅ ਦਲ ਦੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ। ਇਸ ਕਾਰਨ ਅਨੰਤਨਾਗ ਜ਼ਿਲ੍ਹੇ ਵਿੱਚ ਟ੍ਰੈਫਿਕ ਵਿਵਸਥਾ ਵੀ ਪ੍ਰਭਾਵਿਤ ਹੋਈ ਹੈ। ਬੱਦਲ ਫਟਣ ਦੀ ਪਹਿਲੀ ਘਟਨਾ ਸ਼ੰਗੁਸ ਦੇ ਚਟਰਗੁਲ ਦੇ ਉੱਪਰੀ ਪਹਾੜੀ ਇਲਾਕਿਆਂ ਵਿੱਚ ਹੋਈ। ਇਸ ਕਾਰਨ ਆਰਿਪਥ ਨਾਲੇ ਦਾ ਜਲ ਪੱਧਰ ਖ਼ਤਰਨਾਕ ਤਰੀਕੇ ਨਾਲ ਵੱਧ ਗਿਆ।
ਪਹਾੜਾਂ ਤੋਂ ਉਤਰਿਆ ਇਹ ਸੈਲਾਬ ਆਪਣੇ ਨਾਲ ਭਾਰੀ ਮਾਤਰਾ ਵਿੱਚ ਚਿੱਕੜ, ਵੱਡੇ-ਵੱਡੇ ਪੱਥਰ ਅਤੇ ਦਰੱਖਤਾਂ ਦਾ ਮਲਬਾ ਲੈ ਕੇ ਆਇਆ, ਜੋ ਸਿੱਧਾ ਸਥਾਨਕ ਲੋਕਾਂ ਦੇ ਖੇਤਾਂ ਅਤੇ ਸੇਬਾਂ ਦੇ ਬਾਗਾਂ ਵਿੱਚ ਵੜ ਗਿਆ। ਇਸ ਨਾਲ ਖੜ੍ਹੀਆਂ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ। ਸਥਾਨਕ ਲੋਕਾਂ ਮੁਤਾਬਕ ਕੁਝ ਹੀ ਮਿੰਟਾਂ ਵਿੱਚ ਪੂਰਾ ਇਲਾਕਾ ਦਰਿਆ ਵਿੱਚ ਤਬਦੀਲ ਹੋ ਗਿਆ ਸੀ।
ਇਸ ਤੋਂ ਤੁਰੰਤ ਬਾਅਦ, ਪਹਿਲਗਾਮ ਦੇ ਓਵੇਰਾ ਵਾਈਲਡਲਾਈਫ ਸੈਂਕਚੁਅਰੀ ਖੇਤਰ ਵਿੱਚ ਦੂਜਾ ਬੱਦਲ ਫਟ ਗਿਆ। ਇਸ ਕਾਰਨ ਓਵੇਰਾ ਨਾਲੇ ਵਿੱਚ ਆਏ ਹੜ੍ਹ ਦਾ ਪਾਣੀ ਅੱਧਾ ਦਰਜਨ ਦੇ ਕਰੀਬ ਹੋਟਲਾਂ ਅਤੇ ਸਥਾਨਕ ਘਰਾਂ ਵਿੱਚ ਵੜ ਗਿਆ, ਜਿਸ ਨਾਲ ਸੈਲਾਨੀਆਂ ਅਤੇ ਸਥਾਨਕ ਲੋਕਾਂ ਵਿੱਚ ਹੜਕੰਪ ਮਚ ਗਿਆ।
ਕੁਦਰਤੀ ਆਫ਼ਤ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ ਅਤੇ ਸਾਰੇ ਵਿਭਾਗਾਂ ਨੂੰ ਹਾਈ ਅਲਰਟ ‘ਤੇ ਕਰ ਦਿੱਤਾ ਗਿਆ। ਓਵੇਰਾ ਨਾਲੇ ਦੇ ਕੋਲ ਸਥਿਤ ਹੋਟਲਾਂ ਵਿੱਚ ਫਸੇ ਸਾਰੇ ਸੈਲਾਨੀਆਂ ਨੂੰ ਰੈਸਕਿਊ ਟੀਮਾਂ ਦੀ ਮਦਦ ਨਾਲ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਪ੍ਰਸ਼ਾਸਨ ਨੇ ਗਾਈਡਲਾਈਨ ਜਾਰੀ ਕਰਕੇ ਸਥਾਨਕ ਲੋਕਾਂ ਅਤੇ ਸੈਲਾਨੀਆਂ ਨੂੰ ਆਰਿਪਥ ਅਤੇ ਓਵੇਰਾ ਨਾਲੇ ਸਮੇਤ ਸਾਰੇ ਨਦੀ-ਨਾਲਿਆਂ ਤੋਂ ਦੂਰ ਰਹਿਣ ਦੀ ਸਖ਼ਤ ਹਦਾਇਤ ਦਿੱਤੀ ਹੈ। ਮੌਸਮ ਵਿਭਾਗ ਨੇ ਕਸ਼ਮੀਰ ਵਿੱਚ ਅਗਲੇ 24 ਘੰਟਿਆਂ ਤੱਕ ਤੇਜ਼ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ, ਜਿਸ ਕਾਰਨ ਐਤਵਾਰ ਨੂੰ ਵੀ ਭਾਰੀ ਮੀਂਹ ਦਾ ਅਲਰਟ ਜਾਰੀ ਰਹੇਗਾ।
















