Join WhatsApp

Join Now

Punjab Weather: ਪੰਜਾਬ ‘ਚ ਭਾਰੀ ਮੀਂਹ ਦਾ ਕਹਿਰ! ਡਿੱਗੀਆਂ ਘਰਾਂ ਦੀਆਂ ਛੱਤਾਂ

On: ਜੁਲਾਈ 24, 2026 9:20 ਪੂਃ ਦੁਃ

 

Punjab Weather: ਪੰਜਾਬ ‘ਚ ਭਾਰੀ ਮੀਂਹ ਦਾ ਕਹਿਰ! ਕਲਾਨੌਰ ਦੇ ਪਿੰਡ ਵਡਾਲਾ ਬਾਂਗਰ ‘ਚ ਦੋ ਮੰਜਿ਼ਲਾ ਮਕਾਨ ਦੀਆਂ ਛੱਤਾਂ ਡਿੱਗੀਆਂ, ਇੱਕ ਪਰਿਵਾਰਕ ਮੈਂਬਰ ਜ਼ਖਮੀ

ਕਲਾਨੌਰ, 24 ਜੁਲਾਈ 2026 –

Punjab Weather: ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਭਾਰੀ ਬਾਰਿਸ਼ ਆਮ ਲੋਕਾਂ ਲਈ ਵੱਡੀ ਮੁਸੀਬਤ ਦਾ ਸਬੱਬ ਬਣਦੀ ਜਾ ਰਹੀ ਹੈ। ਜਿੱਥੇ ਇਸ ਬਾਰਿਸ਼ ਕਾਰਨ ਆਮ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਉੱਥੇ ਹੀ ਆਰਥਿਕ ਤੌਰ ‘ਤੇ ਕਮਜ਼ੋਰ ਅਤੇ ਗਰੀਬ ਪਰਿਵਾਰਾਂ ਲਈ ਇਹ ਮੌਸਮ ਆਫ਼ਤ ਬਣ ਕੇ ਵਰ੍ਹ ਰਿਹਾ ਹੈ। ਅਜਿਹਾ ਹੀ ਇੱਕ ਬੇਹੱਦ ਦੁਖਦਾਈ ਮਾਮਲਾ ਥਾਣਾ ਕਲਾਨੌਰ ਦੇ ਅਧੀਨ ਆਉਂਦੇ ਪਿੰਡ ਵਡਾਲਾ ਬਾਂਗਰ ਤੋਂ ਸਾਹਮਣੇ ਆਇਆ ਹੈ, ਜਿੱਥੇ ਲਗਾਤਾਰ ਹੋ ਰਹੀ ਬਾਰਿਸ਼ ਦੇ ਚੱਲਦਿਆਂ ਇੱਕ ਗਰੀਬ ਪਰਿਵਾਰ ਦੇ ਦੋ ਮੰਜ਼ਿਲਾਂ ਮਕਾਨ ਦੀਆਂ ਦੋਵੇਂ ਛੱਤਾਂ ਅਚਾਨਕ ਢਹਿ-ਢੇਰੀ ਹੋ ਗਈਆਂ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਲਗਾਤਾਰ ਪੈ ਰਹੇ ਮੀਂਹ ਕਰਕੇ ਘਰ ਦੀਆਂ ਕੰਧਾਂ ਅਤੇ ਛੱਤਾਂ ਵਿੱਚ ਸਲਾਬ ਆਉਣ ਨਾਲ ਮਕਾਨ ਬੇਹੱਦ ਕਮਜ਼ੋਰ ਹੋ ਗਿਆ ਸੀ। ਅਚਾਨਕ ਮਕਾਨ ਦੀ ਉੱਪਰਲੀ ਅਤੇ ਹੇਠਲੀ ਦੋਵੇਂ ਛੱਤਾਂ ਇੱਕ-ਇੱਕ ਕਰਕੇ ਥੱਲੇ ਆ ਡਿੱਗੀਆਂ। ਇਸ ਭਿਆਨਕ ਹਾਦਸੇ ਦੌਰਾਨ ਘਰ ਦਾ ਮੈਂਬਰ ਕਮਲਦੀਪ ਸਿੰਘ ਮਲਬੇ ਹੇਠਾਂ ਆਉਣ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਹਾਦਸੇ ਦੇ ਸਮੇਂ ਪਰਿਵਾਰ ਦੇ ਹੋਰ ਮੈਂਬਰ ਵੀ ਘਰ ਅੰਦਰ ਹੀ ਮੌਜੂਦ ਸਨ।

ਛੱਤਾਂ ਡਿੱਗਣ ਦੀ ਜ਼ੋਰਦਾਰ ਆਵਾਜ਼ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਪਰਿਵਾਰਕ ਮੈਂਬਰਾਂ ਵਿੱਚ ਚੀਕ-ਚਿਹਾਰਾ ਮੱਚ ਗਿਆ। ਆਸ-ਪਾਸ ਦੇ ਲੋਕਾਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਮਲਬੇ ਹੇਠਾਂ ਦੱਬੇ ਕਮਲਦੀਪ ਸਿੰਘ ਨੂੰ ਬਾਹਰ ਕੱਢਿਆ। ਇਸ ਹਾਦਸੇ ਵਿੱਚ ਜਿੱਥੇ ਇੱਕ ਵਿਅਕਤੀ ਜ਼ਖਮੀ ਹੋਇਆ ਹੈ, ਉੱਥੇ ਹੀ ਘਰ ਅੰਦਰ ਪਿਆ ਕੀਮਤੀ ਸਾਮਾਨ, ਰਾਸ਼ਨ, ਬਿਸਤਰੇ ਅਤੇ ਫਰਨੀਚਰ ਮਲਬੇ ਹੇਠਾਂ ਦੱਬ ਕੇ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ।

ਦੋਵੇਂ ਛੱਤਾਂ ਡਿੱਗਣ ਕਰਕੇ ਪਰਿਵਾਰ ਸਿਰ ਤੋਂ ਛੱਤ ਖੋਹ ਜਾਣ ਕਰਕੇ ਬੇਘਰ ਹੋ ਗਿਆ ਹੈ। ਮੌਜੂਦਾ ਸਮੇਂ ਵਿੱਚ ਪਰਿਵਾਰ ਲਈ ਰਹਿਣ-ਸਹਿਣ ਦਾ ਬਹੁਤ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ ਅਤੇ ਉਹ ਇਸ ਖਰਾਬ ਮੌਸਮ ਵਿੱਚ ਖੁੱਲ੍ਹੇ ਆਸਮਾਨ ਹੇਠ ਜਾਂ ਗੁਆਂਢੀਆਂ ਦੇ ਸਹਾਰੇ ਦਿਨ ਕੱਟਣ ਲਈ ਮਜਬੂਰ ਹਨ।

ਪੀੜਤ ਪਰਿਵਾਰ ਦੇ ਮੈਂਬਰਾਂ ਨੇ ਦੁੱਖ ਪ੍ਰਗਟਾਉਂਦਿਆਂ ਦੱਸਿਆ ਕਿ ਉਹ ਬਹੁਤ ਹੀ ਗਰੀਬ ਹਨ ਅਤੇ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ। ਉਨ੍ਹਾਂ ਦੀ ਆਰਥਿਕ ਸਥਿਤੀ ਇੰਨੀ ਮਜ਼ਬੂਤ ਨਹੀਂ ਹੈ ਕਿ ਉਹ ਆਪਣੇ ਪੱਧਰ ‘ਤੇ ਇਸ ਨੁਕਸਾਨ ਦੀ ਭਰਪਾਈ ਕਰ ਸਕਣ ਜਾਂ ਘਰ ਦੀ ਦੋਬਾਰਾ ਮੁਰੰਮਤ ਤੇ ਉਸਾਰੀ ਕਰਵਾ ਸਕਣ।

ਪਰਿਵਾਰ ਨੇ ਪੰਜਾਬ ਸਰਕਾਰ, ਮੁੱਖ ਮੰਤਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਮੌਕੇ ‘ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਭੇਜ ਕੇ ਨੁਕਸਾਨ ਦਾ ਜਾਇਜ਼ਾ ਲਿਆ ਜਾਵੇ। ਉਨ੍ਹਾਂ ਅਪੀਲ ਕੀਤੀ ਹੈ ਕਿ ਪਰਿਵਾਰ ਨੂੰ ਤੁਰੰਤ ਮੁਆਵਜ਼ਾ ਅਤੇ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਜਾਵੇ, ਤਾਂ ਜੋ ਉਹ ਆਪਣੇ ਮਕਾਨ ਦੀ ਮੁੜ ਉਸਾਰੀ ਕਰਵਾ ਸਕਣ। ਇਸ ਤੋਂ ਇਲਾਵਾ, ਗਰੀਬ ਪਰਿਵਾਰ ਨੇ ਸਰਕਾਰ ਕੋਲੋਂ ਜ਼ਖਮੀ ਹੋਏ ਕਮਲਦੀਪ ਸਿੰਘ ਦੇ ਸਰਕਾਰੀ ਖਰਚੇ ‘ਤੇ ਮੁਫ਼ਤ ਅਤੇ ਉੱਚਿਤ ਇਲਾਜ ਦੀ ਵੀ ਗੁਹਾਰ ਲਗਾਈ ਹੈ।

 

 

Leave a Comment