ਪੰਜਾਬ ‘ਚ ਪੇਪਰ ਲੀਕ ਦੇ ਮਾਮਲੇ ‘ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਵੱਡਾ ਬਿਆਨ, ਕਿਹਾ..
ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਵਿਰੋਧੀਆਂ ਨੂੰ ਜਵਾਬ: “ਜੇਕਰ ਮੇਰੇ ਅਸਤੀਫੇ ਨਾਲ ਭਲਾ ਹੁੰਦਾ ਹੈ ਤਾਂ ਮੈਂ ਤਿਆਰ ਹਾਂ”- “ਮੇਰੇ ਤੋਂ ਪਹਿਲਾਂ ਕੋਈ ਸਿੱਖਿਆ ਮੰਤਰੀ ਬਣਨਾ ਨਹੀਂ ਸੀ ਚਾਹੁੰਦਾ”
ਚੰਡੀਗੜ੍ਹ, 23 ਜੁਲਾਈ 2026- ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਰੋਧੀ ਧਿਰਾਂ, ਖ਼ਾਸ ਕਰਕੇ ਕਾਂਗਰਸ ਪਾਰਟੀ ਵੱਲੋਂ ਪੰਜਾਬ ‘ਚ ਪੇਪਰ ਲੀਕ ਹੋਣ ਸਬੰਧੀ ਲਗਾਏ ਜਾ ਰਹੇ ਇਲਜ਼ਾਮਾਂ ਦਾ ਕਰਾਰਾ ਜਵਾਬ ਦਿੰਦਿਆਂ ਇਹਨਾਂ ਤਮਾਮ ਦਾਅਵਿਆਂ ਦਾ ਖੰਡਨ ਕੀਤਾ ਹੈ। ਹਰਜੋਤ ਬੈਂਸ ਨੇ ਸਾਫ਼ ਸ਼ਬਦਾਂ ਵਿੱਚ ਸਪਸ਼ਟ ਕੀਤਾ ਹੈ ਕਿ ਪੰਜਾਬ ਵਿੱਚ ਉਨ੍ਹਾਂ ਦੇ ਕਾਰਜਕਾਲ ਦੌਰਾਨ ਕੋਈ ਵੀ ਪ੍ਰੀਖਿਆ ਦਾ ਪੇਪਰ ਲੀਕ ਨਹੀਂ ਹੋਇਆ ਹੈ।
ਉਹਨਾਂ ਨੇ ਕਾਂਗਰਸ ਵੱਲੋਂ ਚੁੱਕੇ ਜਾ ਰਹੇ ਮੁੱਦੇ ‘ਤੇ ਬੋਲਦਿਆਂ ਕਿਹਾ ਕਿ ਜਿਸ ਮਾਮਲੇ ਨੂੰ ਵਿਰੋਧੀ ਪੇਪਰ ਲੀਕ ਦੱਸ ਰਹੇ ਹਨ, ਉਹ ਦਰਅਸਲ ਨਕਲ ਦਾ ਇੱਕ ਕੇਸ ਸੀ, ਨਾ ਕਿ ਪੇਪਰ ਲੀਕ ਦਾ। ਸਿੱਖਿਆ ਮੰਤਰੀ ਨੇ ਕਿਹਾ ਕਿ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ਦੀਆਂ ਸਿੱਖਿਆ ਦੇ ਖੇਤਰ ਵਿੱਚ ਪ੍ਰਾਪਤੀਆਂ ਨੂੰ ਨਕਾਰਨ ਲਈ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਹਰਜੋਤ ਬੈਂਸ ਨੇ ਚੁਣੌਤੀਪੂਰਨ ਲਹਿਜੇ ਵਿੱਚ ਕਿਹਾ, “ਮੇਰੇ ਕਾਰਜਕਾਲ ਦੌਰਾਨ ਕਦੇ ਵੀ ਕੋਈ ਪੇਪਰ ਲੀਕ ਨਹੀਂ ਹੋਇਆ।
ਵਿਰੋਧੀ ਬਿਨਾਂ ਵਜ੍ਹਾ ਮੁੱਦਾ ਬਣਾ ਰਹੇ ਹਨ। ਜੇਕਰ ਕਿਸੇ ਨੂੰ ਲੱਗਦਾ ਹੈ ਕਿ ਮੇਰੇ ਅਸਤੀਫਾ ਦੇਣ ਨਾਲ ਪੰਜਾਬ ਦਾ ਜਾਂ ਸਿੱਖਿਆ ਵਿਭਾਗ ਦਾ ਕੋਈ ਭਲਾ ਹੁੰਦਾ ਹੈ, ਤਾਂ ਮੈਂ ਅੱਜ ਹੀ ਅਸਤੀਫਾ ਦੇਣ ਲਈ ਤਿਆਰ ਹਾਂ।” ਆਪਣੇ ਅਹੁਦੇ ਅਤੇ ਵਿਭਾਗ ਬਾਰੇ ਗੱਲ ਕਰਦਿਆਂ ਹਰਜੋਤ ਬੈਂਸ ਨੇ ਕਿਹਾ, “ਮੈਂ ਇਕਲੌਤਾ ਅਜਿਹਾ ਸਿੱਖਿਆ ਮੰਤਰੀ ਹਾਂ ਜੋ ਹਰ ਮੰਚ ਅਤੇ ਹਰ ਸਟੇਜ ਤੋਂ ਇਹ ਗੱਲ ਬੜੇ ਗਰਵ ਨਾਲ ਕਹਿੰਦਾ ਹਾਂ ਕਿ ਮੈਂ ਰੋਜ਼ ਆਪਣੇ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਪਵਿੱਤਰ ਮਹਿਕਮਾ ਸੇਵਾ ਕਰਨ ਲਈ ਬਖਸ਼ਿਆ ਹੈ।”
