Bank Holiday: ਇਸ ਹਫ਼ਤੇ 4 ਦਿਨ ਬੈਂਕ ਰਹਿਣਗੇ ਬੰਦ, ਬੈਂਕ ਉਪਭੋਗਤਾ ਦੇਣ ਧਿਆਨ! 13 ਤੋਂ 19 ਜੁਲਾਈ ਦਰਮਿਆਨ ਕਈ ਸੂਬਿਆਂ ‘ਚ ਬੈਂਕਾਂ ਦੀ ਛੁੱਟੀ, ਨਿਪਟਾ ਲਓ ਆਪਣੇ ਜ਼ਰੂਰੀ ਕੰਮ
ਨਵੀਂ ਦਿੱਲੀ, 13 ਜੁਲਾਈ 2026-
ਅੱਜ ਤੋਂ ਨਵੇਂ ਹਫ਼ਤੇ ਦੀ ਸ਼ੁਰੂਆਤ ਹੋ ਚੁੱਕੀ ਹੈ। ਅਜਿਹੇ ਵਿੱਚ ਬਹੁਤ ਸਾਰੇ ਲੋਕ ਇਸ ਹਫ਼ਤੇ ਬੈਂਕ ਜਾ ਕੇ ਆਪਣੇ ਜ਼ਰੂਰੀ ਕੰਮ ਨਿਪਟਾਉਣ ਬਾਰੇ ਸੋਚ ਰਹੇ ਹੋਣਗੇ। ਜੇਕਰ ਤੁਸੀਂ ਵੀ ਕੈਸ਼ ਜਮ੍ਹਾ ਕਰਵਾਉਣ, ਚੈੱਕ ਪਾਉਣ, ਕੇ.ਵਾਈ.ਸੀ (KYC) ਕਰਵਾਉਣ, ਡਿਮਾਂਡ ਡਰਾਫਟ ਬਣਵਾਉਣ ਜਾਂ ਬੈਂਕ ਨਾਲ ਸਬੰਧਤ ਕਿਸੇ ਹੋਰ ਕੰਮ ਲਈ ਜਾਣ ਦੀ ਤਿਆਰੀ ਕਰ ਰਹੇ ਹੋ, ਤਾਂ ਪਹਿਲਾਂ ਇਹ ਜ਼ਰੂਰ ਜਾਣ ਲਓ ਕਿ ਇਸ ਹਫ਼ਤੇ ਕਈ ਦਿਨ ਬੈਂਕ ਬੰਦ ਰਹਿਣ ਵਾਲੇ ਹਨ।
ਹਾਲਾਂਕਿ, ਹਰ ਸੂਬੇ ਵਿੱਚ ਬੈਂਕਾਂ ਦੀਆਂ ਛੁੱਟੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਕਿਤੇ ਬੈਂਕ ਬੰਦ ਰਹਿਣਗੇ ਅਤੇ ਕਿਤੇ ਆਮ ਵਾਂਗ ਕੰਮਕਾਜ ਹੋਵੇਗਾ। ਇਸ ਲਈ ਘਰੋਂ ਨਿਕਲਣ ਤੋਂ ਪਹਿਲਾਂ ਆਪਣੇ ਸ਼ਹਿਰ ਵਿੱਚ ਬੈਂਕ ਖੁੱਲ੍ਹਾ ਹੈ ਜਾਂ ਬੰਦ, ਇਹ ਜ਼ਰੂਰ ਚੈੱਕ ਕਰ ਲਓ ਤਾਂ ਜੋ ਤੁਹਾਨੂੰ ਪ੍ਰੇਸ਼ਾਨੀ ਨਾ ਹੋਵੇ। ਭਾਰਤੀ ਰਿਜ਼ਰਵ ਬੈਂਕ (RBI) ਦੇ ਬੈਂਕ Holiday ਕੈਲੰਡਰ ਦੇ ਅਨੁਸਾਰ, 13 ਜੁਲਾਈ ਤੋਂ 19 ਜੁਲਾਈ 2026 ਦਰਮਿਆਨ ਵੱਖ-ਵੱਖ ਸੂਬਿਆਂ ਵਿੱਚ ਬੈਂਕ ਕੁੱਲ ਚਾਰ ਦਿਨ ਬੰਦ ਰਹਿਣਗੇ।
