LPG Subsidy New Rule: 1 ਅਕਤੂਬਰ 2026 ਤੋਂ ਬਦਲ ਰਹੇ ਹਨ ਰਸੋਈ ਗੈਸ ਦੇ ਨਿਯਮ, ਸਬਸਿਡੀ ਲਈ e-KYC ਹੋਈ ਲਾਜ਼ਮੀ
ਘਰੇਲੂ ਗੈਸ ਖਪਤਕਾਰਾਂ ਲਈ ਵੱਡੀ ਖ਼ਬਰ: LPG ਸਬਸਿਡੀ ਲਈ ਬਾਇਓਮੈਟ੍ਰਿਕ ਆਧਾਰ ਆਥੈਂਟੀਕੇਸ਼ਨ ਜ਼ਰੂਰੀ- ਜੇਕਰ ਨਹੀਂ ਕੀਤੀ ਈ-ਕੇਵਾਈਸੀ ਤਾਂ ਰੁਕ ਸਕਦੀ ਹੈ ਸਬਸਿਡੀ, ਜਾਣੋ ਪੂਰੀ ਖ਼ਬਰ
ਨਵੀਂ ਦਿੱਲੀ, 19 ਸਤੰਬਰ 2026- ਜੇਕਰ ਤੁਸੀਂ ਵੀ ਘਰੇਲੂ ਰਸੋਈ ਗੈਸ (LPG) ‘ਤੇ ਮਿਲਣ ਵਾਲੀ ਸਰਕਾਰੀ ਸਬਸਿਡੀ ਦਾ ਲਾਭ ਲੈਂਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਕੇਂਦਰੀ ਪੈਟ੍ਰੋਲੀਅਮ ਅਤੇ ਪ੍ਰਾਕ੍ਰਿਤਿਕ ਗੈਸ ਮੰਤਰਾਲੇ ਨੇ ਰਸੋਈ ਗੈਸ ਸਬਸਿਡੀ ਦੇ ਨਿਯਮਾਂ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ। ਮੰਤਰਾਲੇ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ 1 ਅਕਤੂਬਰ 2026 ਤੋਂ ਸਬਸਿਡੀ ਵਾਲੇ ਘਰੇਲੂ ਐਲ.ਪੀ.ਜੀ. ਸਿਲੰਡਰ ਦੀ ਰੀਫਿਲਿੰਗ (ਦੁਬਾਰਾ ਭਰਵਾਉਣ) ਲਈ ਬਾਇਓਮੈਟ੍ਰਿਕ ਆਧਾਰ ਆਥੈਂਟੀਕੇਸ਼ਨ (Biometric Aadhaar Authentication) ਨੂੰ ਪੂਰੀ ਤਰ੍ਹਾਂ ਲਾਜ਼ਮੀ ਕਰ ਦਿੱਤਾ ਗਿਆ ਹੈ।
ਪੈਟ੍ਰੋਲੀਅਮ ਅਤੇ ਪ੍ਰਾਕ੍ਰਿਤਿਕ ਗੈਸ ਮੰਤਰਾਲੇ ਦੁਆਰਾ ਸਾਂਝੇ ਕੀਤੇ ਗਏ ਅਧਿਕਾਰਤ ਅੰਕੜਿਆਂ ਅਨੁਸਾਰ, ਦੇਸ਼ ਦੇ ਕੁੱਲ 27.43 ਕਰੋੜ ਗੈਸ ਖਪਤਕਾਰ (ਜੋ ਕਿ ਲਗਭਗ 89.9 ਪ੍ਰਤੀਸ਼ਤ ਬਣਦੇ ਹਨ) ਆਪਣਾ ਬਾਇਓਮੈਟ੍ਰਿਕ ਆਧਾਰ ਪ੍ਰਮਾਣੀਕਰਨ ਪਹਿਲਾਂ ਹੀ ਸਫਲਤਾਪੂਰਵਕ ਪੂਰਾ ਕਰ ਚੁੱਕੇ ਹਨ। ਸਰਕਾਰ ਅਨੁਸਾਰ ਇਸ ਪ੍ਰਕਿਰਿਆ ਦਾ ਮੁੱਖ ਮਕਸਦ ਸਬਸਿਡੀ ਪ੍ਰਣਾਲੀ ਵਿੱਚ ਪਾਰਦਰਸ਼ਤਾ ਲਿਆਉਣਾ ਅਤੇ ਫਰਜ਼ੀ ਗੈਸ ਕਨੈਕਸ਼ਨਾਂ ਨੂੰ ਰੋਕਣਾ ਹੈ, ਤਾਂ ਜੋ ਸਰਕਾਰੀ ਸਬਸਿਡੀ ਦਾ ਸਿੱਧਾ ਲਾਭ ਸਿਰਫ਼ ਅਸਲ ਅਤੇ ਲੋੜਵੰਦ ਲਾਭਪਾਤਰੀਆਂ ਤੱਕ ਹੀ ਪਹੁੰਚ ਸਕੇ।
ਕਿਹੜੇ ਖਪਤਕਾਰਾਂ ਨੂੰ ਘਬਰਾਉਣ ਦੀ ਲੋੜ ਨਹੀਂ?