ਉਹਨਾਂ ਪਿਛਲੀਆਂ ਸਰਕਾਰਾਂ ਦੇ ਸਮੇਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੱਕ ਸਮਾਂ ਅਜਿਹਾ ਸੀ ਜਦੋਂ ਪੰਜਾਬ ਦਾ ਕੋਈ ਵੀ ਨੇਤਾ ਜਾਂ ਮੰਤਰੀ ਸਿੱਖਿਆ ਮੰਤਰੀ ਬਣਨਾ ਹੀ ਨਹੀਂ ਚਾਹੁੰਦਾ ਸੀ, ਕਿਉਂਕਿ ਇਸ ਵਿਭਾਗ ਵਿੱਚ ਸੁਧਾਰ ਕਰਨਾ ਇੱਕ ਵੱਡੀ ਚੁਣੌਤੀ ਮੰਨਿਆ ਜਾਂਦਾ ਸੀ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਮਹਿਕਮੇ ਨੂੰ ਪਹਿਲ ਦੇ ਆਧਾਰ ‘ਤੇ ਲਿਆ ਹੈ।
ਆਪਣੀ ਕਾਰਜਪ੍ਰਣਾਲੀ ਦੀ ਉਦਾਹਰਨ ਦਿੰਦਿਆਂ ਸਿੱਖਿਆ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਇਤਿਹਾਸ ਵਿੱਚ ਅੱਜ ਤੱਕ ਕਿਸੇ ਵੀ ਸਿੱਖਿਆ ਮੰਤਰੀ ਨੇ ਜ਼ਮੀਨੀ ਹਕੀਕਤ ਜਾਣਨ ਲਈ ਖੁਦ ਜਾ ਕੇ ਸਕੂਲਾਂ ਦਾ ਦੌਰਾ (ਵਿਜਿਟ) ਨਹੀਂ ਕੀਤਾ ਹੋਵੇਗਾ, ਜਿੰਨਾ ਉਹਨਾਂ ਨੇ ਆਪ ਜਾ ਕੇ ਜਾਇਜ਼ਾ ਲਿਆ ਹੈ। ਉਹਨਾਂ ਕਿਹਾ ਕਿ ਉਹ ਖੁਦ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਸਮੱਸਿਆਵਾਂ ਸੁਣਦੇ ਹਨ ਅਤੇ ਮੌਕੇ ‘ਤੇ ਹੀ ਹੱਲ ਕਰਦੇ ਹਨ।
ਹਰਜੋਤ ਬੈਂਸ ਨੇ ਦਾਅਵਾ ਕੀਤਾ ਕਿ ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਆਏ ਇਨਕਲਾਬੀ ਸੁਧਾਰਾਂ ਦੀ ਤਾਰੀਫ਼ ਸਾਰੇ ਪ੍ਰਮੁੱਖ ਅਖਬਾਰਾਂ ਅਤੇ ਰਾਸ਼ਟਰੀ ਰਿਪੋਰਟਾਂ ਵਿੱਚ ਹੋ ਰਹੀ ਹੈ। ਵੱਖ-ਵੱਖ ਰਾਸ਼ਟਰੀ ਅਤੇ ਸੂਬਾ ਪੱਧਰੀ ਰਿਪੋਰਟਾਂ ਵਿੱਚ ਪੰਜਾਬ ਦੇ ਸਕੂਲਾਂ ਦਾ ਬੈਸਟ ਪ੍ਰਦਰਸ਼ਨ ਸਾਹਮਣੇ ਆਇਆ ਹੈ।
ਹੁਣ ਕੁੱਝ ਸਵਾਲ ਸਿੱਖਿਆ ਮੰਤਰੀ ਹਰਜੋਤ ਬੈਂਸ ਲਈ!
ਜੇਕਰ ਫਾਰਮੇਸੀ ਅਫ਼ਸਰਾਂ ਦੀ ਭਰਤੀ ਦਾ ਪੇਪਰ ਲੀਕ ਨਹੀਂ ਹੋਇਆ ਤਾਂ, ਬਾਹਰ ਬੈਠੇ ਗਿਰੋਹ ਨੂੰ ਕਿਵੇਂ ਪਤਾ ਚੱਲਿਆ ਕਿ ਪੇਪਰ ਵਿੱਚ ਕਿਹੜੇ ਪ੍ਰਸ਼ਨ ਆਏ?
ਜੇਕਰ ਪੇਪਰ ਲੀਕ ਨਹੀਂ ਹੋਇਆ ਤਾਂ, ਕੀ ਅੰਦਰੋਂ ਕੋਈ ਪੇਪਰ ਲੈ ਰਹੇ ਅਧਿਕਾਰੀ ਜਾਂ ਫਿਰ ਕਰਮਚਾਰੀ ਨੇ ਪ੍ਰਸ਼ਨ ਗਿਰੋਹ ਨੂੰ ਨੋਟ ਕਰਵਾਏ?
ਜੇਕਰ ਫਾਰਮੇਸੀ ਅਫ਼ਸਰਾਂ ਦੀ ਭਰਤੀ ਦਾ ਪੇਪਰ ਲੀਕ ਨਹੀਂ ਹੋਇਆ ਤਾਂ, ਪ੍ਰਸ਼ਨ ਗਿਰੋਹ ਕੋਲ ਪਹੁੰਚੇ ਕਿਵੇਂ?
















