ਚੰਡੀਗੜ੍ਹ: ਅਧਿਆਪਕਾਂ ਅਤੇ ਮੁਲਾਜ਼ਮਾਂ ਦੇ ਹੱਕ ਚ ਸਰਕਾਰ ਦਾ ਵੱਡਾ ਫੈਸਲਾ, ਪੜ੍ਹੋ ਪੂਰੀ ਖ਼ਬਰ
ਅਧਿਆਪਕਾਂ ਅਤੇ ਮੁਲਾਜ਼ਮਾਂ ਨੂੰ ਵੱਡੀ ਰਾਹਤ: 2022 ਤੋਂ ਪਹਿਲਾਂ ਦੀ ‘ਅੱਧੀ ਤਨਖ਼ਾਹ ਵਾਲੀ ਛੁੱਟੀ’ ਦਾ ਰਾਹ ਪੱਧਰਾ
ਚੰਡੀਗੜ੍ਹ 27 ਨਵੰਬਰ 2027-
ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਅਧਿਆਪਕਾਂ ਅਤੇ ਹੋਰ ਸਰਕਾਰੀ ਮੁਲਾਜ਼ਮਾਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਇੱਕ ਅਹਿਮ ਮੰਗ ਨੂੰ ਬੂਰ ਪੈ ਗਿਆ ਹੈ। ਮੁਲਾਜ਼ਮਾਂ ਦੇ ਖਾਤਿਆਂ ਵਿੱਚ 1 ਅਪਰੈਲ, 2022 ਤੋਂ ਪਹਿਲਾਂ ਜਮ੍ਹਾਂ ਹੋਈ ‘ਅੱਧੀ ਤਨਖ਼ਾਹ ਵਾਲੀ ਛੁੱਟੀ’ (ਹਾਫ ਪੇਅ ਲੀਵ) ਦਾ ਲਾਭ ਦੇਣ ਸਬੰਧੀ ਬਣਿਆ ਭੰਬਲਭੂਸਾ ਹੁਣ ਖ਼ਤਮ ਹੋ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਮਾਮਲੇ ’ਤੇ ਆਪਣੀ ਸਥਿਤੀ ਸਪੱਸ਼ਟ ਕਰਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਬਾਕਾਇਦਾ ਪੱਤਰ ਜਾਰੀ ਕਰ ਦਿੱਤਾ ਹੈ। ਮੰਤਰਾਲੇ ਦੇ ਇਨ੍ਹਾਂ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਮੂਹ ਯੋਗ ਮੁਲਾਜ਼ਮ 31 ਮਾਰਚ, 2022 ਤੱਕ ਪੰਜਾਬ ਸੇਵਾ ਨਿਯਮਾਂ (ਪੰਜਾਬ ਪੈਟਰਨ) ਅਧੀਨ ਆਪਣੇ ਸੇਵਾ ਖਾਤਿਆਂ ਵਿੱਚ ਜਮ੍ਹਾਂ ਹੋਈਆਂ ਇਨ੍ਹਾਂ ਛੁੱਟੀਆਂ ਦਾ ਪੂਰਾ ਲਾਭ ਲੈਣ ਦੇ ਹੱਕਦਾਰ ਹੋਣਗੇ।
ਜ਼ਿਕਰਯੋਗ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ 1 ਅਪਰੈਲ, 2022 ਤੋਂ ਚੰਡੀਗੜ੍ਹ ਵਿੱਚ ਕੇਂਦਰੀ ਸੇਵਾ ਨਿਯਮ ਅਤੇ ਕੇਂਦਰੀ ਤਨਖ਼ਾਹ ਸਕੇਲ ਲਾਗੂ ਕੀਤੇ ਗਏ ਸਨ। ਇਸ ਤਬਦੀਲੀ ਮਗਰੋਂ ਮੁਲਾਜ਼ਮਾਂ ਦੀ ਪਹਿਲਾਂ ਜਮ੍ਹਾਂ ਹੋਈ ਅੱਧੀ ਤਨਖ਼ਾਹ ਵਾਲੀ ਛੁੱਟੀ ਦੇ ਭਵਿੱਖ ਨੂੰ ਲੈ ਕੇ ਤਕਨੀਕੀ ਅੜਿੱਕਾ ਅਤੇ ਭੰਬਲਭੂਸਾ ਬਣਿਆ ਹੋਇਆ ਸੀ। ਅਧਿਆਪਕ ਵਰਗ ਦਾ ਲਗਾਤਾਰ ਇਹੋ ਤਰਕ ਸੀ ਕਿ ਉਹ ਕੇਂਦਰੀ ਨਿਯਮਾਂ ਤਹਿਤ ਕਿਸੇ ਨਵੀਂ ਰਿਆਇਤ ਦੀ ਮੰਗ ਨਹੀਂ ਕਰ ਰਹੇ, ਸਗੋਂ ਪੁਰਾਣੇ ਨਿਯਮਾਂ ਅਧੀਨ ਆਪਣੀ ਸੇਵਾ ਦੌਰਾਨ ਕਮਾਈ ਅਤੇ ਜਮ੍ਹਾਂ ਕਰਵਾਈ ਛੁੱਟੀ ਦਾ ਬਣਦਾ ਹੱਕ ਚਾਹੁੰਦੇ ਹਨ।