ਮੰਤਰਾਲੇ ਨੇ ਇਹ ਵੀ ਸਾਫ਼ ਕੀਤਾ ਹੈ ਕਿ ਜਿਨ੍ਹਾਂ ਖਪਤਕਾਰਾਂ ਦੀ ਬਾਇਓਮੈਟ੍ਰਿਕ ਅਤੇ e-KYC ਪ੍ਰਕਿਰਿਆ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ, ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਅਜਿਹੇ ਉਪਭੋਗਤਾਵਾਂ ਨੂੰ ਗੈਸ ਏਜੰਸੀ ਜਾਣ ਦੀ ਜਾਂ ਕੋਈ ਵੀ ਦੁਬਾਰਾ ਪ੍ਰਕਿਰਿਆ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਉਨ੍ਹਾਂ ਦੀ ਸਬਸਿਡੀ ਪਹਿਲਾਂ ਦੀ ਤਰ੍ਹਾਂ ਹੀ ਬਿਨਾਂ ਕਿਸੇ ਰੁਕਾਵਟ ਦੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਆਉਂਦੀ ਰਹੇਗੀ।
ਜਿਨ੍ਹਾਂ ਦੀ KYC ਬਾਕੀ ਹੈ, ਉਹ ਤੁਰੰਤ ਕਰਨ ਇਹ ਕੰਮ
ਇਹ ਨਵਾਂ ਨਿਯਮ ਖਾਸ ਤੌਰ ‘ਤੇ ਉਨ੍ਹਾਂ ਖਪਤਕਾਰਾਂ ਲਈ ਬਹੁਤ ਜਰੂਰੀ ਹੈ, ਜਿਨ੍ਹਾਂ ਦੀ ਈ-ਕੇਵਾਈਸੀ (e-KYC) ਅਜੇ ਤੱਕ ਪੈਂਡਿੰਗ ਹੈ। ਜੇਕਰ ਕਿਸੇ ਕਾਰਨ ਕਰਕੇ ਤੁਹਾਡੀ e-KYC ਪ੍ਰਕਿਰਿਆ ਅਧੂਰੀ ਰਹਿ ਗਈ ਹੈ, ਤਾਂ 1 ਅਕਤੂਬਰ 2026 ਤੋਂ ਪਹਿਲਾਂ-ਪਹਿਲਾਂ ਆਪਣੀ ਸਬੰਧਤ ਗੈਸ ਏਜੰਸੀ ਨਾਲ ਸੰਪਰਕ ਕਰਕੇ ਜਾਂ ਅਧਿਕਾਰਤ ਮੋਬਾਈਲ ਐਪਲੀਕੇਸ਼ਨ ਰਾਹੀਂ ਬਾਇਓਮੈਟ੍ਰਿਕ ਆਧਾਰ ਆਥੈਂਟੀਕੇਸ਼ਨ ਜ਼ਰੂਰ ਪੂਰਾ ਕਰਵਾ ਲਵੋ। ਅਜਿਹਾ ਨਾ ਕਰਨ ਦੀ ਸਥਿਤੀ ਵਿੱਚ 1 ਅਕਤੂਬਰ ਤੋਂ ਬਾਅਦ ਸਿਲੰਡਰ ਬੁੱਕ ਕਰਨ ਜਾਂ ਸਬਸਿਡੀ ਪ੍ਰਾਪਤ ਕਰਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Ministry of Petroleum & Natural Gas: Biometric Aadhaar Authentication Mandatory for Subsidised Domestic LPG Refills from 1 October 2026. 27.43 crore consumers (89.9 per cent) have already completed authentication and need not do anything further. Authentication can be completed… pic.twitter.com/QOP5FYmrh0
— ANI (@ANI) September 19, 2026
e-KYC ਕਿਵੇਂ ਕਰਵਾਈਏ?
ਖਪਤਕਾਰ ਆਪਣੀ ਨੇੜਲੀ ਗੈਸ ਏਜੰਸੀ (ਜਿਵੇਂ ਕਿ ਇੰਡੇਨ, ਭਾਰਤ ਗੈਸ, ਜਾਂ ਐਚ.ਪੀ. ਗੈਸ) ਦੇ ਦਫ਼ਤਰ ਜਾ ਕੇ ਆਪਣੇ ਆਧਾਰ ਕਾਰਡ ਅਤੇ ਫਿੰਗਰਪ੍ਰਿੰਟ/ਚਿਹਰੇ ਦੀ ਸਕੈਨਿੰਗ ਰਾਹੀਂ ਇਹ ਪ੍ਰਕਿਰਿਆ ਆਸਾਨੀ ਨਾਲ ਪੂਰੀ ਕਰਵਾ ਸਕਦੇ ਹਨ। ਇਸ ਤੋਂ ਇਲਾਵਾ, ਤੇਲ ਕੰਪਨੀਆਂ ਦੀਆਂ ਅਧਿਕਾਰਤ ਐਪਸ ਰਾਹੀਂ ਵੀ ਘਰ ਬੈਠੇ ਈ-ਕੇਵਾਈਸੀ ਕਰਨ ਦੀ ਸੁਵਿਧਾ ਉਪਲਬਧ ਕਰਵਾਈ ਗਈ ਹੈ। ਸਰਕਾਰ ਵਲੋਂ ਸਾਰੇ ਬਾਕੀ ਰਹਿੰਦੇ ਖਪਤਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਮੇਂ ਸਿਰ ਆਪਣੀ ਪ੍ਰਕਿਰਿਆ ਪੂਰੀ ਕਰਨ, ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਦੀ ਰਸੋਈ ਗੈਸ ਸਪਲਾਈ ਅਤੇ ਸਬਸਿਡੀ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਵੇ।
















