ਵੱਡੀ ਖ਼ਬਰ: CM ਮਾਨ ਦੀ ਕੋਠੀ ਅੱਗੇ ਆਸ਼ਾ ਵਰਕਰਾਂ ਦੀ “ਡੰਡਿਆਂ ਨਾਲ ਸੇਵਾ”! ਪੁਲਿਸ ਨੇ ਖਿੱਚ-ਧੂਹ ਕਰਕੇ ਕੀਤਾ “ਸਨਮਾਨ”- ਕਈ ਵਰਕਰਾਂ ਦੀ ਸਿਹਤ ਵਿਗੜੀ
ਮੰਗਾਂ ਨੂੰ ਲੈ ਕੇ ਆਸ਼ਾ ਵਰਕਰਾਂ ਦਾ ਜ਼ੋਰਦਾਰ ਪ੍ਰਦਰਸ਼ਨ: ਪੁਲੀਸ ਨਾਲ ਖਿੱਚ-ਧੂਹ ਦੌਰਾਨ ਕਈ ਵਰਕਰਾਂ ਹੋਈਆਂ ਬੇਹੋਸ਼, CM ਨਾਲ ਮੀਟਿੰਗ ਦੇ ਭਰੋਸੇ ਬਾਅਦ ਧਰਨਾ ਖ਼ਤਮ
ਸੰਗਰੂਰ, 25 ਜੁਲਾਈ 2026 – ਪੰਜਾਬ ਦੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਵੱਲੋਂ ਆਪਣੀਆਂ ਲਮਕਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਆਸ਼ਾ ਵਰਕਰਾਂ ਅਤੇ ਪੁਲੀਸ ਪ੍ਰਸ਼ਾਸਨ ਵਿਚਕਾਰ ਜ਼ਬਰਦਸਤ ਖਿੱਚ-ਧੂਹ, ਧੱਕਾ-ਮੁੱਕੀ ਅਤੇ ਤਕਰਾਰ ਦੇਖਣ ਨੂੰ ਮਿਲੀ। ਇਸ ਹੰਗਾਮੇ ਦੌਰਾਨ ਕਈ ਆਸ਼ਾ ਵਰਕਰਾਂ ਅਤੇ ਮਹਿਲਾ ਪੁਲੀਸ ਮੁਲਾਜ਼ਮ ਜ਼ਮੀਨ ‘ਤੇ ਡਿੱਗ ਗਈਆਂ, ਜਦਕਿ ਕੁੱਝ ਵਰਕਰਾਂ ਦੀ ਤਬੀਅਤ ਵਿਗੜਨ ਕਰਕੇ ਉਹ ਬੇਹੋਸ਼ ਹੋ ਗਈਆਂ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਨੇੜਲੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਗੌਰਤਲਬ ਹੈ ਕਿ ਕਰੀਬ ਇੱਕ ਘੰਟੇ ਤੱਕ ਮੌਕੇ ‘ਤੇ ਵਾਰ-ਵਾਰ ਖਿੱਚ-ਧੂਹ ਹੁੰਦੀ ਰਹੀ ਅਤੇ ਸਥਿਤੀ ਬੇਹੱਦ ਤਣਾਅਪੂਰਨ ਬਣੀ ਰਹੀ। ਹਾਲਾਂਕਿ, ਬਰਨਾਲਾ ਲਾਠੀਚਾਰਜ ਦੀ ਘਟਨਾ ਤੋਂ ਬਾਅਦ ਅੱਜ ਪੁਲੀਸ ਦਾ ਰੁਖ਼ ਕਾਫ਼ੀ ਨਰਮ ਨਜ਼ਰ ਆਇਆ ਅਤੇ ਪੁਲੀਸ ਮੁਲਾਜ਼ਮਾਂ ਨੇ ਪੂਰਾ ਸਬਰ ਬਣਾ ਕੇ ਰੱਖਿਆ। ਪ੍ਰਦਰਸ਼ਨਕਾਰੀ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰ ਸੂਬਾ ਪ੍ਰਧਾਨ ਕਿਰਨਜੀਤ ਕੌਰ ਪੰਜੋਲਾ ਦੀ ਅਗਵਾਈ ਹੇਠ ਇਕੱਠੀਆਂ ਹੋਈਆਂ ਸਨ। ਸਰਕਾਰ ਨੂੰ ਨੀਂਦ ਤੋਂ ਜਗਾਉਣ ਲਈ ਉਨ੍ਹਾਂ ਵੱਲੋਂ ਇੱਕ ‘ਜਾਗੋ ਰੈਲੀ’ ਦਾ ਆਯੋਜਨ ਕੀਤਾ ਗਿਆ ਸੀ।