ਇਸ ਗੰਭੀਰ ਮਸਲੇ ਨੂੰ ਹੱਲ ਕਰਵਾਉਣ ਲਈ ‘ਯੂ.ਟੀ. ਕੇਡਰ ਐਜੂਕੇਸ਼ਨਲ ਐਂਪਲਾਈਜ਼ ਵੈਲਫੇਅਰ ਐਸੋਸੀਏਸ਼ਨ’ ਅਤੇ ‘ਚੰਡੀਗੜ੍ਹ ਟੀਚਰਜ਼ ਐਸੋਸੀਏਸ਼ਨ’ (ਸੀ.ਟੀ.ਏ.) ਵੱਲੋਂ ਲਗਾਤਾਰ ਸੰਘਰਸ਼ ਅਤੇ ਯਤਨ ਕੀਤੇ ਜਾ ਰਹੇ ਸਨ। ਇਸ ਕੜੀ ਤਹਿਤ ਸੇਵਾਮੁਕਤ ਲੈਕਚਰਾਰ ਸੋਹਨ ਲਾਲ ਨੇ ਐਸੋਸੀਏਸ਼ਨ ਦੇ ਸਹਿਯੋਗ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿੱਚ ਨਿੱਜੀ ਦਖ਼ਲ ਦੇਣ ਦੀ ਪੁਰਜ਼ੋਰ ਅਪੀਲ ਕੀਤੀ ਸੀ।
ਕੇਂਦਰੀ ਗ੍ਰਹਿ ਮੰਤਰਾਲੇ ਦੇ ਇਸ ਫ਼ੈਸਲੇ ਦਾ ‘ਚੰਡੀਗੜ੍ਹ ਟੀਚਰਜ਼ ਐਸੋਸੀਏਸ਼ਨ’ ਦੇ ਆਗੂ ਅਰਵਿੰਦ ਰਾਣਾ ਅਤੇ ‘ਯੂ.ਟੀ. ਕੇਡਰ ਐਜੂਕੇਸ਼ਨਲ ਐਂਪਲਾਈਜ਼ ਯੂਨੀਅਨ’ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੇ ਭਰਵਾਂ ਸਵਾਗਤ ਕੀਤਾ ਹੈ। ਉਨ੍ਹਾਂ ਇਸ ਮਸਲੇ ਨੂੰ ਕੇਂਦਰ ਸਰਕਾਰ ਅਤੇ ਉੱਚ ਅਧਿਕਾਰੀਆਂ ਕੋਲ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਲਈ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਅਤੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ।
ਅਧਿਆਪਕ ਆਗੂਆਂ ਨੇ ਆਸ ਪ੍ਰਗਟਾਈ ਹੈ ਕਿ ਕੇਂਦਰ ਵੱਲੋਂ ਸਥਿਤੀ ਸਪੱਸ਼ਟ ਹੋਣ ਮਗਰੋਂ ਹੁਣ ਚੰਡੀਗੜ੍ਹ ਪ੍ਰਸ਼ਾਸਨ ਬਿਨਾਂ ਕਿਸੇ ਦੇਰੀ ਦੇ ਯੋਗ ਮੁਲਾਜ਼ਮਾਂ ਨੂੰ ਜਮ੍ਹਾਂ ਛੁੱਟੀਆਂ ਦਾ ਲਾਭ ਦੇਣ ਲਈ ਲੋੜੀਂਦੇ ਪ੍ਰਸ਼ਾਸਕੀ ਹੁਕਮ ਜਾਰੀ ਕਰੇਗਾ। ਇਸ ਦੇ ਨਾਲ ਹੀ ਜਥੇਬੰਦੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਦੀ ਭਲਾਈ ਲਈ ਲੰਬਿਤ ਪਈ ‘ਸਿਹਤ ਕਾਰਡ’ (ਹੈਲਥ ਕਾਰਡ) ਬਣਾਉਣ ਦੀ ਮੰਗ ਨੂੰ ਵੀ ਜਲਦ ਪ੍ਰਵਾਨਗੀ ਦਿੱਤੀ ਜਾਵੇ।