ਇਨ੍ਹਾਂ ਛੁੱਟੀਆਂ ਵਿੱਚ ਖੇਤਰੀ ਤਿਉਹਾਰ, ਸਥਾਨਕ ਪ੍ਰੋਗਰਾਮ ਅਤੇ ਹਫ਼ਤਾਵਾਰੀ ਛੁੱਟੀਆਂ ਸ਼ਾਮਲ ਹਨ। ਦੇਸ਼ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਬੈਂਕ ਆਰ.ਬੀ.ਆਈ ਦੇ ਇਸੇ ਕੈਲੰਡਰ ਅਨੁਸਾਰ ਛੁੱਟੀਆਂ ਕਰਦੇ ਹਨ।
ਇਸ ਹਫ਼ਤੇ ਕਿਸ ਦਿਨ ਅਤੇ ਕਿੱਥੇ-ਕਿੱਥੇ ਰਹੇਗੀ ਬੈਂਕਾਂ ਦੀ ਛੁੱਟੀ?
16 ਜੁਲਾਈ (ਵੀਰਵਾਰ) ਨੂੰ ਉੱਤਰਾਖੰਡ ਅਤੇ ਮਨੀਪੁਰ ਵਿੱਚ ‘ਹਰੇਲਾ’ ਤਿਉਹਾਰ ਕਾਰਨ ਬੈਂਕ ਬੰਦ ਰਹਿਣਗੇ। ਇਸੇ ਦਿਨ ਓਡੀਸ਼ਾ ਵਿੱਚ ‘ਰੱਥ ਯਾਤਰਾ’ ਦੇ ਚੱਲਦਿਆਂ ਬੈਂਕ ਸ਼ਾਖਾਵਾਂ ਵਿੱਚ ਕੰਮਕਾਜ ਨਹੀਂ ਹੋਵੇਗਾ। 17 ਜੁਲਾਈ (ਸ਼ੁੱਕਰਵਾਰ) ਨੂੰ ਮੇਘਾਲਿਆ ਵਿੱਚ ‘ਯੂ ਤਿਰੋਤ ਸਿੰਘ’ ਦੀ ਬਰਸੀ ਕਾਰਨ ਬੈਂਕ ਬੰਦ ਰਹਿਣਗੇ। 18 ਜੁਲਾਈ (ਸ਼ਨੀਵਾਰ) ਨੂੰ ਸਿੱਕਮ ਵਿੱਚ ‘ਡ੍ਰੁਕਪਾ ਤਸ਼ੇ ਜੀ’ ਤਿਉਹਾਰ ਦੇ ਮੌਕੇ ਬੈਂਕਾਂ ਦੀ ਛੁੱਟੀ ਰਹੇਗੀ। 19 ਜੁਲਾਈ ਨੂੰ ਐਤਵਾਰ ਹੋਣ ਕਾਰਨ ਪੂਰੇ ਦੇਸ਼ ਵਿੱਚ ਹਫ਼ਤਾਵਾਰੀ ਛੁੱਟੀ ਰਹੇਗੀ। ਇਸ ਦਿਨ ਸਾਰੇ ਸਰਕਾਰੀ ਅਤੇ ਨਿੱਜੀ ਬੈਂਕ ਬੰਦ ਰਹਿਣਗੇ।
ਹਫ਼ਤੇ ਦੀ ਸ਼ੁਰੂਆਤ ਵਿੱਚ ਖੁੱਲ੍ਹੇ ਰਹਿਣਗੇ ਬੈਂਕ, ਫਟਾਫਟ ਨਿਪਟਾ ਲਓ ਕੰਮ