ਕੌਮੀ ਹਾਈਵੇਅ-7 ਦੇ ਪਟਿਆਲਾ ਬਾਈਪਾਸ ਓਵਰਬਰਿੱਜ ਹੇਠਾਂ ਇੱਕਤਰ ਹੋ ਕੇ ਰੈਲੀ ਕਰਨ ਮਗਰੋਂ, ਜਿਵੇਂ ਹੀ ਵਰਕਰਾਂ ਰੋਸ ਮਾਰਚ ਕਰਦੀਆਂ ਹੋਈਆਂ ਜਾਗੋ ਚੁੱਕ ਕੇ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਮੁੱਖ ਗੇਟ ਨੇੜੇ ਪੁੱਜੀਆਂ, ਤਾਂ ਉੱਥੇ ਪਹਿਲਾਂ ਤੋਂ ਹੀ ਵੱਡੀ ਤਾਦਾਦ ਵਿਚ ਤਾਇਨਾਤ ਪੁਲੀਸ ਬਲ ਨੇ ਬੈਰੀਕੇਡਿੰਗ ਅਤੇ ਨਾਕੇਬੰਦੀ ਕਰਕੇ ਉਨ੍ਹਾਂ ਨੂੰ ਰੋਕ ਲਿਆ।
ਜਿਉਂ ਹੀ ਆਸ਼ਾ ਵਰਕਰਾਂ ਨੇ ਪੁਲੀਸ ਨਾਕੇਬੰਦੀ ਨੂੰ ਧੱਕ ਕੇ ਅੱਗੇ ਵਧਣ ਦਾ ਯਤਨ ਕੀਤਾ, ਦੋਵਾਂ ਧਿਰਾਂ ਵਿਚਕਾਰ ਜ਼ਬਰਦਸਤ ਝੜਪ ਅਤੇ ਖਿੱਚ-ਧੂਹ ਸ਼ੁਰੂ ਹੋ ਗਈ। ਇਸ ਦੌਰਾਨ ਰੋਸ ਵਿੱਚ ਆਈਆਂ ਆਸ਼ਾ ਵਰਕਰਾਂ ਨੇ ਮਹਿਲਾ ਪੁਲੀਸ ਮੁਲਾਜ਼ਮਾਂ ਦੇ ਹੱਥੋਂ ਡੰਡੇ ਤੱਕ ਖੋਹ ਲਏ। ਲਗਪਗ ਇੱਕ ਘੰਟੇ ਤੱਕ ਮਾਹੌਲ ਪੂਰੀ ਤਰ੍ਹਾਂ ਸੰਵੇਦਨਸ਼ੀਲ ਬਣਿਆ ਰਿਹਾ ਅਤੇ ਵਰਕਰਾਂ ਵਾਰ-ਵਾਰ ਅੱਗੇ ਵਧਣ ਦੀ ਕੋਸ਼ਿਸ਼ ਕਰਦੀਆਂ ਰਹੀਆਂ।
ਮੌਕੇ ‘ਤੇ ਮੌਜੂਦ ਐਸ.ਪੀ. ਨਵਰੀਤ ਸਿੰਘ ਵਿਰਕ ਅਤੇ ਐਸ.ਪੀ. ਦਵਿੰਦਰ ਅੱਤਰੀ ਵੱਲੋਂ ਵਾਰ-ਵਾਰ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਕੇ ਮੀਟਿੰਗ ਤੈਅ ਕਰਾਉਣ ਦੇ ਯਤਨ ਕੀਤੇ ਗਏ, ਪਰ ਵਰਕਰ ਆਪਣੀ ਮੰਗ ‘ਤੇ ਅੜੀਆਂ ਰਹੀਆਂ। ਉਹ ਮੁੱਖ ਮੰਤਰੀ ਦੀ ਕੋਠੀ ਅੱਗੇ ਹੀ ਜਾਗੋ ਕੱਢਣ ਲਈ ਬਜ਼ਿੱਦ ਸਨ।
18 ਸਾਲਾਂ ਤੋਂ ਸੇਵਾਵਾਂ ਦੇਣ ਦੇ ਬਾਵਜੂਦ ਹੱਕਾਂ ਤੋਂ ਵਾਂਝੀਆਂ: ਯੂਨੀਅਨ
ਇਸ ਮੌਕੇ ਸੂਬਾ ਪ੍ਰਧਾਨ ਕਿਰਨਜੀਤ ਕੌਰ ਪੰਜੋਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਸ਼ਾ ਵਰਕਰਾਂ ਪਿਛਲੇ 18 ਸਾਲਾਂ ਤੋਂ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਵਜੋਂ ਰਾਜ ਵਿੱਚ ਸੇਵਾਵਾਂ ਨਿਭਾ ਰਹੀਆਂ ਹਨ। ਕੋਵਿਡ ਮਹਾਂਮਾਰੀ ਵਰਗੇ ਭਿਆਨਕ ਸਮੇਂ ਸਮੇਤ ਹਰ ਸਰਕਾਰੀ ਸਿਹਤ ਮੁਹਿੰਮ ਵਿੱਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਇਸ ਦੇ ਬਾਵਜੂਦ ਸਰਕਾਰ ਵੱਲੋਂ ਨਾ ਤਾਂ ਉਨ੍ਹਾਂ ਨੂੰ ਬਣਦਾ ਮਾਣਭੱਤਾ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਕੋਈ ਸੇਵਾ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ।
ਉਨ੍ਹਾਂ ਮੰਗ ਕੀਤੀ ਕਿ, ਆਸ਼ਾ ਵਰਕਰਾਂ ਦੇ ਮਾਣਭੱਤੇ ਵਿੱਚ ਤੁਰੰਤ ਵਾਧਾ ਕੀਤਾ ਜਾਵੇ। ਪੱਕੀ ਸੇਵਾ ਸੁਰੱਖਿਆ ਯਕੀਨੀ ਬਣਾਈ ਜਾਵੇ। ਸਮਾਜਿਕ ਸੁਰੱਖਿਆ ਸਹੂਲਤਾਂ (ਪੈਨਸ਼ਨ, ਬੀਮਾ ਆਦਿ) ਮੁਹੱਈਆ ਕਰਵਾਈਆਂ ਜਾਣ। ਬਕਾਇਆ ਲੰਬਿਤ ਮੰਗਾਂ ਦਾ ਜਲਦ ਨਿਪਟਾਰਾ ਕੀਤਾ ਜਾਵੇ। ਇਸ ਪ੍ਰਦਰਸ਼ਨ ਦੌਰਾਨ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਅਤੇ ਸੂਬਾ ਆਗੂ ਅਵਤਾਰ ਸਿੰਘ ਗੰਢੂਆਂ ਨੇ ਵੀ ਸ਼ਿਰਕਤ ਕਰਦਿਆਂ ਆਸ਼ਾ ਵਰਕਰਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਕੀਤੀ।
ਕਾਫ਼ੀ ਸਮੇਂ ਦੀ ਤਕਰਾਰ ਤੋਂ ਬਾਅਦ ਆਖ਼ਰਕਾਰ ਪੁਲੀਸ ਅਤੇ ਪ੍ਰਸ਼ਾਸਨ ਨਾਲ ਬਣੀ ਸਹਿਮਤੀ ਮਗਰੋਂ 11 ਆਸ਼ਾ ਵਰਕਰਾਂ ਦਾ ਇੱਕ ਨੁਮਾਇੰਦਾ ਵਫ਼ਦ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਸਿਹਤ ਮੰਤਰੀ ਦੀਆਂ ਤਸਵੀਰਾਂ ਚੁੱਕ ਕੇ ਸੜਕ ਉੱਪਰ ਲਗਾਏ ਬੈਰੀਕੇਡਾਂ ਨੇੜੇ ਪੁੱਜਿਆ ਅਤੇ ਉੱਥੇ ਹੀ ਜਾਗੋ ਕੱਢ ਕੇ ਰੋਸ ਪ੍ਰਗਟਾਇਆ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਸ਼ਾ ਵਰਕਰਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ 11 ਅਗਸਤ ਦੀ ਸਰਕਾਰੀ ਮੀਟਿੰਗ ਤੈਅ ਕਰਵਾਈ ਗਈ। ਮੀਟਿੰਗ ਦਾ ਲਿਖਤੀ ਭਰੋਸਾ ਮਿਲਣ ਤੋਂ ਬਾਅਦ ਆਸ਼ਾ ਵਰਕਰਾਂ ਨੇ ਆਪਣਾ ਪ੍ਰਦਰਸ਼ਨ ਸਮਾਪਤ ਕਰਨ ਦਾ ਐਲਾਨ ਕੀਤਾ।
