13 ਜੁਲਾਈ, 14 ਜੁਲਾਈ ਅਤੇ 15 ਜੁਲਾਈ ਯਾਨੀ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਦੇਸ਼ ਦੇ ਜ਼ਿਆਦਾਤਰ ਸੂਬਿਆਂ (ਜਿਵੇਂ ਪੰਜਾਬ, ਹਰਿਆਣਾ, ਦਿੱਲੀ ਆਦਿ) ਵਿੱਚ ਬੈਂਕ ਆਮ ਵਾਂਗ ਖੁੱਲ੍ਹੇ ਰਹਿਣਗੇ। ਜੇਕਰ ਤੁਹਾਡਾ ਕੋਈ ਜ਼ਰੂਰੀ ਕੰਮ ਹੈ, ਤਾਂ ਉਸ ਨੂੰ ਹਫ਼ਤੇ ਦੇ ਸ਼ੁਰੂਆਤੀ ਦਿਨਾਂ ਵਿੱਚ ਹੀ ਪੂਰਾ ਕਰ ਲਓ।
ਆਰ.ਬੀ.ਆਈ ਦੀ ਸੂਚੀ ਅਨੁਸਾਰ, ਜੁਲਾਈ 2026 ਵਿੱਚ ਰਾਸ਼ਟਰੀ, ਧਾਰਮਿਕ, ਖੇਤਰੀ ਅਤੇ ਹਫ਼ਤਾਵਾਰੀ ਛੁੱਟੀਆਂ ਨੂੰ ਮਿਲਾ ਕੇ ਕੁੱਲ 12 ਦਿਨ ਬੈਂਕ ਬੰਦ ਰਹਿਣਗੇ। ਇਸ ਮਹੀਨੇ 5, 12, 19 ਅਤੇ 26 ਜੁਲਾਈ ਨੂੰ ਐਤਵਾਰ ਹੋਣ ਕਰਕੇ ਪੂਰੇ ਦੇਸ਼ ਵਿੱਚ ਬੈਂਕ ਬੰਦ ਰਹਿਣਗੇ। ਇਸ ਤੋਂ ਇਲਾਵਾ 11 ਜੁਲਾਈ ਨੂੰ ਦੂਜੇ ਸ਼ਨੀਵਾਰ ਅਤੇ 25 ਜੁਲਾਈ ਨੂੰ ਚੌਥੇ ਸ਼ਨੀਵਾਰ ਕਰਕੇ ਬੈਂਕਾਂ ਵਿੱਚ ਛੁੱਟੀ ਰਹੇਗੀ।
ਬੈਂਕ ਸ਼ਾਖਾਵਾਂ ਬੰਦ ਹੋਣ ਦੇ ਬਾਵਜੂਦ ਗਾਹਕਾਂ ਨੂੰ ਡਿਜੀਟਲ ਬੈਂਕਿੰਗ ਸੇਵਾਵਾਂ ਵਿੱਚ ਕੋਈ ਦਿੱਕਤ ਨਹੀਂ ਆਵੇਗੀ। online ਬੈਂਕਿੰਗ, ਮੋਬਾਈਲ ਬੈਂਕਿੰਗ, ਇੰਟਰਨੈੱਟ ਬੈਂਕਿੰਗ, UPI, ATM, ਡੈਬਿਟ ਅਤੇ ਕ੍ਰੈਡਿਟ ਕਾਰਡ ਵਰਗੀਆਂ ਸੇਵਾਵਾਂ ਆਮ ਵਾਂਗ ਕੰਮ ਕਰਦੀਆਂ ਰਹਿਣਗੀਆਂ। ਤੁਸੀਂ ਕਿਸੇ ਵੀ ਵੇਲੇ ਪੈਸੇ ਟ੍ਰਾਂਸਫਰ ਕਰ ਸਕਦੇ ਹੋ ਅਤੇ ਬਿੱਲਾਂ ਦਾ ਭੁਗਤਾਨ ਕਰ ਸਕਦੇ ਹੋ।
















